Thursday, September 10, 2009

ਸੰਪਾਦਕੀ

ਜਿੰਦਗੀ ਦੇ ਬੀਜ: ਘੁੱਪ ਹਨੇਰੇ 'ਚ ਆਸ ਦੀ ਕਿਰਨ
ਕੁਦਰਤ ਦੇ ਨਾਲ ਇੱਕਮਿੱਕ ਹੋ ਕੇ ਕੁਦਰਤੀ ਸੋਮਿਆਂ ਦੀ ਪੁਨਰ-ਸੁਰਜੀਤੀ ਦਾ ਕੰਮ, ਕਠਿਨ ਤਪ ਹੀ ਤਾਂ ਹੈ। ਜੇ ਕੁਦਰਤ ਨੂੰ ਅਸੀਂ ਮਾਂ ਆਖਦੇ ਹਾਂ ਤਾਂ ਉਸਦੀਆਂ ਨੇਮਤਾਂ ਦਾ ਸਤਿਕਾਰ ਤੇ ਉਹਨਾਂ ਦੀ ਸੰਭਾਲ ਕਰਨਾ ਸਾਡਾ ਪਹਿਲਾ ਫਰਜ਼ ਹੈ ਤੇ ਉਹਨਾਂ ਦੀ ਪੁਨਰ ਸੁਰਜੀਤੀ ਦਾ ਮੁੱਖ ਆਧਾਰ ਵੀ। ਕੁਦਰਤ ਨੂੰ ਨੌ ਨਿਧੀਆਂ ਤੇ ਅਪਾਰ ਰਤਨਾਂ ਨਾਲ ਅਮੀਰ ਬਣਾਉਣਾ ਓਨਾਂ ਹੀ ਜ਼ਰੂਰੀ ਹੈ ਜਿੰਨਾਂ ਕਿਸੇ ਘਰ ਦੀ ਖੁਸ਼ਹਾਲੀ 'ਚ ਇਜ਼ਾਫਾ ਕਰਨ ਲਈ ਘਰ ਵਿੱਚ ਮਾਂ ਦਾ ਖੁਸ਼ਹਾਲ ਹੋਣਾਂ।
ਇਹ ਕੁਦਰਤ ਦਾ ਕੰਮ ਹੈ। ਇਸ ਵਾਸਤੇ ਸਹਿਜ ਅਤੇ ਸਬਰ ਬਹੁਤ ਜ਼ਰੂਰੀ ਹੈ। ਸਾਡਾ ਲਾਇਆ ਬੂਟਾ ਇੱਕ ਹੀ ਦਿਨ ਵਿੱਚ ਰੁੱਖ ਨਹੀਂ ਬਣ ਜਾਂਦਾ ਤੇ ਰੁੱਖ ਇੱਕ ਹੀ ਦਿਨ ਪੱਕੇ ਹੋਏ ਫਲ ਨਹੀਂ ਦੇ ਦਿੰਦਾ। ਸਮੇਂ ਦਾ ਪਾਲਣ ਕੁਦਰਤ ਦਾ ਅਟੁੱਟ ਨਿਯਮ ਹੈ। ਕੁਦਰਤੀ ਸੋਮਿਆਂ ਦੀ ਪੁਨਰ-ਸੁਰਜੀਤੀ ਦਾ ਨੇਕ ਕਾਰਜ ਵੀ ਅਜਿਹੇ ਹੀ ਸਬਰ ਸੰਤੋਖ ਦੀ ਮੰਗ ਕਰਦਾ ਹੈ। ਏਸੇ ਕਾਰਨ ਹੀ ਇਹ ਇੱਕ ਕਠਿਨ ਤਪ ਦੇ ਤੁੱਲ ਹੈ। ਪਰ ਕੀ ਇਹ ਤਪ ਹਰ ਕੋਈ ਕਰ ਸਕਦਾ ਹੈੈ, ਤੇ ਉਹ ਵੀ ਸਹਿਜ ਰਹਿੰਦਿਆਂ? ਇਸ ਸਵਾਲ ਦਾ ਜਵਾਬ ਲੱਭਣਾ ਪਵੇਗਾ।
ਕੁਦਰਤ ਸੁਭਾਵਿਕ ਪੱਖ ਤੋਂ ਹੀ ਇਸਤ੍ਰੀ ਮਨ ਦੀ ਸਹਿਜ ਪ੍ਰਤੀਕ ਹੈ। ਉਹ ਮਾਂ ਵਾਂਗੂ ਸਮੂਹ ਜੀਵਾਂ ਦਾ ਪਾਲਣ-ਪੋਸ਼ਣ ਕਰਦੀ ਹੈ। ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ। ਕੁਦਰਤ ਦੀ ਪੀੜਾ ਤੇ ਉਸ ਪੀੜਾ ਦੇ ਦਰਦ ਨੂੰ ਇੱਕ ਇਸਤ੍ਰੀ ਮਨ ਹੀ ਸਮਝ ਸਕਦਾ ਹੈ ਅਤੇ ਉਸਨੂੰ ਇਸ ਪੀੜਾ ਤੋਂ ਨਿਜ਼ਾਤ ਦਿਵਾਉਣ ਲਈ ਸਾਰਥਕ ਯਤਨ ਕਰਨ ਨੂੰ ਵੀ ਆਪਣਾ ਮੁਢਲਾ ਕਰਤਵ ਬਣਾ ਸਕਦਾ ਹੈ।
ਦੁਨੀਆ ਭਰ ਵਿੱਚ ਜਿੱਥੇ ਵੀ ਕੁਦਰਤੀ ਸੋਮਿਆਂ ਦੀ ਪੁਨਰ-ਸੁਰਜੀਤੀ ਦੇ ਜਿੰਨੇ ਵੀ ਯਤਨ ਹੋਏ ਹਨ, ਉਹਨਾ ਦੀ ਸਫਲਤਾ ਦੇ ਮੁੱਢ ਵਿੱਚ ਇਸਤ੍ਰੀਆਂ ਦੀ ਅਹਿਮ ਭੂਮਿਕਾ ਰਹੀ ਹੈ। ਫਿਰ ਚਾਹੇ ਗੱਲ ਹੋਵੇ, ਚਿਪਕੋ ਅੰਦੋਲਨ ਤੋਂ ਲੈ ਕੇ ਪਹਾੜ 'ਤੇ ਪਾਣੀ ਪਹੁੰਚਾਉਣ ਦੀ ਘਾਲਣਾ-ਘਾਲਣ ਦੀ ਤੇ ਜਾਂ ਫਿਰ ਰਾਜਸਥਾਨ 'ਚ ਚਰਾਂਦਾ ਨੂੰ ਮੁੜ ਸੁਰਜੀਤ ਕਰਨ ਤੋਂ ਲੈ ਕੇ ਹਜ਼ਾਰਾਂ ਤਾਲਾਅ ਬਣਾ ਕੇ ਪਾਣੀ ਖੁਣੋਂ ਮਰ ਚੁੱਕੀਆਂ ਨਦੀਆਂ ਨੂੰ ਮੁੜ ਜਿਉਂਦਾ ਕਰਨ ਦੇ ਤਪ ਦੀ।
ਪੰਜਾਬ ਵਿੱਚ ਵੀ ਪਿਛਲੇ ਕੁੱਝ ਸਮੇਂ ਦੌਰਾਨ, ਬਦਹਾਲ ਹੋਈ ਕੁਦਰਤ ਨੂੰ ਮੁੜ ਤੋਂ ਗੌਰਵਮਈ ਤੇ ਜੀਵਨਦਾਇਨੀ ਬਣਾਉਣ ਦੇ ਯਤਨ ਅਕਾਰ ਲੈ ਰਹੇ ਨੇ।
ਜੇ ਰਤਾ ਕੁ ਗੌਰ ਨਾਲ ਵਾਚੀਏ ਤਾਂ ਅੱਜ ਜ਼ਹਿਰਾਂ ਨੇ ਖੇਤਾਂ ਤੋਂ ਲੈਕ ਸਾਡੀਆਂ ਰਸੋਈਆਂ ਤੱਕ ਸਭ ਕੁੱਝ ਪਲੀਤ ਕਰ ਦਿੱਤਾ ਹੈ। ਪਾਣੀ ਬਰਬਾਦ ਹੋ ਗਏ ਨੇ ਖੇਤਾਂ ਵਿੱਚੋਂ ਜੀਵਨ ਦੀ ਉਮੰਗ ਨਹੀਂ ਕੈਂਸਰ ਫੁੱਟਦਾ ਹੈ। ਸਾਡੀ ਸਾਰੀ ਖੇਤੀੇ- ਸਾਡੇ ਸੱਭਿਆਚਾਰ, ਕਦਰਾਂ-ਕੀਮਤਾਂ, ਭਾਈਚਾਰਕ ਸਹਿਹੋਂਦ ਅਤੇ ਮਨੁਖਤਾ ਤੋਂ ਕਿਤੇ ਦੂਰ ਸਿਰਫ ਬਜ਼ਾਰ, ਤਕਨੀਕ ਅਤੇ ਕੰਪਨੀਆਂ ਦੇ ਕਬਜੇ ਵਿੱਚ ਚਲੀ ਗਈ ਹੈ ਤੇ ਲੋਕਾਂ ਦਾ ਮਾਨਸ ਵੀ।
ਸੋ ਪੰਜਾਬ ਵਿੱਚ ਕੁਦਰਤੀ ਸੋਮਿਆਂ ਦੇ ਪੁਨਰ ਸੁਰਜੀਤੀ ਦਾ ਕੰਮ ਆਪਣੇ-ਆਪ ਵਿੱਚ ਇੱਕ ਵੱਡੀ ਚੁਣੌਤੀ ਹੈ। ਇਹਦੇ ਲਈ ਓਨੇਂ ਹੀ ਸਹਿਜ ਅਤੇ ਸਬਰ ਦੀ ਲੋੜ ਹੈ। ਇਸ ਲਈ ਇਹਦੇ ਵਿੱਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਕਿ ਹੁਣ ਜਿੰਦਗੀ ਅਤੇ ਕੁਦਰਤ ਦੀਆਂ ਟੁੱਟੀਆਂ ਕੜੀਆਂ ਜੋੜਨ ਦਾ ਕੰਮ ਇਸਤ੍ਰੀਆਂ ਨੇ ਆਪਣੇ ਹੱਥ ਵਿੱਚ ਲੈ ਲਿਆ ਹੈ। ਬਰਨਾਲੇ ਜ਼ਿਲ੍ਹੇ ਦੇ ਪਿੰਡ ਭੋਤਨੇ 'ਚ ਜਨਮੀ ਇਸਤ੍ਰੀਆਂ ਦੀ ਇਹ ਲਹਿਰ ਪੰਜਾਬ ਦੇ ਕੁੱਝ ਹੋਰਨਾਂ ੰਿਪੰਡਾ ਵਿੱਚ ਵੀ ਖੜੀ ਹੋਣੀ ਸ਼ੁਰੂ ਹੋ ਚੁੱਕੀ ਹੈ। ਜਿਸ ਇਮਾਨਦਾਰੀ, ਉਤਸ਼ਾਹ, ਲਗਨ ਆਸ ਤੇ ਦ੍ਰਿੜਤਾ ਨਾਲ ਇਹ ਕੰਮ ਸ਼ੁਰੂ ਹੋਇਆ ਹੈ, ਸਾਨੂੰ ਵਿਸ਼ਵਾਸ਼ ਹੈ ਕਿ ਛੇਤੀ ਹੀ ਇਹ, ਸਾਰੇ ਪੰਜਾਬ ਵਾਤਾਵਰਣ ਨੂੰ ਸਮਰਪਿਤ ਇਸਤ੍ਰੀਆਂ ਦੀ ਇੱਕ ਸਿਰਜਣਾਤਮਕ ਲਹਿਰ ਬਣਨ ਵਿੱਚ ਕਾਮਯਾਬ ਹੋਵੇਗੀ। ਜਿਹਨਾਂ ਬੀਬੀਆਂ ਨੇ ਕੁਦਰਤ ਦੀ ਸੇਵਾ ਦੇ ਅਤੇ ਪੁਨਰ-ਸੁਰਜੀਤੀ ਦੇ ਇਸ ਕੰਮ ਨੂੰ ਆਪਣੇ ਹੱਥ ਵਿੱਚ ਲਿਆ ਹੈ ਉਹਨਾਂ ਨੇ ਸੰਕਲਪ ਕੀਤਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਜ਼ਹਿਰਮੁਕਤ ਅਨਾਜ ਤੇ ਸਬਜੀਆਂ ਦੇ ਰੂਪ ਵਿੱਚ ਸਿਹਤਮੰਦ ਭੋਜਨ ਖਾਣ ਲਈ ਦੇਣਗੀਆਂ। ਉਹਨਾ ਨੇ ਘਰਾਂ ਵਿੱਚ ਜ਼ਹਿਰ ਮੁਕਤ ਸਬਜ਼ੀਆਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਬੀਜ ਸੰਭਾਲਣ ਦਾ ਕੰਮ ਵੀ ਆਪਣੇ ਜਿੰਮੇ ਲੈ ਲਿਆ ਹੈ। ਰਵਾਇਤੀ ਖਾਣੇ ਉਹਨਾਂ ਦੇ ਚੌਂਕੇ ਦਾ ਸ਼ਿੰਗਾਰ ਬਣਨੇ ਸ਼ੁਰੂ ਹੋ ਚੁੱਕੇ ਹਨ। ਤਰ੍ਹਾਂ-ਤਰ੍ਹਾਂ ਦੇ ਭੂਤ ਪਿੰਨਿਆਂ ਤੋਂ ਲੈ ਕੇ ਕਈ ਤਰ੍ਹਾਂ ਦੇ ਰਵਾਇਤੀ ਸ਼ਰਬਤ Àਹਨਾਂ ਦੇ ਘਰਾਂ ਦੀ ਸ਼ੋਭਾ ਵਧਾ ਰਹੇ ਹਨ। ਜਵਾਰ, ਬਾਜ਼ਰੇ ਵਰਗੇ ਪੋਸ਼ਟਿਕ ਮੋਟੇ ਅਨਾਜਾਂ ਦੇ ਵਿਅੰਜਨ ਉਹਨਾਂ ਦੇ ਪਰਿਵਾਰਾਂ ਦੀ ਖ਼ੁਰਾਕ ਦਾ ਹਿੱਸਾ ਬਣਨੇ ਸ਼ੁਰੂ ਹੋ ਗਏ ਹਨ। ਉਹਨਾਂ ਨੇ ਖੇਤ ਤੋਂ ਲੈ ਕੇ ਘਰ ਦੀ ਰਸੋਈ ਤੱਕ ਹਰ ਸ਼ੈਅ ਨੂੰ ਜ਼ਹਿਰ ਮੁਕਤ ਕਰਨ ਦਾ ਸੰਕਲਪ ਲਿਆ ਹੈ। ਉਹਨਾਂ ਲਈ ਜ਼ਹਿਰ ਦਾ ਅਰਥ ਸਿਰਫ ਰਸਾਇਣਕ ਕੀਟਨਾਸ਼ਕਾਂ ਤੋਂ ਹੀ ਨਹੀਂ ਸਗੋਂ ਕੋਕਾ-ਕੋਲਾ ਤੇ ਪੈਪਸੀ ਤੋਂ ਵੀ ਹੈ।
ਬਰਨਾਲੇ ਜ਼ਿਲ੍ਹੇ ਦੇ ਇਸ ਪਿੰਡ, ਭੋਤਨੇ ਤੋਂ ਸ਼ੁਰੂ ਹੋਏ ਉਪਰਾਲੇ ਵਿੱਚ ਪੰਜਾਬ ਦੀ ਕਾਇਨਾਤ ਅਤੇ ਜਿੰਦਗੀ ਨੂੰ ਮੁੜ ਪੈਰਾਂ ਸਿਰ ਕਰਨ ਦੇ ਬੀਜ ਛੁਪੇ ਹੋਏ ਹਨ।
ਪੁਰਾਤਨ ਸਮੇਂ ਵਿਚ ਲੋਕਾਂ ਦਾ ਰਹਿਣ ਸਹਿਣ ਅੱਜ ਨਾਲੋਂ ਬਹੁਤ ਹੀ ਅਲੱਗ ਹੁੰਦਾ ਸੀ। ਉਸ ਸਮੇਂ ਔਰਤਾਂ ਅਤੇ ਮਰਦ ਦੋਵੇਂ ਹੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਗਹਿਣਿਆਂ ਨਾਲ ਸ਼ਿੰਗਾਰ ਕੇ ਰੱਖਦੇ ਸਨ। ਔਰਤਾਂ ਦਾ ਇਕ ਹੋਰ ਚਾਅ ਬਹੁਤ ਹੀ ਵੱਖਰਾ ਹੁੰਦਾ ਸੀ। ਉਹ ਹਰੇਕ ਖੁਸ਼ੀ ਵਿਚ ਜਾਂ ਫਿਰ ਹਾਸੇ ਮਜ਼ਾਕ ਵਿਚ ਗੀਤਾਂ ਨੂੰ ਆਪਣੀ ਸੁੰਦਰਤਾ ਨਾਲ ਜੋੜ ਦਿੰਦੀਆਂ ਸਨ। ਬਹੁਤ ਸਾਰੀਆਂ ਕੁੜੀਆਂ ਰਲ ਕੇ ਬੋਹੜ ਦੇ ਦਰਖ਼ਤ ਹੇਠ ਇਕੱਠੀਆਂ ਹੋ ਕੇ ਚਰਖੇ ਕਤਦੀਆਂ, ਕਿੱਕਲੀ ਪਾਉਂਦੀਆਂ, ਫੁਲਕਾਰੀ ਕੱਢਦੀਆਂ। ਉਹ ਜੋ ਵੀ ਕੰਮ ਕਰਦੀਆਂ ਉਸ ਨੂੰ ਉਹਨਾਂ ਨੇ ਆਪਣੇ ਗੀਤਾਂ ਵਿਚ ਪਿਰੋਇਆ:ਚਰਖਾ:ਵੀਰ ਮੇਰੇ ਨੇ ਚਰਖਾ ਕੁੜੀਓ ਰੀਝਾਂ ਨਾਲ ਬਣਾਇਆਰੰਗਲੇ ਮੁੰਨੇ, ਰੰਗੀਨ ਗੁੱਡੀਆਂ ਗੋਲ ਮੁਝੇਰੂ ਪਾਇਆ, ਤ੍ਰਿੰਞਣਾਂ 'ਚ ਕੱਤਦੀ ਨੂੰ ਵੀਰ ਦੀ ਯਾਦ ਲਿਆਇਆ।***ਵੀਰ ਮੇਰ ਨੇ ਚਰਖਾ ਦਿੱਤਾ, ਵਿਚ ਸੋਨੇ ਦੀਆਂ ਮੇਖਾਂ,ਵੀਰ ਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ।***ਸੱਸ ਨਣਾਨਾ ਲੜ ਵੇ ਪਈਆਂ ਚਰਖਾ ਦਿੱਤਾ ਤੋੜ।ਮਾਏ ਮੇਰੀਏ ਧੀ ਨੂੰ ਚਰਖੇ ਦੀ ਲੋੜ।ਇਸੇ ਤਰ੍ਹਾਂ ਪੁਰਾਣੀਆਂ ਔਰਤਾਂ ਨੂੰ ਇਕ ਦੂਜੇ ਨਾਲ ਟਿੱਚਰਾਂ ਕਰਨ ਦੀ ਵੀ ਬੜੀ ਆਦਤ ਹੁੰਦੀ ਸੀ। ਉਹ ਉਹਨਾਂ ਨੂੰ ਆਪਣੇ ਗੀਤਾਂ ਦੀ ਲੜੀ ਵਿਚ ਪਿਰੋਅ ਲੈਂਦੀਆਂ ਸਨ। ਆਪਣੇ ਪਤੀ ਨੂੰ ਟਿੱਚਰਾਂ ਕਰਦੀਆਂ ਉਹ ਕਹਿੰਦੀਆਂ :ਜਦੋਂ ਰੰਗ ਸੀ ਸਰੋਂ ਦੇ ਫੁੱਲ ਵਰਗਾ ਓਦੋਂ ਕਿਉਂ ਨਾ ਆਇਆ ਮੁੰਡਿਆ।ਨਵੇਂ ਨਵੇਂ ਵਿਆਹੇ ਜੋੜੇ ਲਈ ਕਹਿੰਦੇ ਸਨ :ਕੈਂਠੇ ਵਾਲਾ ਧਾਰ ਕੱਢਦਾ,ਦੁੱਧ ਰਿੜਕੇ ਝਾਂਜਰਾਂ ਵਾਲੀ।***ਕੋਠੇ ਤੇ ਕਾਂ ਬੋਲੇ ਚਿੱਠੀ ਮੇਰੇ ਮਾਹੀਏ ਦੀ, ਵਿਚ ਮੇਰਾ ਨਾਂਅ ਬੋਲੇ***ਕੋਠੇ 'ਤੇ ਫੁੱਲ ਮਾਹੀਆ, ਲੋਕਾਂ ਦੀਆਂ ਰੋਣ ਅੱਖੀਆਂ,ਸਾਡਾ ਰੋਂਦਾ ਏ ਦਿਲ ਮਾਹੀਆ।***ਦੋ ਪੱਤਰ ਅਨਾਰਾਂ ਦੇ।ਸਾਡੀ ਗਲੀ ਲੰਘ ਮਾਹੀਆ,ਦੁੱਖ ਟੁੱਟਣ ਬਿਮਾਰਾਂ ਦੇ।ਗੱਡੀ ਚਲਦੀ ਏ ਤਾਰਾਂ 'ਤੇ,ਅੱਗੇ ਮਾਹੀਆ ਰੋਜ਼ ਮਿਲਦਾ,ਹੁਣ ਮਿਲਦਾ ਕਰਾਰਾਂ 'ਤੇ।***ਗੱਡੀ ਚਲਦੀ ਏ ਲੀਕਾਂ 'ਤੇਅੱਗੇ ਮਾਹੀਆ ਰੋਜ਼ ਮਿਲਦਾ,ਹੁਣ ਮਿਲਦਾ ਤਰੀਕਾਂ 'ਤੇ।ਜੇਕਰ ਕੋਈ ਆਪਣੀਅ ਤਾਰੀਫ ਆਪ ਕਰਦੀ ਤਾਂ ਇੰਝ ਆਖਦੀ:ਟੱਪੇ ਟੱਪੇ ਦੀ ਲੈ ਵਾਰੀ,ਮੈਂ ਕੁੜੀ ਚੈਨੇ ਪਿੰਡ ਦੀ,ਟੱਪਿਆਂ 'ਚੋਂ ਨਾ ਹਾਰੀ।ਇਸੇ ਤਰ੍ਹਾਂ ਉਹਨਾਂ ਦੇ ਹੋਰ ਵੀ ਬਹੁਤ ਸਾਰੇ ਸ਼ੌਕ ਹੁੰਦੇ ਸਨ। ਉਹਨਾਂ ਦਾ ਪਹਿਰਾਵਾ ਬਹੁਤ ਸੁੰਦਰ ਹੁੰਦਾ ਸੀ। ਔਰਤਾਂ ਦੇ ਘੱਗਰਾ, ਰੇਸ਼ਮੀ ਨਾਲੇ, ਸੱਗੀ ਫੁੱਲ, ਮੋਹਰਾਂ, ਝਾਂਜਰਾਂ, ਵੰਙਾਂ,ਤਵੀਤੜੀਆਂ, ਲੋਟਨ ਅਤੇ ਹੋਰ ਅਨੇਕ ਚੀਜ਼ਾਂ। ਇਹਨਾਂ ਨੂੰ ਪਹਿਣ ਕੇ ਉਹ ਆਪਣੇ ਪਿੰਡ ਵਿਚ ਆਂਢ ਗੁਆਂਢ ਜਾਂ ਖੂਹ ਤੋਂ ਤੋਂ ਡੋਲ ਭਰਨ ਜਾਂਦੀਆਂ ਤੇ ਕਹਿੰਦੀਆਂ :ਖੂਹ 'ਤੇ ਗਈ ਡੋਲ ਭਰਨ, ਡੋਲ ਭਰ ਲਿਆ ਸਾਰਾ,ਜੋਗੀ ਜੱਟ ਬਣਗੇ ਛੱਡਕੇ ਤਖ਼ਤ ਹਜ਼ਾਰਾ ।।ਸਾਰੀਆਂ ਕੁੜੀਆਂ 'ਕੱਠੀਆ ਹੋ ਕੇ ਤਿੰ੍ਰਞਣ ਲਾਉਂਦੀਆਂ ਤੇ ਗੀਤ ਗਾਉਂਦੀਆਂ। ਪਿਛਲੇ ਸਮੇਂ ਵਿਚ ਜੇਕਰ ਕੁੜੀ ਦੇ ਵਿਆਹ ਦੀ ਗੱਲ ਘਰੇ ਤੁਰਦੀ ਤਾਂ ਉਹ ਚੁੱਪ ਚਪੀਤੀ ਰਹਿੰਦੀ ਪਰ ਅਗਲੇ ਦਿਨ ਜਦੋਂ ਤ੍ਰਿੰਞਣ 'ਚ ਜਾਂਦੀ ਤਾਂ ਉਹ ਉਥੇ ਜਾ ਕੇ ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਦੀ : ਬੀਬੀ ਚੰਨਣ ਦੇ ਓਹਲੇ ਓਹਲੇ ਕਿਉਂ ਖੜੀਮੈਂ ਤਾਂ ਖੜ੍ਹੀ ਸਾਂ ਬਾਬਲ ਜੀ ਦੇ ਬਾਰਬਾਬਲ ਵਰ ਲੋੜੀਏ…..ਨੀ ਧੀਏ ਕਿਹੋ ਜਿਹਾ ਵਰ ਲੋੜੀਏ..ਚੰਨਾ ਵਿਚੋਂ ਚੰਨ, ਤਾਰਿਆਂ ਤਾਰਾਕਨੱਈਆ ਵਰ ਲੋੜੀਏ।***ਸਾਡਾ ਚਿੰੜੀਆਂ ਚੰਬਾ,ਬਾਬਲ ਅਸਾਂ ਉੜਡ ਵੇ ਜਾਣਾ।ਸਾਡੀ ਲੰਮੀ ਉਡਾਰੀ ਵੇ,ਬਾਬਲ ਕਿਹੜੇ ਦੇਸ ਜਾਣਾ।ਪੇਸ਼ਕਸ਼ : ਹਰਪ੍ਰੀਤ ਕੌਰ, ਪਿੰਡ :ਚੈਨਾ।

ਧਰਮ ਵਿਹੁਣੇ ਵਿਕਾਸ ਚਿੰਤਨ ਦੀ ਦੇਣ ਹੈ ਵਾਤਾਵਰਣ ਵਿਨਾਸ਼

ਅੱਜ ਵਾਤਾਵਰਣ ਸੰਭਾਲ ਚਰਚਾ ਦਾ ਇੱਕ ਅਹਿਮ ਮੁੱਦਾ ਹੈ। ਅੱਜ ਅਖਬਾਰਾਂ ਤੋਂ ਲੈ ਕੇ ਟੀਵੀ ਚੈਨਲਾਂ ਤੱਕ ਹਰ ਥਾਂ ਵਾਤਾਵਰਣ ਚੇਤਨਾ ਦੀਆਂ ਗੱਲਾਂ ਹੋ ਰਹੀਆਂ ਹਨ। ਇਹ ਖੁਸ਼ੀ ਦੀ ਗੱਲ ਹੈ ਕਿ ਅਸੀਂ ਧਰਮ ਦੀ ਦ੍ਰਿਸ਼ਟੀ ਤੋਂ ਵਾਤਾਵਰਣ ਸੰਭਾਲ ਦੀ ਗੱਲ ਕਰ ਰਹੇ ਹਾਂ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਅਜਿਹੀ ਸਥਿਤੀ ਆਈ ਹੀ ਕਿਉਂਕਿ ਜੀਹਦੇ ਕਾਰਨ ਅਸੀਂ ਵਾਤਾਵਰਣ ਸੰਭਾਲ ਦੀ ਚਰਚਾ ਨੂੰ ਧਰਮ ਦੀ ਦ੍ਰਿਸ਼ਟੀ ਨਾਲ ਜੋੜਨ ਲਈ ਮਜ਼ਬੂਰ ਹੋਏ ਹਾਂ। ਅੱਜ ਕੁੱੱਝ ਅਜਿਹੇ ਸਵਾਲ ਖੜ੍ਹੇ ਕਰਨੇ ਜ਼ਰੂਰੀ ਹਨ ਜੋ ਸਾਨੂੰ ਸਮੱਸਿਆ ਦੀ ਜੜ੍ਹ ਤੱਕ ਲੈ ਜਾਣ ਵਿਚ ਸਹਾਈ ਹੋਣ। ਵਾਤਾਵਰਣ ਕਦੇ ਆਪ ਪਲੀਤ ਨਹੀਂ ਹੁੰਦਾ। ਕੁੱਝ ਕੁਦਰਤੀ ਸੋਮੇਂ ਕਾਲ ਦੀ ਗਤੀ ਦੇ ਚਲਦਿਆਂ ਖਤਮ ਹੁੰਦੇ ਹਨ। ਪਰ ਉਹ ਕਿਸੇ ਹੋਰ ਰੂਪ ਵਿਚ ਚੌਗਿਰਦੇ ਵਿਚ ਜ਼ਰੂਰ ਰਹਿੰਦੇ ਹਨ। ਵਾਤਾਵਰਣ ਦਾ ਵਿਨਾਸ਼ ਜਾਂ ਕੁਦਰਤੀ ਸੋਮਿਆਂ ਦਾ ਘਾਣ ਕੋਈ ਕੁਦਰਤੀ ਪ੍ਰਕਿਰਿਆ ਨਹੀਂ ਕਰਦੀ ਸਗੋਂ ਸਾਡੇ ਅਜੋਕੇ ਵਿਕਾਸ ਤੇ ਆਰਥਿਕ ਗਤੀਵਿਧੀਆਂ ਦੀ ਦਾ ਭਿਆਨਕ ਸਿੱਟਾ ਹੈ। ਦਰਅਸਲ ਵਿਕਾਸ ਦਾ ਅਜੋਕਾ ਮੁਹਾਵਰਾ ਉਸ ਦੇ ਪਿੱਛੇ ਦੀ ਸੋਚ-ਸਮਝ,ਦਿਸ਼ਾ ਤੇ ਪ੍ਰਣਾਲੀਆਂ-ਸਾਰਾ ਕੁੱਝ ਕੁਦਰਤ ਵਿਰੋਧੀ ਹੈ। ਕਿਉਂਕਿ ਇਸ ਦਾ ਜਨਮ ਇੱਕ ਖਾਸ ਤਰ੍ਹਾਂ ਦੀ ਧਰਮ-ਵਿਹੁਣੀ ਆਰਥਿਕ ਤੇ ਸ਼ਾਸ਼ਨ ਪ੍ਰਣਾਲੀ ਵਿਚੋਂ ਹੋਇਆ ਹੈ। ਧਰਮ ਇੱਕ ਅਨੁਸ਼ਾਸਨ ਹੈ। ਨਿਆਂ ਨੂੰ ਵੀ ਧਰਮ ਹੀ ਆਖਿਆ ਜਾਂਦਾ ਹੈ। ਧਰਮ ਕਦਰਾਂ-ਕੀਮਤਾਂ ਵਾਲੀ ਜੀਵਨ ਜਾਚ ਦਾ ਪ੍ਰਵਾਹ ਹੁੰਦਾ ਹੈ। ਧਰਮ ਸਾਨੂੰ ਸੰਯਮ, ਸੱਚ, ਇੰਦ੍ਰੀਆਂ 'ਤੇ ਕਾਬੂ ਰੱਖਣ, ਚੋਰੀ ਨਾ ਕਰਨ, ਖਿਮਾ ਭਾਵ ਆਦਿ ਕਦਰਾਂ ਕੀਮਤਾਂ ਨਾਲ ਜੋੜਦਾ ਹੈ। ਪਰ ਅੱਜ ਧਰਮ ਮੁਕਤ ਸ਼ਾਸਨ ਤੇ ਵਿਕਾਸ ਦੀ ਧਾਰਨਾ ਵਿਚ ਇਹਨਾਂ ਕਦਰਾਂ ਕੀਮਤਾਂ ਲਈ ਕੋਈ ਥਾਂ ਨਹੀਂ ਹੈ। ਕੁਦਰਤ ਨੂੰ ਖਤਮ ਕਰਨ 'ਤੇ ਤੁਲਿਆ ਹੋਇਆ ਸਾਡਾ ਅਜੋਕਾ ਵਿਕਾਸ ਇਕ ਸਮੂਹਿਕ ਲਾਲਸਾ, ਭੋਗ ਬਿਰਤੀ, ਕੁਦਰਤੀ ਸੋਮਿਆਂ 'ਤੇ ਕਬਜਾ ਕਰਨ ਦੀ ਵਿਵੇਕਹੀਣ ਜਿਦ ਅਤੇ ਖਪਤ ਨੂੰ ਵਧਾਉਣ ਵਾਲੀਆਂ ਗਤੀਵਿਧੀਆਂ ਬਦਸ਼ਕਲ ਚਿਹਰੇ ਵਿਚਾਰ ਮਾਤਰ ਹੀ ਹੈ। ਅਸੀਂ ਵਿਕਾਸ ਦੇ ਕੁੱਝ ਪੈਮਾਨੇ ਬਣਾਏ ਹਨ। ਪ੍ਰਤੀ ਵਿਅਕਤੀ ਆਮਦਨ, ਖਪਤ, ਨਿਵੇਸ਼ ਜਾਂ ਪ੍ਰਤੀ ਵਿਅਕਤੀ ਪਾਣੀ, ਸੜਕ, ਬਿਜਲੀ, ਮੋਟਰ, ਗੱਡੀਆਂ, ਫਰਿੱਜ; ਅਜਿਹੀ ਅਕੰੜੇਬਾਜ਼ੀ ਨਾਲ ਵਿਕਾਸ ਨੂੰ ਮਾਪਦੇ ਹਾਂ। ਕਿੰਨੀਆਂ ਚਾਰ ਮਾਰਗੀ ਤੇ ਅੱਠ ਮਾਰਗੀ ਸੜਕਾਂ ਬਣੀਆਂ, ਕਿੰਨੇ ਫਲਾਈ ਓਵਰ ਬਣੇ, ਕਿੰਨੇ ਐਕਸਪ੍ਰੈਸ ਵੇਅ ਬਣੇ,ਕਿੰਨੇ ਪਾਵਰ ਪਲਾਂਟ ਲੱਗ ਗਏ, ਕਿੰਨੇ ਵੱਡੇ ਵੱਡੇ ਮਾਲਜ਼ ਬਣ ਗਏ- ਜਦ ਏਹੀ ਵਿਕਾਸ ਤੇ ਤਰੱਕੀ ਪੈਮਾਨਾ ਮੰਨਿਆਂ ਜਾਵੇਗਾ ਤਾਂਹੀ ਤਾਂ ਜੀਡੀਪੀ ਜਾਂ ਜੀਐੱਨਪੀ ਵਧੇਗੀ। ਲੋਕ ਘੱਟ ਚੀਜਾਂ ਦੀ ਘੱਟ ਖਪਤ ਕਰਨ, ਬੱਚਤ ਕਰਨ, ਸੰਯਮ 'ਚ ਰਹਿਣ, ਇਹ ਅਜੋਕੇ ਅਰਥ ਸ਼ਾਸਤਰ ਨੂੰ ਸਵੀਕਾਰ ਨਹੀਂ ਹੈ। ਅਰਥ ਸ਼ਾਸਤਰ ਦੀ ਮੌਜੂਦਾ ਦਿਸ਼ਾ ਅਤੇ ਚਿੰਤਨ ਮੁੱਢਲੇ ਤੌਰ 'ਤੇ ਧਰਮ ਵਿਰੋਧੀ ਹੈ। ਇਸ ਲਈ ਉਸ ਚਿੰਤਨ 'ਚੋਂ ਨਿਕਲੇ ਹੋਏ ਵਿਕਾਸ ਵਿਚ ਧਰਮ ਦੀ ਕੋਈ ਥਾਂ ਨਹੀਂ ਹੈ। ਦੁਖਾਂਤ ਏਹੀ ਹੈ ਕਿ ਅਸੀਂ ਧਰਮ ਨੂੰ ਧਰਮ ਸਥਾਨਾਂ ਤੱਕ ਹੀ ਸਮੇਟ ਕੇ ਰੱਖ ਦਿੱਤਾ ਹੈ। ਅਸੀਂ ਉਸ ਨੂੰ ਇੱਕ ਪੰਥ ਜਾਂ ਕਰਮ ਕਾਂਡ ਮੰਨ ਕੇ ਸਰਕਾਰ, ਸ਼ਾਸਨ, ਯੋਜਨਾ ਤੇ ਰਾਜਕਾਜ ਤੋਂ ਬਾਹਰ ਧੱਕ ਦਿੱਤਾ ਹੈ। ਸਾਡਾ ਨਿੱਜੀ ਵਿਸ਼ਵਾਸ ਹੀ ਧਰਮ ਰਹਿ ਗਿਆ ਹੈ। ਮੰਦਰ, ਮਸਜਿਦ, ਚਰਚ ਜਾਂ ਗੁਰੂਦੁਆਰੇ ਜਾਣਾ ਹੀ ਧਰਮ ਪਾਲਣ ਮੰਨ ਲਿਆ ਗਿਆ ਹੈ। ਧਰਮ ਵਿਅਕਤੀਗਤ ਕਰਮਕਾਂਡ ਬਿਲਕੁਲ ਨਹੀਂ ਹੈ। ਧਰਮ ਦੀ ਪ੍ਰੀਭਾਸ਼ਾ ਵਿਚ ਜਦੋਂ ਨਿਆਂ ਜਾਂ ਚੋਰੀ ਨਾ ਕਰਨਾ ਯਾਨੀ ਦੂਜੇ ਦਾ ਹੱਕ ਨਾ ਮਾਰਨਾ ਧਰਮ ਦੇ ਗੁਣ ਮੰਨੇ ਗਏ ਹੋਣ, ਓਦੋਂ ਵਿਕਾਸ ਦੀ ਅਜੋਕੀ ਧਾਰਾ ਦੇ ਨਾਲ ਧਰਮ ਦਾ ਸੁਮੇਲ ਕਿਵੇਂ ਹੋ ਸਕੇਗਾ? ਕਰੁਣਾ, ਦਯਾ, ਨਿਆਂ, ਸੰਯਮ, ਸਮਤਾ ਤੇ ਹਰ ਜੀਵ ਵਿਚੋਂ ਰੱਬ ਦੇਖਣਾ ਆਦਿ ਧਰਮ ਦੀਆਂ ਮੂਲ ਬਿਰਤੀਆਂ ਸਾਡੀਆਂ ਵਿਕਾਸ ਯੋਜਨਾਵਾਂ ਵਿਚ ਪੂਰੀ ਤਰਾਂ ਅੱਖੋਂ ਪਰੋਖੇ ਕੀਤੀਆਂ ਗਈਆਂ ਹਨ। ਵਿਕਾਸ ਦੀ ਅਜੋਕੀ ਅਵਧਾਰਨਾ ਵਿਚ ਧਰਮ ਹੈ ਹੀ ਕਿੱਥੇ? ਜਦ ਵਿਕਾਸ ਨੂੰ ਸਿਰਫ ਸੜਕਾਂ ਚੌੜਾ ਕਰਨ ਤੇ ਵੱਡੀਆਂ ਇਮਾਰਤਾਂ ਬਣਾਉਣ ਨਾਲ ਜੋੜ ਲਿਆ ਜਾਵੇਗਾ ਤਾਂ ਫਿਰ ਰੁੱਖਾਂ ਦਾ ਉਜਾੜਾ ਹੋਣਾ ਹੀ ਹੈ। ਰੁੱਖ਼,ਜੰਗਲ, ਨਦੀ, ਤਲਾਅ, ਪਹਾੜ ਸਭ ਕੁੱਝ ਮਨੁੱਖ ਦੀ ਲਾਲਸਾ ਨੂੰ, ਉਸਦੀ ਵਿਕਾਸ ਦੀ ਚਾਹ ਨੂੰ ਪੂਰਾ ਕਰਨ ਲਈ ਖਤਮ ਕੀਤੇ ਜਾ ਰਹੇ ਹਨ। ਵਿਕਾਸ ਦੀ ਇਹ ਅਵਧਾਰਨਾ ਭਾਰਤੀ ਚਿੰਤਨ ਵਿਚੋਂ ਨਹੀਂ ਨਿੱਕਲੀ। ਅਜੋਕਾ ਵਿਕਾਸ ਸਿਰਫ ਭੌਤਿਕ ਤਰੱਕੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਪਰ ਇਸ ਭੌਤਿਕ ਤਰੱਕੀ ਵਿਚ ਵੀ ਸਿਰਫ ਤੇ ਸਿਰਫ ਮਨੁੱਖ ਦਾ,ਉਸ ਦੇ ਸੁੱਖ ਦਾ, ਉਸ ਦੇ ਭੋਗ ਦਾ, ਉਸ ਦੇ ਲਾਲਚ ਦਾ ਹੀ ਖ਼ਿਆਲ ਰੱਖਿਆ ਜਾਂਦਾ ਹੈ। ਅਸੀਂ ਇਹ ਵੀ ਮੰਨ ਲਿਆ, ਉਹ ਵੀ ਬੜੀ ਆਸਾਨੀ ਨਾਲ, ਕਿ ਭੌਤਿਕ ਉਨਤੀ ਲਈ ਕੁੱਝ ਕੀਮਤ ਚੁਕਾਉਣੀ ਹੀ ਪਵੇਗੀ। ਪਰ ਇਹ ਕੀਮਤ ਚੁਕਾ ਕੌਣ ਰਿਹਾ ਹੈ? ਵਹਿਸ਼ੀ ਮਨੁੱਖ ਨੂੰ ਛੱਡ ਕੇ ਬਾਕੀ ਸਮੁੱਚੀ ਕਾਇਨਾਤ। ਯਾਨੀ ਮਨੁੱਖ ਧਰਤੀ 'ਤੇ ਬਾਕੀ ਸਾਰੇ ਜੀਵਾਂ ਦਾ,ਕੁਦਰਤ ਦੇ ਬਾਕੀ ਸਾਰੇ ਸਰੂਪਾਂ ਦਾ ਮਾਲਕ ਬਣ ਬੈਠਾ ਹੈ। ਉਹ ਸਿਰਫ ਆਪਣੇ ਬਾਰੇ ਸੋਚਦਾ ਹੈ, ਬਾਕੀ ਸਾਰੇ ਜੀਵ ਜੰਤੂ ਤੇ ਕੁਦਰਤ ਦੇ ਵੱਖ ਵੱਖ ਸਰੂਪ ਉਹਦੇ ਹੰਕਾਰ ਨੂੰ ਪੂਰਾ ਕਰਨ ਲਈ ਕੁਰਬਾਨ ਕੀਤੇ ਜਾ ਰਹੇ ਹਨ। ਭਾਰਤ ਵਿਚ ਵਿਕਾਸ ਸ਼ਬਦ ਦੀ ਥਾਂ ਉਨਤੀ ਸ਼ਬਦ ਸਾਡੇ ਪੁਰਾਤਨ ਗਰੰਥਾਂ ਵਿਚ ਮਿਲਦਾ ਹੈ ਤੇ ਉਨਤੀ ਸਿਰਫ ਭੌਤਿਕ ਨਹੀਂ, ਉਸ ਵਿਚ ਮਨੁੱਖ ਦੀ ਚੇਤਨਾ ਦੇ ਵਿਸਥਾਰ ਨੂੰ ਜ਼ਿਆਦਾ ਅਹਿਮ ਮੰਨਿਆਂ ਗਿਆ ਹੈ। ਮਨੁੱਖ ਪੂਰੇ ਜੀਵ ਜਗਤ ਦੇ ਨਾਲ ਸਬੰਧ ਸਥਾਪਤ ਕਰਦਾ ਹੈ। ਉਹ ਜੜ ਅਤੇ ਚੇਤਨ, ਸਭ ਨਾਲ ਜੁੜਦਾ ਹੈ ਕਿਉਂਕਿ ਜੜ ਤੇ ਚੇਤਨ ਰੂਪੀ ਇਸ ਕੁਦਰਤ ਵਿਚ ਹੀ ਉਹ 'ਬਲਿਹਾਰੀ' ਵਸਦਾ ਹੈ-ਇਹ ਸਾਡਾ ਧਰਮ ਸਾਨੂੰ ਸਿਖਾਉਂਦਾ ਹੈ। ਜਿਸ ਕੁਦਰਤ ਵਿਚ ਉਹ ਬਲਿਹਾਰੀ ਵੱਸਿਆ ਹੋਵੇ, ਉਹਦੇ ਸਾਰੇ ਸਰੂਪਾਂ ਦਾ ਸਤਿਕਾਰ ਕਰਨਾ, ਸਾਰਿਆਂ ਨਾਲ ਇਕ ਰੂਹਾਨੀ ਰਿਸ਼ਤਾ ਮਹਿਸੂਸ ਕਰਨਾ, ਇਹੀ ਤਾਂ ਧਰਮ ਹੈ। ਸਾਡਾ ਮਨੁੱਖੀ ਧਰਮ। ਇਹ ਮਨੁੱਖ ਨੂੰ ਤੇ ਉਹਦੀ ਚੇਤਨਾ ਨੂੰ ਵਿਰਾਟ ਬਣਾਉਂਦਾ ਹੈ। ਉਹ ਸਮੁੱਚੀ ਕਾਇਨਾਤ ਨਾਲ ਜੁੜਦਾ ਹੈ, ਉਸ ਨਾਲ ਇੱਕਮਿੱਕ ਹੁੰਦਾ ਹੈ ਤੇ ਉਸ ਕਾਇਨਾਤ ਨਾਲ ਵਸਦੇ ਰੱਬ ਨਾਲ ਏਕਾਕਾਰ ਹੋ ਜਾਂਦਾ ਹੈ। ਪਰ ਅੱਜ ਮਨੁੱਖ ਦੀ ਪ੍ਰਗਤੀ ਦੀ ਅਵਧਾਰਨਾ ਬੜੀ ਛੋਟੀ ਤੇ ਟੁੱਚੀ ਹੋ ਗਈ ਹੈ। ਅਸ ੀਂ ਵਿਕਾਸ ਦਾ ਸਾਰਾ ਤਾਣਾ-ਬਾਣਾ ਹੀ ਐਸਾ ਰਚਿਆ ਕਿ ਮਨੁੱਖ ਦੇ ਪ੍ਰਗਤੀ ਦੀ ਅਵਧਾਰਨਾ ਵਿਚੋਂ ਮਨੁੱਖ-ਧਰਮ ਹੀ ਅਲੋਪ ਹੋ ਗਿਆ। ਪ੍ਰਗਤੀ ਜਾਂ ਵਿਕਾਸ ਮਸ਼ੀਨੀਕਰਨ ਦਾ ਗ਼ੁਲਾਮ ਬਣ ਕੇ ਰਹਿ ਗਿਆ। ਉਤਪਾਦਨ ਵਿਚ ਵਾਧਾ, ਲਾਭ ਵਿਚ ਵਾਧਾ, ਵਪਾਰ ਵਿਚ ਵਾਧਾ, ਬਾਜ਼ਾਰ ਵਿਚ ਵਾਧਾ ਤੇ ਆਪਣੇ ਗਲਬੇ ਵਿਚ ਵਾਧਾ ਤੇ ਇਹ ਸਾਰਾ ਕੁੱਝ ਕਿਸ ਤਰ੍ਹਾਂ ਆਇਆ? ਕੁਦਰਤ ਦੇ ਕਿਸ ਕਿਸ ਸਰੂਪ ਨਾਲ ਅਨਿਆਂ ਕਰਕੇ ਆਇਆ, ਇਸ ਦਾ ਵਿਚਾਰ ਕਰਨ ਲਈ ਕਿਸੇ ਕੋਲ ਕੋਈ ਸਮਾਂ ਨਹੀਂ, ਕੋਈ ਥਾਂ ਨਹੀਂ, ਕੋਈ ਵਿਰਾਮ, ਅਰਧ ਵਿਰਾਮ ਨਹੀਂ। ਇੱਕ ਅੰੰਨ੍ਹੀ ਦੌੜ ਵਿਚ ਅਸੀਂ ਵਿਕਾਸ ਦਾ ਘੋੜਾ ਦੌੜਾ ਰਹੇ ਹਾਂ। ਸਾਰੇ ਦੇ ਸਾਰੇ ਯਯਾਤੀ ਬਣਦੇ ਜਾ ਰਹੇ ਹਾਂ। ਜਿੱਥੇ ਤ੍ਰਿਸ਼ਣਾਂਵਾਂ ਤੇ ਭੋਗਾਂ ਦਾ ਕੋਈ ਅੰਤ ਨਹੀਂ। ਯਾਦ ਰੱਖੋ, ਯਯਾਤੀ ਨੂੰ ਕਦੇ ਆਤਮਿਕ ਸ਼ਾਂਤੀ ਨਹੀਂ ਮਿਲਦੀ, ਮਲਿਕ ਭਾਗੋ ਨੂੰ ਕਦੇ ਸੰਤੋਖ ਨਹੀਂ ਮਿਲਦਾ ਪਰ ਅਜੋਕੇ ਵਿਕਾਸ ਦੇ ਕੋੜ੍ਹ ਨੇ ਸਾਨੂੰ ਸਭ ਨੂੰ ਪਸ਼ੂਆਂ ਵਾਂਗ ਹੱਕ ਕੇ ਯਯਾਤੀ ਤੇ ਮਲਿਕ ਭਾਗੋ ਦੀ ਦੌੜ ਵਿਚ ਦੌੜਾ ਦਿੱਤਾ ਹੈ। ਫਿਰ ਇਸ ਵਿਚ ਕੁਦਰਤ, ਵਾਤਾਵਰਣ, ਚੌਗਿਰਦਾ, ਜੈਵਿਕ -ਭਿੰਨਤਾ ਜਾਂ ਧਰਮ ਦਾ ਵਿਚਾਰ ਕਿਵੇਂ ਹੋਵੇ?ਵਾਤਵਰਣ ਤੇ ਕੁਦਰਤ ਜੀਡੀਪੀ ਨਹੀਂ ਵਧਾਉਂਦੇ, ਜੀਐਨਪੀ ਨਹੀਂ ਵਧਾਉਂਦੇ, ਉਤਪਾਦਨ ਨਹੀਂ ਵਧਾਉਂਦੇ, ਲਾਭ ਨਹੀਂ ਵਧਾਉਂਦੇ ਤੇ ਨਾ ਹੀ ਬਾਜ਼ਾਰ ਵਧਾਉਂਦੇ ਹਨ, ਇਸੇ ਕਰਕੇ ਉਹਨਾਂ ਨੂੰ ਛੱਡ ਦਿੱਤਾ ਗਿਆ ਹੈ ਮਰਨ ਵਾਸਤੇ, ਕਿਉਂਕਿ ਉਹ ਅਜੋਕੇ ਵਿਕਾਸ ਦੇ ਰਾਹ ਦੀਆਂ 'ਰੁਕਾਵਟਾਂ' ਹਨ। ਇਸ ਦੀ ਇੱਕ ਨਜ਼ੀਰ ਹੈ ਕਿ ਅੱਜ ਕੱਲ੍ਹ ਜੋ ਵੱਡੇ ਵੱਡੇ ਪ੍ਰੋਜੈਕਟ ਲਾਏੇ ਜਾ ਰਹੇ ਹਨ ਉਹਨਾਂ ਦਾ ਵਾਤਾਵਰਣ 'ਤੇ ਕੀ ਅਸਰ ਹੋਵੇਗਾ, ਇਸ 'ਤੇ ਇਮਾਨਦਾਰੀ ਨਾਲ ਵਿਚਾਰ ਕਰਨ ਦੀ ਬਜਾਏ ਕਾਨੂੰਨੀ ਰੂਪ ਨਾਲ ਜ਼ਰੂਰੀ 'ਇਨਵਾਇਰਨਮੈਂਟ ਇਮਪੈਕਟ ਅਸੈਸਮੈਂਟ ਰਿਪੋਰਟ ਨੂੰ ਇੱਕ ਰਸਮੀ ਕਾਰਵਾਈ ਹੀ ਬਣਾ ਕੇ ਰੱਖ ਦਿੱਤਾ ਗਿਆ ਹੈ। ਪ੍ਰਜੈਕਟ ਦਾ ਐਲਾਨ ਹੁੰਦਿਆਂ ਹੀ ਸਾਡੇ ਰਾਜਨੇਤਾ ਸ਼ਰੇਆਮ ਬਿਆਨ ਦਿੰਦੇ ਹਨ ਕਿ ਫਲਾਣੇ ਫਲਾਣੇ ਪ੍ਰਜੈਕਟ ਦੇ ਲੱਗਣ ਵਿਚ 'ਵਾਤਾਵਰਣ' ਨੂੰ ਵੀ ਰੁਕਾਵਟ ਨਹੀਂ ਬਣਨ ਦਿੱਤਾ ਜਾਵੇਗਾ। ਅਸੀਂ ਵਿਕਾਸ ਦੀ ਅਵਧਾਰਨਾ ਨੂੰ ਸੰਕੀਰਨ ਕੀਤਾ ਹੈ। ਜਿਸ ਕਾਰਨ ਮਨੁੱਖ ਦਾ ਮਨ ਵੀ ਸੰਕੀਰਨ ਹੋਇਆ, ਚੇਤਨਾ ਵੀ ਤੇ ਦ੍ਰਿਸ਼ਟੀ ਵੀ ਸੰਕੀਰਨ ਹੋ ਗਈ। ਮਨੁੱਖ ਦਾ ਦੂਜੇ ਪ੍ਰਾਣੀਆਂ ਤੇ ਕੁਦਰਤ ਨਾਲੋਂ ਰਿਸ਼ਤਾ ਟੁੱਟਿਆ ਅਤੇ ਇਹ ਮਰਿਯਾਦਾਹੀਨ ਵਿਕਾਸ ਹੀ ਵਾਤਾਵਰਣ ਦੇ ਵਿਨਾਸ਼ ਦਾ ਕਾਰਨ ਬਣਿਆ । ਇਸ ਵਿਚ ਕੋਈ ਸੰਵੇਦਨਾ ਨਹੀਂ, ਕੋਈ ਉਨਸ ਨਹੀਂ, ਕੋਈ ਭਾਵਕੁਤਾ ਨਹੀਂ। ਮਸ਼ੀਨੀ ਜ਼ਿੰਦਗੀ ਤੇ ਭੌਤਿਕਤਾ ਨੇ ਇੱਕ ਸੰਵੇਦਨਹੀਣਤਾ ਪੈਦਾ ਕੀਤੀ ਤੇ ਸੰਵੇਦਨਹੀਣਤਾ ਤਾਂ ਨਿਆਂ- ਅਨਿਆਂ ਤੇ ਧਰਮ - ਅਧਰਮ ਦਾ ਕੋਈ ਲਿਹਾਜ਼ ਨਹੀਂ ਕਰਦੀ। ਧਰਮ ਆਖਦਾ ਹੈ ਕਿ ਇੱਕ ਹੀ ਸੱਤਾ ਸਾਰੇ ਜਗਤ ਵਿਚ ਵਿਆਪਤ ਹੈ। ਮਨੁੱਖ ਤੇ ਕੁਦਰਤ ਦੀ ਹਰ ਚੀਜ਼ ਵਿਚ ਇੱਕ ਅਦਰੂਨੀ ਰਿਸ਼ਤਾ ਹੈ। ਇਸ ਰਿਸ਼ਤੇ ਅਸੀਂ ਵਿਸਾਰ ਦਿੱਤਾ। ਦੂਜੇ ਜੀਵਾਂ ਦੀ ਹੋਂਦ ਨੂੰ ਸਮਾਪਤ ਕਰਕੇ ਸਹੇੜਿਆ ਗਿਆ ਵਿਕਾਸ ਹਿੰਸਕ ਹੈ ਤੇ ਹਿੰਸਾ ਵਿਚੋਂ ਕਦੇ ਸੁੱਖ, ਸਮਰਿੱਧੀ ਤੇ ਸ਼ਾਂਤੀ ਪੈਦਾ ਨਹੀਂ ਹੁੰਦੇ। ਅਸੀਂ ਜਦ ਜਗਤ ਵਿਚ ਸਭ ਥਾਂ ਵਿਆਪਤ ਈਸ਼ਵਰ ਨੂੰ ਨਜ਼ਰਅੰਦਾਜ਼ ਕਰਦੇ ਹਾਂ ਤਾਂ ਇਹ ਇਕ ਅਪਰਾਧ ਹੀ ਹੈ ਤੇ ਉਸਦਾ ਪਰਿਣਾਮ ਸਾਨੂੰ ਭੁਗਤਣਾ ਹੀ ਪਵੇਗਾ। ਅੱਜ ਸਾਨੂੰ ਸਾਰਿਆਂ ਨੂੰ ਕੁਦਰਤ ਤੇ ਵਾਤਾਵਰਣ ਦੀ ਚਿੰਤਾ ਹੋਈ ਹੈ। ਕਿਉਂ? ਇਥੇ ਵੀ ਸਾਡਾ ਸਵਾਰਥ ਹੈ। ਇਹ ਉਪਯੋਗਤਾਵਾਦੀ ਦ੍ਰਿਸ਼ਟੀਕੋਣ ਹੈ। ਅੱਜ ਪਾਣੀ ਖਤਮ ਹੋਣ ਦੀ ਚਿੰਤਾ ਹੈ, ਆਪਣੀ ਸਿਹਤ ਦੀ ਚਿੰਤਾ ਹੈ, ਆਪਣੇ ਭੋਗ ਨੂੰ ਬਣਾਈ ਰੱਖਣ ਦੀ ਚਿੰਤਾ ਹੈ,ਇਸੇ ਕਰਕੇ ਅਸੀਂ ਵਾਤਾਵਰਣ ਦੀ ਚਿੰਤਾ ਕਰ ਰਹੇ ਹਾਂ। ਇਹ ਉਪਯੋਗਤਾਵਾਦੀ ਸਵਾਰਥ ਦ੍ਰਿਸ਼ਟੀ ਹੈ, ਧਰਮ ਦ੍ਰਿਸ਼ਟੀ ਨਹੀਂ। ਅੱਜ ਅਸੀਂ ਜਦੋਂ ਵਾਤਾਵਰਣ ਦੀ ਗੱਲ ਕਰਦੇ ਹਾਂ ਤਾਂ ਸਾਡੀ ਨਿਗਾਹ ਵਿਚ ਸਿਰਫ ਮਨੁੱਖ ਹੁੰੰਦਾ ਹੈ। ਅਸੀਂ ਬੁੱਢਾ ਦਰਿਆ ਦੀ ਫਿਕਰ ਓਸ ਵੇਲੇ ਸ਼ੁਰੂ ਕੀਤੀ ਜਦੋਂ ਮਾਲਵੇ ਵਿਚ ਕੈਂਸਰ ਦੀ ਬੀਮਾਰੀ ਸਿਰ ਚੜ੍ਹ ਕੇ ਬੋਲਣ ਲੱਗ ਪਈ। ਬੁੱਢਾ ਦਰਿਆ ਕੋਈ ਇੱਕ ਦਿਨ 'ਚ ਤਾਂ ਮਰਿਆ ਨਹੀਂ। ਉਸ ਨੂੰ ਦਰਿਆ ਤੋਂ ਨਾਲ ਤੇ ਫੇਰ ਗੰਦਾ ਨਾਲ ਬਣਨ ਵਿਚ ਕੁੱਝ ਦਹਾਕੇ ਲੱਗੇ। ਸਾਡੀ ਧਰਮ ਦ੍ਰਿਸ਼ਟੀ ਤਾਂ ਆਖ ਰਹੀ ਸੀ ਕਿ ਉਸ ਵਿਚ ਗੰਦਗੀ ਦਾ ਇੱਕ ਕਤਰਾ ਨਾ ਜਾਵੇ ਪਰ ਇਸ ਸਵਾਲ ਨੂੰ ਖੜ੍ਹਾ ਹੋਣ ਲਈ ਚਾਰ ਦਹਾਕੇ ਲੱਗ ਗਏ। ਚਾਰ ਦਹਾਕਿਆਂ ਵਿਚ ਬੁੱਢਾ ਦਰਿਆ ਵਿਚ ਰਹਿਣ ਵਾਲੇ ਜੀਵ ਜੰਤੂ ਤਾਂ ਅਲੋਪ ਹੋਏ ਹੀ ਤੇ ਜਦੋਂ ਉਹ ਜ਼ਹਿਰੀਲਾ ਬਣਕੇ ਸਤਲੁਜ ਨੂੰ ਵੀ ਮਾਰਨ ਤੁਰ ਪਿਆ-ਅਸੀਂ ਓਦੋਂ ਚੇਤੇ। ਸਾਡੇ ਧਰਮ ਵਿਚ ਤਾਂ ਨਦੀਆਂ ਨੂੰ ਮਾਂ ਵਰਗਾ ਸਤਿਕਾਰ ਦੇਣ ਦੀ ਵਿਰਾਸਤ ਹੈ। ਪਰ ਲੁਧਿਆਣੇ ਦਾ ਬੁੱਢਾ ਦਰਿਆ ਦੇਖਦਿਆਂ ਦੇਖਦਿਆਂ ਜੀਵਨ ਦੇਣ ਵਾਲੀ ਮਾਂ ਤੋਂ ਬਦਲ ਕੇ ਜੀਵਨ ਲੈਣ ਵਾਲੀ ਡਾਇਣ ਬਣਾ ਦਿੱਤਾ ਗਿਆ। ਮਜ਼ੇਦਾਰ ਗੱਲ ਇਹ ਹੈ ਕਿ ਜਿੰਨ੍ਹਾਂ ਲੋਕਾਂ ਦੀਆਂ ਫੈਕਟਰੀਆਂ ਜਾਂ ਜਿੰਨਾਂ ਲੋਕਾਂ ਕੋਲ ਬੁੱਢਾ ਦਰਿਆ ਨੂੰ ਸਾਫ ਰੱਖਣ ਦੀਆਂ ਜ਼ਿੰਮੇਂਦਾਰੀਆਂ ਸਨ ਉਹ ਪਿਛਲੇ ਚਾਰ ਦਹਾਕਿਆਂ ਵਿਚ ਆਪਣੀ ਪਾਪ ਮੁਕਤੀ ਲਈ ਗੰਗਾ ਇਸ਼ਨਾਨ ਕਰਨ ਜਾਂਦੇ ਰਹੇ ਹੋਣਗੇ ਪਰ ਘਰ ਦੇ ਕੋਲ ਵਹਿੰਦੀ ਗੰਗਾ ਨੂੰ ਮਾਰਨ ਵਿਚ ਉਹਨਾਂ ਨੂੰ ਕੋਈ ਸ਼ਰਮ ਜਾਂ ਤਕਲੀਫ ਨਹੀਂ ਹੋਈ। ਉਨ੍ਹਾਂ ਦੀ ਵਿਅਕਤੀਗਤ ਧਰਮ ਚੇਤਨਾ ਏਨੀ ਕੁ ਸੰਕੀਰਨ ਹੋ ਗਈ ਕਿ ਧਾਰਮਿਕ ਕਰਮਕਾਂਡਾਂ ਤੋਂ ਉਪਰ ਉੱਠ ਕੇ ਉਨ੍ਹਾਂ ਨੂੰ ਧਰਮ ਦੇ ਵਿਆਪਕ ਸਰੂਪ ਦਾ ਚੇਤਾ ਹੀ ਨਹੀਂ ਰਿਹਾ ਨਹੀਂ ਤਾਂ ਉਹਨਾਂ ਵਿਚੋਂ ਕਈਆਂ ਨੇ ਇਸ ਦਾ ਵਿਚਾਰ ਕੀਤਾ ਹੁੰਦਾ। (ਬਾਕੀ ਅਗਲੇ ਅੰਕ 'ਚ) ਮੋਬਾ: 98726 82161

ਨਰਮੇ ਦੇ ਬੂਟੇ ਮੱਧਰੇ ਰਹਿਣ ਕਾਰਨ ਕਿਸਾਨ ਚਿੰਤੁਤ

ਗਿੱਦੜਬਾਹਾ, 17 ਸਤੰਬਰ (ਗੁਰਤੇਜ ਭਲਾਈਆਣਾ)-ਇਸ ਖ਼ੇਤਰ ਦੇ ਕਿਸਾਨਾਂ ਵੱਲੋਂ ਰਸਾਇਣਿਕ ਖ਼ਾਦਾਂ ਅਤੇ ਧੜਾ-ਧੜ ਸਪ੍ਰੇਆਂ ਕਰਨ ਦੇ ਬਾਵਜੂਦ ਵੀ ਨਰਮੇ ਦਾ ਮਧਰਾ ਕੱਦ ਹੁਣ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਮਹਿਜ ਡੇਢ ਦੋ ਫ਼ੁੱਟ ਤੱਕ ਕੱਦ ਵਾਲੇ ਖਿੜੇ ਨਰਮੇ ਨੂੰ ਚੁੱਗਣ ਵਾਸਤੇ ਚੋਣੇ ਵੀ ਹੁਣ ਜਵਾਬ ਦੇ ਰਹੇ ਹਨ। ਬਹੁ ਗਿਣਤੀ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵੱਲੋਂ ਪ੍ਰਵਾਨਿਤ ਬੀ. ਟੀ. ਨਰਮਾ ਹੀ ਬੀਜਿਆ ਸੀ ਪ੍ਰੰਤੂ ਫ਼ਿਰ ਵੀ ਮਧਰੇ ਕੱਦ ਦੀ ਸਮੱਸਿਆ ਖੜ੍ਹੀ ਹੋ ਗਈ। ਅੰਦਾਜ਼ੇ ਅਨੁਸਾਰ ਇਸ ਖੇਤਰ ਦੇ 30-35 ਫ਼ੀਸਦੀ ਦੇ ਕਰੀਬ ਕਿਸਾਨਾਂ ਨੇ ਨਰਮੇ ਦਾ ਕੱਦ ਔਸਤ ਤੋਂ ਘੱਟ ਹੈ। ਪਿੰਡ ਲਾਲਬਾਈ ਦੇ ਕਿਸਾਨ ਜਰਨੈਲ ਸਿੰਘ ਅਤੇ ਪਿਉਰੀ ਦੇ ਮੰਦਰ ਸਿੰਘ ਨੇ ਦੱਸਿਆ ਕਿ ਨਰਮੇ ਦੀ ਫ਼ਸਲ ਨੂੰ ਪੂਰੇ ਖੁਰਾਕੀ ਤੱਤ ਦੇਣ ਅਤੇ ਜ਼ਮੀਨ ਉਪਜਾਊ ਹੋਣ 'ਤੇ ਵੀ ਉਹ ਕੱਦ ਵਧਾਉਣ ਦੀ ਪੂਰੀ ਵਾਹ ਲਾ ਕੇ ਅਸਫ਼ਲ ਰਹੇ। ਦੂਜੇ ਪਾਸੇ ਕੁਝ ਪਿੰਡਾਂ ਵਿਚ ਨਰਮੇ ਦੀ ਫ਼ਸਲ 'ਤੇ ਤੰਬਾਕੂ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ ਹੈ। ਮੌਸਮ ਵਿਚ ਸਿੱਲ੍ਹਾਪਣ ਆਉਣ ਅਤੇ ਨਦੀਨਾਂ ਦੀ ਬਹੁਤਾਤ ਕਾਰਨ ਇਹ ਹਮਲਾ ਹੋਇਆ ਦੱਸਿਆ ਜਾਂਦਾ ਹੈ। ਹਲਕੇ ਦੇ ਪਿੰਡਾਂ ਕੋਟਭਾਈ, ਸਾਹਿਬਚੰਦ, ਮਧੀਰ, ਭਲਾਈਆਣਾ, ਕੋਟਲੀ ਅਬਲੂ, ਛੱਤੇਆਣਾ, ਰੁਖ਼ਾਲ਼ਾ ਅਤੇ ਗੁਰੂਸਰ ਆਦਿ ਪਿੰਡਾਂ ਦੇ ਕੁਝ ਖ਼ੇਤਾਂ ਵਿਚ ਤੰਬਾਕੂ ਸੁੰਡੀ ਦਾ ਹਮਲਾ ਹੋਇਆ ਦੱਸਿਆ ਗਿਆ ਹੈ ਜਿਸਦੀ ਪੁਸ਼ਟੀ ਖੇਤੀ ਅਧਿਕਾਰੀਆਂ ਨੇ ਵੀ ਕੀਤੀ ਹੈ ਪ੍ਰੰਤੂ ਇਹ ਹਮਲਾ ਖ਼ਤਰੇ ਤੋਂ ਬਾਹਰ ਦੱਸਿਆ ਗਿਆ ਹੈ। ਇਸ ਮਸਲੇ ਸਬੰਧੀ ਸੰਪਰਕ ਕੀਤੇ ਜਾਣ 'ਤੇ ਬਲਾਕ ਖੇਤੀਬਾੜੀ ਅਫ਼ਸਰ ਸ: ਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਦੇ ਹਰੇਕ ਵੀਰਵਾਰ ਜ਼ਿਲ੍ਹਾ ਪੱਧਰੀ ਟੀਮ ਗਿੱਦੜਬਾਹਾ ਦੇ ਖ਼ੇਤਾਂ ਦਾ ਦੌਰਾ ਕਰਦੀ ਹੈ, ਜਿਸਦੀ ਰਿਪੋਰਟ ਅਨੁਸਾਰ ਸਥਿਤੀ ਕਾਬੂ ਹੇਠ ਹੈ ਅਤੇ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀ ਹੈ। ਮਧਰੇ ਕੱਦ ਦੀ ਸਮੱਸਿਆ ਸਬੰਧੀ ਪੁੱਛੇ ਜਾਣ 'ਤੇ ਖੇਤੀ ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਪਾਣੀ ਦੇ ਸਾਧਨਾਂ ਦੀ ਘਾਟ ਅਤੇ ਔੜ ਦੀ ਵਜ੍ਹਾ ਕਰਕੇ ਹੋਇਆ ਹੈ। (ਰੋਜ਼ਾਨਾ ਅਜੀਤ)

ਕਿਸਾਨਾਂ ਬੀ.ਟੀ. ਨਰਮੇ ਦੀ ਫਸਲ ਵਾਹੀ

ਖੂਈਆਂ ਸਰਵਰ, 17 ਸਤੰਬਰ (ਸੁਖਜੀਤ ਸਿੰਘ ਬਰਾੜ)-ਬੀ.ਟੀ. ਨਰਮੇ ਨੇ ਤਾਂ ਇਸ ਵਾਰ ਬਾਈ ਮਾਜ ਕੇ ਰੱਖ ਦਿੱਤੇ ਇਹ ਕਹਿਣਾ ਹੈ ਨਰਮੇ ਦੀ ਪੱਟੀ ਦੇ ਅੱਕੇ ਹੋਏ ਕਿਸਾਨਾਂ ਦਾ। ਪਿੰਡ ਦੌਲਤਪੁਰਾ ਦੇ ਕਿਸਾਨ ਪੂਰਨ ਚੰਦ ਨੇ ਚਾਰ ਕਿੱਲੇ ਰਾਸੀ ਨਰਮਾ ਵਾਹ ਦਿੱਤਾ ਹੈ। ਕਿਸਾਨ ਰਾਜਿੰਦਰਪਾਲ ਸਿੰਘ ਨੇ 12 ਏਕੜ ਨਰਮੇ ਦੇ ਟਿੰਡੇ ਤੋੜ ਕੇ ਕੰਮ ਨੱਕੀ ਕਰ ਦਿੱਤਾ ਹੈ। ਬੜੀ ਮੁਸ਼ਕਿਲ ਨਾਲ 2 ਕੁਇੰਟਲ ਕਿਲੇ ਦਾ ਝਾੜ ਨਿਕਲਿਆ ਹੈ। ਬੀਜ ਦਾ ਖਰਚਾ ਵੀ ਨਹੀਂ ਮੁੜਿਆ। ਪਿੰਡ ਦੌਲਤਪੁਰਾ ਦੇ ਹੀ ਕਿਸਾਨ ਰਾਜਿੰਦਰ ਕੁਮਾਰ ਨੇ ਚਾਰ ਏਕੜ ਬੀ.ਟੀ. ਨਰਮੇ 'ਚ ਅੱਜ ਪਸ਼ੂ ਚਰਾ ਦਿਤੇ ਹਨ। ਕਈ ਕੰਪਨੀਆਂ ਦੇ ਬੀਜ ਮਾੜੇ ਨਿਕਲੇ ਹਨ। (ਰੋਜ਼ਾਨਾ ਅਜੀਤ)

ਤੰਦਰੁਸਤੀ ਬਖ਼ਸ਼ਦੇ ਵੰਨ ਸੁਵੰਨੇ ਭੋਜਨ

ਬੇਬੇ ਦੀ ਰਸੋਈ
ਤੰਦਰੁਸਤੀ ਬਖ਼ਸ਼ਦੇ ਵੰਨ ਸੁਵੰਨੇ ਭੋਜਨ
ਭੋਜਨ ਜਾਂ ਆਹਾਰ ਸਾਡੇ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਹੈ। ਇਸਦੀ ਅਹਿਮੀਅਤ ਅਤੇ ਸਾਡੇ ਜੀਵਨ ਵਿੱਚ ਇਸਦੇ ਮਹੱਤਵ ਦਾ ਅੰਦਾਜ਼ ਹਿੰਦੁਸਤਾਨ ਦੇ ਅਨੇਕ ਇਲਾਕਿਆਂ ਵਿੱਚ ਪ੍ਰਚੱਲਿਤ ਭੋਜਨ -ਸੰਸਕ੍ਰਿਤੀ ਸ਼ਬਦ ਤੋਂ ਹੀ ਲਾਇਆ ਜਾ ਸਕਦਾ ਹੈ। ਸਾਡੇ ਸਮਾਜ ਵਿੱਚ ਆਹਾਰ ਦੇ ਮੂਲ, ਅੰਨ ਨੂੰ 'ਬ੍ਰਹਮ' ਤੱਕ ਆਖਿਆ ਗਿਆ ਹੈ। ਉਸਨੂੰ ਜੀਵਨਦਾਈ ਅਤੇ ਪਾਲਣਹਾਰ ਮੰਨਿਆਂ ਗਿਆ ਹੈ। ਸਾਡੇ ਸਮਾਜ ਵਿਚ ਆਹਾਰ ਦੀ ਤ੍ਰਿਗੁਣਮਈ ਧਾਰਨਾ- ਸਾਤਵਿਕ, ਤਾਮਸਿਕ ਤੇ ਰਾਜਸਿਕ ਵੀ ਸਵੀਕਾਰ ਕੀਤੀ ਗਈ ਹੈ । ਜਿਹਦੇ ਤਹਿਤ ਸਾਤਵਿਕ ਭੋਜਨ ਨੂੰ ਸ਼ਰੀਰ ਤੇ ਮਨ ਦੋਹਾਂ ਲਈ ਸਰਵਉੱਤਮ ਮੰਨਿਆਂ । ਕੁਦਰਤ ਦੀਆਂ ਨਿਆਮਤਾਂ ਨਾਲ ਭਰਪੂਰ ਇਹ ਭੋਜਨ ਸਾਡੇ ਸ਼ਰੀਰ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਕਰਨ ਵਾਲਾ, ਬੇਹੱਦ ਸੰਤੁਲਤ ਤੇ ਪੌਸ਼ਟਿਕ ਭੋਜਨ ਹੁੰਦਾ ਸੀ। ਏਥੇ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਦਾ ਆਧਾਰ ਸਾਤਵਿਕ ਭੋਜਨ ਹੁੰਦਾ ਹੈ ਨਾ ਕਿ ਦਵਾਈਆਂ ਦੀਆਂ ਪੁੜੀਆਂ। ਕਿਉਂਕ ਪੌਸ਼ਟਿਕ ਭੋਜਨ ਸਦਕਾ ਮਨ ਅਤੇ ਸ਼ਰੀਰ ਨੂੰ ਰੋਗਮੁਕਤ ਤੇ ਬਲਵਾਨ ਬਣਦੇ ਹਨ। ਸਾਡੇ ਪੁਰਖਿਆਂ ਨੇ ਇਸ ਚੀਜ਼ ਦਾ ਡੂੰਘਾ ਵਿਸ਼ਲੇਸ਼ਣ ਕੀਤਾ ਸੀ ਕਿ ਮਨੁੱਖੀ ਸ਼ਰੀਰ ਦੇ ਸੁਚੱਜੇ ਪੋਸ਼ਣ ਲਈ ਕਿਹੜੇ ਤੱਤਾਂ ਦੀ ਲੋੜ ਤੇ ਉਹ ਤੱਤ ਭੋਜਨ ਵਿਚ ਸਹਿਜੇ ਵੀ ਸ਼ਾਮਿਲ ਹੋਣ, ਇਸ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਸੀ। ਭੋਜਨ ਪ੍ਰਤੀ ਇਹ ਡੂੰਘਾ ਵਿਚਾਰ ਇੱਕ ਸਹਿਜ ਲੋਕ ਵਿਗਿਆਨ 'ਤੇ ਅਧਾਰਤ ਸੀ ਜਿਸਨੂੰ ਵਧਾਉਣ 'ਚ ਚਿਰਕਾਲ ਤੋਂ ਇਸਤ੍ਰੀਆਂ ਅਹਿਮ ਭੂਮਿਕਾ ਨਿਭਾਂਉਂਦੀਆਂ ਆ ਰਹੀਆਂ ਹਨ। ਪੰਜਾਬ ਅੰਦਰ ਇਹ ਭੋਜਨ ਸੰਸਕ੍ਰਿਤੀ ਜਾਂ ਆਹਾਰ ਦੀ ਇਹ ਵਿਰਾਸਤ ਬੜੀ ਡੂੰਘੀ, ਵਿਸ਼ਾਲ ਤੇ ਬਹੁਤ ਵੰਨਗੀਆਂ ਭਰਪੂਰ ਰਹੀ ਹੈ। ਪਰ ਪਿਛਲੇ ਪੰਜਾਹ ਕੁ ਸਾਲਾਂ ਦੌਰਾਨ ਵਿਕਾਸ ਦੇ ਨਾਮ 'ਤੇ ਸਾਡੇ ਉੱਤੇ ਲੱਦੇ ਗਏ ਪੱਛਮੀ ਸਭਿਆਚਾਰ ਦੇ ਤੂਫਾਨ ਨੇ ਸਾਡੀ ਭੋਜਨ ਸੰਸਕ੍ਰਿਤੀ ਨੂੰ ਖੇਰੂੰ ਖੇਰੂੰ ਕਰ ਦਿੱਤਾ ਹੈ। ਇਸ ਵਿੱਚ ਬਹੁਤ ਵੱਡਾ ਯੋਗਦਾਨ ਓਸ ਸੋਚ ਦਾ ਹੈ ਜਿਸਦਾ ਜਨਮ ਹਰੇ ਇਨਕਲਾਬ ਤੋਂ ਹੋਇਆ ਤੇ ਜਿਸ ਨੇ ਭੋਜਨ ਬਾਰੇ ਸਾਡੇ ਸਮਰੱਥ ਵਿਚਾਰ ਨੂੰ ਤਹਿਸ-ਨਹਿਸ ਕਰ ਦਿੱਤਾ। ਅਸੀਂ ਪਰਵਾਰ ਦੇ ਲੋਕਾਂ ਦੀ ਸਿਹਤ ਅਤੇ ਆਸ ਪਾਸ ਮੌਜੁੂਦ ਕੁਦਰਤ ਦਾ ਖਿਆਲ ਛੱਡ ਕੇ ਬਾਜ਼ਾਰ ਦਾ ਹੀ ਵਿਚਾਰ ਕਰਨ ਲੱਗ ਪਏ। ਅਸੀਂ ਬਾਜ਼ਾਰ ਲਈ ਹੀ ਅੰਨ ਉਗਾਉਣਾ ਸ਼ੁਰੂ ਕਰ ਦਿੱਤਾ। ਸਾਡੇ ਖੇਤ ਬਾਜ਼ਾਰੀ ਤਾਕਤਾਂ ਦੀ ਮੰਗ ਨੂੰ ਪੂਰਾ ਕਰਨ ਦੇ ਖਿੱਤੇ ਬਣਕੇ ਰਹਿ ਗਏ, ਜਿੰਨ੍ਹਾਂ ਵਿਚ ਪਰਵਾਰ, ਸਿਹਤ ਤੇ ਕੁਦਰਤ ਦਾ ਕੋਈ ਸਥਾਨ ਨਹੀਂ ਰਿਹਾ। ਸਾਡੀਆਂ ਫਸਲਾਂ ਬਦਲੀਆਂ ਤਾਂ ਸੁਭਾਵਿਕ ਹੀ ਸਾਡੇ ਖਾਣਿਆਂ ਨੇ ਵੀ ਬਦਲਣਾ ਸੀ, ਸੋ ਬਦਲ ਗਏ। ਅਸੀਂ ਸਬਜ਼ੀਆਂ ਬੀਜਣੀਆਂ ਛੱਡੀਆਂ, ਅਸੀਂ ਕੁਦਰਤ ਤੋਂ ਦੂਰ, ਬਹੁਤ ਦੂਰ ਹੁੰਦੇ ਗਏ ਜਿਸਦਾ ਅਸਰ ਭੋਜਨ ਪ੍ਰਤੀ ਸਾਡੀ ਸੋਚ 'ਤੇ ਵੀ ਪਿਆ। ਹਰੇ ਇਨਕਲਾਬ ਦੀ ਲੰਗੜੀ-ਲੂਲ੍ਹੀ ਸੋਚ ਨੇ ਸਾਨੂੰ ਦੱਸਿਆ ਕਿ ਖੇਤ ਵਿੱਚ ਸਾਡੇ ਵੱਲੋਂ ਬੀਜੀ ਗਈ ਫਸਲ ਤਂੋ ਇਲਾਵਾ ਬਾਕੀ ਸਭ ਕੁੱਝ ਨਦੀਨ ਹੈ। ਇਸ ਗੱਲ ਦਾ ਨਤੀਜਾ ਇਹ ਹੋਇਆ ਕਿ ਕੁਦਰਤ ਵਿਚ ਸਹਿਜ ਰੂਪ ਵਿਚ ਪ੍ਰਾਪਤ ਹੋਣ ਵਾਲੇ ਅਨੇਕਾਂ ਸਾਗ, ਸਬਜ਼ੀਆਂ ਤੇ ਜੜੀਆਂ-ਬੂਟੀਆਂ ਨੂੰ ਅਸੀਂ ਆਪਣਾ ਦੁਸ਼ਮਨ ਹੀ ਮੰਨ ਲਿਆ। ਅਸੀਂ ਨਦੀਨ ਨਾਸ਼ਕ ਛਿੜਕ ਕੇ ਇਹਨਾਂ (ਦੁਸ਼ਮਨਾਂ) ਦਾ ਸਫਾਇਆ ਕਰਨ ਲੱਗ ਪਏ। ਨਤੀਜਾ ਇਹ ਹੋਇਆ ਕਿ ਸਾਡਾ ਭੋਜਨ- ਅਸੰਤੁਲਤ, ਅਪੂਰਨ, ਪੌਸ਼ਟਿਕਤਾ ਤੋਂ ਸੱਖਣਾ ਤੇ ਇੱਕ ਹੱਦ ਤੱਕ ਪੰਜਾਬ ਦੇ ਪੌਣ ਪਾਣੀ ਮੁਤਾਬਿਕ ਅਢੁੱਕਵਾਂ ਹੋ ਗਿਆ।ਅੱਜ ਪੰਜਾਬ ਵਿਚ ਵਧ ਰਹੀਆਂ ਬੀਮਾਰੀਆਂ ਖਾਸ ਕਰਕੇ ਬੱਚਿਆਂ (ਖਾਸ ਕਰਕੇ ਲੜਕੀਆਂ) ਵਿਚ ਖੂਨ ਦੀ ਕਮੀ, ਪ੍ਰਜਣਨ ਰੋਗ, ਖਾਸ ਕਰਕੇ ਛੋਟੀਆਂ ਲੜਕੀਆਂ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਵਧੀਆਂ ਹਨ ਤੇ ਕੁੱਲ ਸਿਹਤਾਂ ਦਾ ਮਿਆਰ ਗਰਕ ਗਿਆ ਹੈ। ਅਸੀਂ ਘਰਾਂ ਵਿੱਚ ਕੈਲਸ਼ੀਅਮ ਤੇ ਆਇਰਨ ਦੇ ਕੈਪਸੂਲ ਔਰਤਾਂ ਤੇ ਬੱਚਿਆਂ ਨੂੰ ਖੁਆ ਕੇ ਆਪਣੇ ਆਪ ਨੂੰ ਆਧੁਨਿਕਤਾ ਦੇ ਛਲਾਵੇ 'ਚ ਪਾਈ ਫਿਰਦੇ ਹਾਂ। ਪਰ ਸੱਚ ਤਾਂ ਇਹ ਹੈ ਕਿ ਅਸੀ ਆਣੀਆਂ ਰਵਾਇਤੀ ਫਸਲਾਂ ਤੇ ਰਵਾਇਤੀ ਖਾਣਿਆਂ ਨੂੰ ਵਿਸਾਰੀ ਬੈਠੇ ਹਾਂ ਜਿਹੜੇ ਕਿ ਸ਼ਰੀਰ ਲਈ ਜ਼ਰੂਰੀ ਪੌਸ਼ਟਿਕ ਤੱਤਾਂ- ਲੋਹਾ, ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਫਾਸਫੋਰਸ, ਚਿਕਨਾਈ ਤੇ ਸੂਖ਼ਮ ਪੌਸ਼ਟਿਕ ਤੱਤਾਂ-ਬੀਟਾ ਕੈਰੋਟੀਨ, ਫੋਲਿਕ ਐਸਿਡ ਆਦਿ ਨਾਲ ਭਰਪੂਰ ਹੁੰਦੇ ਸਨ। ਅਸੀਂ ਬਾਜ਼ਾਰ ਦੇ ਵੱਸ ਪੈ ਕੇ ਆਪਣੀ ਭੋਜਨ ਸੰਸਕ੍ਰਿਤੀ ਤੋਂ ਬੇਮੁੱਖ ਹੋ ਗਏ ਹਾਂ।ਖੇਤੀ ਵਿਰਾਸਤ ਮਿਸ਼ਨ ਦੀ ਇਸਤ੍ਰੀ ਇਕਾਈ ਨੇ ਇਸ ਟੁੱਟੇ ਹੋਏ ਤਾਣੇ-ਬਾਣੇ ਅਤੇ ਵਿਸਾਰੀ ਜਾ ਚੁੱਕੀ ਭੋਜਨ ਸੰਸਕ੍ਰਿਤੀ ਨਾਲ ਮੁੜ ਤੋਂ ਰਿਸ਼ਤਾ ਜੋੜਨ ਦਾ ਉਪਰਾਲਾ ਸ਼ੁਰੂ ਕੀਤਾ ਹੈ। ਇਸ ਉਪਰਾਲੇ ਦੇ ਦੋ ਪੱਖ ਹਨ-ਖੇਤਾਂ ਤੇ ਘਰਾਂ ਵਿਚ ਜ਼ਹਿਰ ਮੁਕਤ ਖੇਤੀ ਦੇ ਨਾਲ ਨਾਲ ਉਹਨਾਂ ਮੋਟੇ ਅਨਾਜਾਂ ਤੇ ਸਬਜ਼ੀਆਂ ਨੂੰ ਘਰੇਲੂ ਖਪਤ ਲਈ ਮੁੜ ਤੋਂ ਵਾਪਿਸ ਲਿਆਉਣਾ ਜੋ ਪਰਵਾਰ ਨੂੰ ਇੱਕ ਪਾਸੇ ਤਾਂ ਨਰੋਈ ਦਾ ਵਰ ਦਿੰਦੇ ਸਨ (ਸਿਹਤ ਸੁਰੱਖਿਆ ਪ੍ਰਦਾਨ ਕਰਦੇ ਸਨ) ਤੇ ਦੂਜੇ ਪਾਸੇ ਸਾਡੀ ਪੇਂਡੂ ਆਰਥਿਕਤਾ ਨੂੰ ਵੀ ਮਜ਼ਬੂਤੀ ਪ੍ਰਦਾਨ ਕਰਦੇ ਸਨ।ਅਸੀਂ ਸਾਡੇ ਸਮਾਜ ਦੀਆਂ ਬਜ਼ੁਰਗ ਔਰਤਾਂ ਖਾਸਕਰ ਸਾਡੀ ਦਾਦੀ ਮਾਂ-ਨਾਨੀ ਮਾਂ ਤੋਂ ਭੋਜਨ ਦੀ ਵਿਰਾਸਤ ਤੇ ਉਸ ਨਾਲ ਜੁੜੇ ਗਿਆਨ ਨੂੰ ਸਮਝਕੇ ਲਿਖਤ ਰੂਪ ਵਿੱਚ ਪੰਜਾਬ ਦੀ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਨਿਮਾਣਾ ਜਿਹਾ ਯਤਨ ਅਰੰਭਿਆ ਹੈ। ਇਹ ਪੁਸਤਕ ਇਸੇ ਯਤਨ ਦੀ ਇੱਕ ਅਹਮਿ ਕੜੀ ਹੈ। ਅਸੀਂ ਪੰਜਾਬ ਦੇ ਸਾਰੇ ਭੂਗੋਲਿਕ ਖਿੱਤਿਆਂ-ਮਾਝਾ, ਮਾਲਵਾ, ਦੁਆਬਾ, ਕੰਢੀ ਤੇ ਪੁਆਧ ਆਦਿ ਦੇ ਪਿੰਡਾਂ ਵਿਚ ਪ੍ਰਚਲਿਤ ਖਾਣਿਆਂ ਦੀ ਜਾਣਕਾਰੀ ਨੂੰ ਸੰਕਲਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਬੇਝਿਜਕ ਇਹ ਮੰਨਦੇ ਹਾਂ ਕਿ ਇਹ ਇੱਕ ਬਹੁਤ ਵੱਡੇ ਕੰਮ ਦੀ ਬੜੀ ਨਿਮਾਣੀ ਜਿਹੀ ਸ਼ੁਰੂਆਤ ਹੈ।ਇਸ ਪੁਸਤਕ ਨੂੰ ਤਿਆਰ ਕਰਨ ਵਿਚ ਸਹਿਯੋਗ ਕਰਨ ਲਈ ਅਸੀਂ ਬੀਬੀ ਅਮਰਜੀਤ ਕੌਰ (ਭੋਤਨਾ-ਜ਼ਿਲ੍ਹਾ ਬਰਨਾਲਾ), ਰਾਜਵਿੰਦਰ ਕੌਰ (ਭੋਤਨਾ-ਜ਼ਿਲ੍ਹਾ ਬਰਨਾਲਾ), ਬਲਬੀਰ ਦਾਦੀ (ਦੌਧਰ-ਜ਼ਿਲ੍ਹਾ ਮੋਗਾ), ਸਰਬਜੀਤ ਕੌਰ (ਅੰਮ੍ਰਿਤਸਰ), ਬਲਵਿੰਦਰ ਕੌਰ (ਕਾਕੜਾਕਲਾਂ-ਜ਼ਿਲ੍ਹਾ ਜਲੰਧਰ), ਗੁਰਮੀਤ ਕੌਰ (ਦਬੜ੍ਹੀਖਾਨਾ-ਜ਼ਿਲ੍ਹਾ ਫ਼ਰੀਦਕੋਟ), ਮਹਿੰਦਰ ਕੌਰ (ਮਾਝੀ-ਸੰਗਰੂਰ), ਬਲਜੀਤ ਕੌਰ (ਚੈਨਾ-ਜ਼ਿਲ੍ਹਾ ਫ਼ਰੀਦਕੋਟ), ਰਣਜੀਤ ਕੌਰ (ਦਬੜ੍ਹੀਖਾਨਾ-ਜ਼ਿਲ੍ਹਾ ਫ਼ਰੀਦਕੋਟ), ਬਲਵਿੰਦਰ ਕੌਰ (ਝੀਤੇ ਕਲਾਂ-ਜ਼ਿਲ੍ਹਾ ਅੰਮ੍ਰਿਤਸਰ), ਰਜਨੀ ਤੇ ਗੁਰਮੀਤ ਕੌਰ (ਭੱਖਲਾਂ-ਜ਼ਿਲ੍ਹਾ ਹੁਸ਼ਿਆਰਪੁਰ), ਹੁਕਮ ਕੌਰ (ਜਰਬਦੀਵਾਲ-ਜ਼ਿਲ੍ਹਾ ਹੁਸ਼ਿਆਰਪੁਰ), ਪ੍ਰਿੰਸੀਪਲ ਪ੍ਰੋਮਿਲਾ ਕਮਲ (ਕਾਦੀਆਂ-ਜ਼ਿਲ੍ਹਾ ਗੁਰਦਾਸਪੁਰ) ਤੋਂ ਇਲਾਵਾ ਪਿੰਡ ਭੁੱਲਰਾਂ (ਜ਼ਿਲ੍ਹਾ ਸੰਗਰੂਰ), ਪਿੰਡ ਹਰਪੁਰਾ (ਜ਼ਿਲ੍ਹਾ ਗੁਰਦਾਸਪੁਰ) ਦੀਆਂ ਬੀਬੀਆਂ ਦੇ ਵੀ ਬੇਹੱਦ ਧੰਨਵਾਦੀ ਹਾਂ, ਜਿਹਨਾਂ ਦੇੇ ਵੱਡਮੁੱਲੇ ਸਹਿਯੋਗ ਸਦਕਾ ਅਸੀਂ ਆਪਣੇ ਏਸ ਨਿਮਾਣੇ ਜਿਹੇ ਉੱਦਮ ਦੀ ਪਹਿਲੀ ਪੌੜੀ ਚੜ੍ਹਨ ਵਿਚ ਸਫਲ ਹੋਏ ਹਾਂ। ਇਸ ਤੋਂ ਇਲਾਵਾ ਏਸ ਕੰਮ ਵਿਚ ਸਹਿਯੋਗ ਦੇਣ ਹਿਤ ਵੈਦ ਰਤਨ ਸਿੰਘ (ਨਾਰੰਗਵਾਲ-ਲੁਧਿਆਣਾ), ਮਾਸਟਰ ਮਦਨ ਲਾਲ (ਬੁਲ੍ਹੋਵਾਲ-ਜ਼ਿਲ੍ਹਾ ਹੁਸ਼ਿਆਰਪੁਰ), ਜਰਨੈਲ ਸਿੰਘ (ਮਾਝੀ ਜ਼ਿਲ੍ਹਾ ਸੰਗਰੂਰ), ਸੂਬਾ ਸਿੰਘ (ਬਟਾਲਾ) ਦੇ ਵੀ ਬੇਹੱਦ ਧੰਨਵਾਦੀ ਹਾਂ। ਅਸੀਂ ਆਲ ਇੰਡੀਆ ਪਿੰਗਲਾਵਾੜਾ ਚੈਰੀਟੇਬਲ ਟਰੱਸਟ ਦੇ ਮੁਖੀ ਬੀਬੀ ਇੰਦਰਜੀਤ ਕੌਰ ਤੇ ਭਾਰਤ ਵਿਚ ਕੁਦਰਤ ਪੱਖੀ ਵਿਕਾਸ ਤੇ ਖੇਤੀ ਲਈ ਸੰਘਰਸ਼ ਕਰਨ ਵਾਲੀ ਸਿਰੜੀ ਕਾਰਕੁੰਨ ਬੀਬੀ ਕਵਿਤਾ ਕੁਰੂਗੰਟੀ ਵੱਲੋਂ ਪੈਰ -ਪੈਰ 'ਤੇ ਮਿਲੇ ਸਹਿਯੋਗ ਤੇ ਮਾਰਗਦਰਸ਼ਨ ਲਈ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ।
-ਖੇਤੀ ਵਿਰਾਸਤ ਮਿਸ਼ਨ-ਇਸਤ੍ਰੀ ਇਕਾਈ, ਜੈਤੋ
-------------------------------------------------------------------------------------------------
ਮੁਰਮੁਰੇ/ਭੂਤ ਪਿੰਨੇ
ਪਿਛਲੇ ਪੰਜਾਹਾਂ ਕੁ ਸਾਲਾਂ ਵਿਚ ਹਰੀ ਕ੍ਰਾਂਤੀ ਦੇ ਨਾਂਅ ਥੱਲੇ ਅਸੀਂ ਬਹੁਤ ਸਾਰੀਆਂ ਰਵਾਇਤੀ ਫਸਲਾਂ ਨੂੰ ਆਪਣੇ ਫਸਲ ਚੱਕਰ ਵਿੱਚੋਂ ਅਸਲੋਂ ਮਨਫੀ ਕਰ ਦਿੱਤਾ ਹੈ। ਮਸਲਨ ਅੱਜ ਕੱਲ੍ਹ ਮੋਟੇ ਅਨਾਜ ਕਿਤੇ ਵਿਰਲੇ ਟਾਂਵੇਂ ਹੀ ਬੀਜੇ ਜਾਂਦੇ ਹਨ। ਜਵਾਰ, ਬਾਜਰਾ, ਕੰਗਣੀ, ਮੱਢਲ ਆਦਿ ਕਦੇ ਸਾਡੇ ਭੋਜਨ ਦਾ ਮਹੱਤਵਪੂਰਨ ਹਿੱਸਾ ਰਹੇ ਹਨ ਪਰ ਨਵੇਂ ਦੌਰ ਦੀ ਖੇਤੀ ਇਨ੍ਹਾਂ ਨੂੰ ਨਿਗਲ ਗਈ ਹੈ। ਇਹ ਅਨਾਜ ਜਿੱਥੇ ਉਗਾਉਣੇ ਆਸਾਨ ਹਨ, ਓਥੇ ਇਹਨਾਂ ਵਿਚ ਪੌਸ਼ਟਿਕ ਤੱਤ ਵੀ ਹੋਰ ਅਨਾਜਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਮਿਲਦੇ ਹਨ। ਇਹਨਾਂ ਮੋਟੇ ਅਨਾਜਾਂ ਤੋਂ ਸਾਡੇ ਇੱਥੇ ਕਈ ਤਰ੍ਹਾਂ ਦੇ ਵਿਅੰਜਣ ਬਣਦੇ ਰਹੇ ਹਨ। ਇਹਨਾਂ ਮੋਟੇ ਅਨਾਜਾਂ ਦੇ ਦਾਣੇ ਭੁਨਾ ਕੇ, ਪਿੰਨੀਆਂ ਬਣਾ ਕੇ ਖਾਣ ਦਾ ਰਿਵਾਜ਼ ਰਿਹਾ ਹੈ। ਅੱਜ ਕੱਲ੍ਹ ਅਸੀਂ ਬਾਜ਼ਾਰੂ ਮਿਠਿਆਈਆਂ ਦੇ ਪਿੱਛੇ ਲੱਗ ਕੇ ਆਪਣੀ ਇਸ ਰਵਾਇਤ ਨੂੰ ਵਿਸਾਰ ਚੁੱਕੇ ਹਾਂ। ਏਥੇ ਅਸੀਂ ਮੋਟੇ ਅਨਾਜਾਂ ਤੋਂ ਤਿਆਰ ਹੋਣ ਵਾਲੀਆਂ ਪਿੰਨੀਆਂ, ਜਿੰਨ੍ਹਾਂ ਨੂੰ ਪੰਜਾਬ ਦੇ ਵੱਖ ਵੱਖ ਖਿੱਤਿਆਂ ਵੱਖ ਵੱਖ ਨਾਵਾਂ ਨਾਲ ਯਾਦ ਰੱਖਿਆ ਜਾਂਦਾ ਹੈ, ਬਣਾਉਣ ਦੇ ਢੰਗ ਦਰਜ ਕਰ ਰਹੇ ਹਾਂ।
ਬਾਜਰੇ ਦੇ ਭੂਤ ਪਿੰਨੇ
ਸਮਗਰੀ: ਬਾਜਰਾ - ਇੱਕ ਕਿਲੋ, ਗੁੜ - ਅੱਧਾ ਕਿੱਲੋ
ਵਿਧੀ: ਗੁੜ ਦੀ ਪੱਤ : ਅੱਧਾ ਕਿਲੋ ਗੁੜ ਵਿਚ ਬਰਾਬਰ ਪਾਣੀ ਪਾ ਕੇ 20 ਮਿੰਟ ਉਬਾਲੋ। ਜਦੋਂ ਘੋਲ ਸੰਘਣਾ ਤੇ ਚਿਪਚਿਪਾ ਹੋ ਜਾਵੇ ਤਾਂ ਅੱਗ ਬੰਦ ਕਰ ਦਿਓ। ਗੁੜ ਦੀ ਪੱਤ ਤਿਆਰ ਹੈ।ਬਾਜਰੇ ਨੂੰ ਭੁੰਨਕੇ ਇਸ ਦੀਆਂ ਖਿੱਲਾਂ ਬਣਾ ਲਓ। ਹੁਣ ਦੋਹਾਂ (ਬਾਜਰੇ ਦੀਆਂ ਖਿੱਲਾਂ ਅਤੇ ਗੁੜ ਦੀ ਪੱਤ) ਨੂੰ ਆਪਸ ਵਿੱਚ ਮਿਲਾ ਕੇ ਪਿੰਨੀਆਂ ਬਣਾ ਲਓ। ਇਹ ਪਿੰਨੀਆਂ 20 ਵਿਅਕਤੀਆਂ ਲਈ ਕਾਫੀ ਹਨ।
ਕਣਕ ਦੇ ਭੂਤ ਪਿੰਨੇ
ਸਮਗਰੀ: ਕਣਕ - ਲੋੜ ਅਨਸਾਰ ਗੁੜ -ਲੋੜ ਅਨੁਸਾਰ।
ਵਿਧੀ: ਕਣਕ ਨੂੰ15 ਮਿੰਟ ਉਬਾਲ ਕੇ ਸੁਕਾ ਕੇ ਭੁੰਨ ਲਵੋ। ਗੁੜ ਦੀ ਪੱਤ ਬਣਾ ਲਵੋ। ਹੁਣ ਦੋਹਾਂ ਨੂੰ ਮਿਲਾ ਕੇ ਵੱਡੇ-ਵੱਡੇ ਲੱਡੂ ਬਣਾ ਲਵੋ। ਭੁਤ ਪਿੰਨੇ ਤਿਆਰ ਹਨ। ਤਿਲਾਂ ਵਾਲੇ ਲੱਡੂ ਸਮਗਰੀ: ਤਿਲ : ਅੱਧਾ ਕਿਲੋ ਗੁੜ : ਪਾਈਆ ਵਿਧੀ: ਗੁੜ ਦੀ ਚਾਸ਼ਣੀ ਬਣਾ ਲਓ। ਹੁਣ ਉਸ ਵਿੱਚ ਤਿਲ ਪਾ ਕੇ ਦੋਹਾਂ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਲਾਉਣ ਉਪਰੰਤ ਦਰਮਿਆਨੇ ਤੋਂ ਵੱਡੇ ਅਕਾਰ ਦੇ ਗੋਲੇ ਬਣਾ ਲਓ। ਤਿਲਾਂ ਦੇ 20-25 ਲੱਡੂ ਤਿਆਰ ਹਨ। (ਮੱਕੀ ਤੇ ਜਵਾਰ ਦੇ ਭੂਤ ਪਿੰਨੇ ਵੀ ਇਸੇ ਤਰ੍ਹਾਂ ਬਣਾਏ ਜਾ ਸਕਦੇ ਹਨ।)
ਖਿਚੜੀ
ਖਿਚੜੀ ਵੀ ਦਲੀਏ ਵਾਂਗ ਹੀ ਹਲਕੀ, ਛੇਤੀ ਹਜ਼ਮ ਹੋਣ ਵਾਲੀ ਖੁਰਾਕ ਹੈ। ਹੋਰ ਕਈ ਰਵਾਇਤੀ ਖਾਣਿਆਂ ਦੇ ਨਾਲ ਨਾਲ ਖਿਚੜੀ ਨੂੰ ਵੀ ਅੱਜਕੱਲ੍ਹ ਬੀਮਾਰਾਂ ਦਾ ਖਾਣਾ ਕਹਿ ਕੇ ਛੱਡ ਦਿੱਤਾ ਗਿਆ ਹੈ। ਪਰ ਕੋਈ ਤਿੰਨ ਦਹਾਕੇ ਪਹਿਲਾਂ ਤੱਕ ਮੋਠ ਤੇ ਬਾਜਰੇ ਦੀ ਖਿਚੜੀ ਲੋਕਾਂ ਦੀ ਰੋਜ਼ਮਰ੍ਹਾ ਦੀ ਖੁਰਾਕ ਦਾ ਹਿੱਸਾ ਰਹੀ ਹੈ। ਖਿਚੜੀ ਨੂੰ ਬੀਮਾਰਾਂ ਦਾ ਖਾਣਾ ਕਹਿਣ ਵਾਲਿਆਂ ਲਈ ਇੱਕ ਕਹਾਵਤ ਹੈ - ਖਿਚੜੀ ਤੇਰੇ ਚਾਰ ਯਾਰ ਦਹੀਂ, ਪਾਪੜ ਤੇ ਘੀ ਅਚਾਰ। ਯਾਨੀ ਖਿਚੜੀ ਨੂੰ ਖਾਣ ਦੇ ਵੱਖ ਵੱਖ ਤਰੀਕੇ ਮੌਜੂਦ ਰਹੇ ਹਨ। ਅਸੀਂ ਕੁੱਝ ਤਰਾਂ ਦੀ ਖਿਚੜੀ ਦੀ ਵਿਧੀ ਏਥੇ ਦਰਜ ਕਰ ਰਹੇ ਹਾਂ।
ਮੋਠ ਤੇ ਚਾਵਲਾਂ ਦੀ ਖਿਚੜੀ
ਸਮਗਰੀ: ਚੌਲ : ਦੋ ਗਿਲਾਸਮੋਠ : ਅੱਧਾ ਗਿਲਾਸਪਾਣੀ : 5-6 ਗਿਲਾਸਵਿਧੀ: ਮੋਠਾਂ ਨੂੰ ਨਰਮ ਹੋਣ ਤੱਕ ਪਾਣੀ ਵਿੱਚ ਉਬਾਲੋ। ਜਦੋਂ ਮੋਠ ਨਰਮ ਹੋ ਜਾਣ ਤਾਂ ਵਿੱਚ ਚੌਲ ਪਾ ਦਿਓ। 45 ਮਿੰਟ ਪਕਾਓ, ਫਿਰ ਸਵਾਦ ਅਨੁਸਾਰ ਲੂਣ ਮਿਰਚ ਪਾ ਲਓ। ਖਿਚੜੀ ਤਿਆਰ ਹੈ। ਪਿਆਜ਼ ਦਾ ਤੜਕਾ ਵੀ ਲਾਇਆ ਜਾ ਸਕਦਾ ਹੈ।
ਮੋਠ ਬਾਜਰੇ ਦੀ ਖਿਚੜੀ
ਸਮਗਰੀ (ਪੰਜ ਜਣਿਆਂ ਲਈ)ਬਾਜਰਾ : ਅੱਧ-ਪਾ ਮੋਠ : ਅੱਧ -ਪਾ
ਪਾਣੀ : 7 ਗਲਾਸ
ਵਿਧੀ : ਬਾਜਰੇ ਨੂੰ ਸਾਫ ਕਰਕੇ ਧੋ ਕੇ ਅੱਧੇ ਘੰਟੇ ਲਈ ਭਿਉਂ ਦਿਓ। ਉਪਰੰਤ ਇਸ ਨੂੰ ਕੁੱਟ ਕੇ ਛਿਲਕਾ ਲਾਹਕੇ ਪ੍ਰੈਸ਼ਰ ਕੂਕਰ ਵਿਚ ਤੀਹ ਮਿੰਟ ਪਕਾਓ। ਇਸ ਤੋਂ ਬਾਅਦ ਖੋਲ੍ਹ ਕੇ ਪਾਣੀ ਦੇਖੋ, ਜੇਕਰ ਪਾਣੀ ਘੱਟ ਹੋਵੇ ਤਾਂ ਲੋੜ ਅਨੁਸਾਰ ਹੋਰ ਪਾਣਂੀ ਪਾ ਕੇ 15 ਮਿੰਟ ਹੋਰ ਪਕਾਓ। ਇਸ ਨੂੰ ਘਿਓ ਪਾ ਕੇ ਲੱਸੀ ਨਾਲ ਖਾਧਾ ਜਾ ਸਕਦਾ ਹੈ।
ਰੋਟੀ
ਰੋਟੀਆਂ ਪੰਜਾਬ ਦੇ ਖਾਣਿਆਂ ਵਿਚ ਪ੍ਰਮੁੱਖ ਸਥਾਨ ਰੱਖਦੀਆਂ ਹਨ। ਇਹ ਸਿਰਫ ਅਨਾਜ ਦੀਆਂ ਹੀ ਨਹੀਂ ਸਗੋਂ ਬਹੁਤ ਸਾਰੀਆਂ ਦਾਲਾਂ, ਮੋਟ ਅਨਾਜਾਂ ਤੇ ਪੱਤੇਦਾਰ ਸਬਜ਼ੀਆਂ ਵੀ ਇਸ ਵਿਚ ਮਿਲਾਏ ਜਾਂਦੇ ਹਨ। ਰੋਟੀਆਂ ਸਾਨੂੰ ਭਾਰੀ ਮਾਤਰਾ ਵਿਚ ਕਾਰਬੋਹਾਈਡ੍ਰੇਟ ਮੁਹੱਈਆ ਕਰਦੀਆਂ ਹਨ, ਪਰ ਜੇਕਰ ਅਸੀਂ ਇਨ੍ਹਾਂ ਵਿਚ ਪੱਤੇਦਾਰ ਸਬਜ਼ੀਆਂ ਤੇ ਮੋਟੇ ਅਨਾਜ ਮਿਲਾਉਂਦੇ ਹਾਂ ਤਾਂ ਇਹਨਾਂ ਦੀ ਪੌਸ਼ਟਿਕਤਾ ਵਿਚ ਚੌਖਾ ਵਾਧਾ ਹੁੰਦਾ ਹੈ। ਅੱਜ ਅਸੀਂ ਜ਼ਿਆਦਾਤਰ ਕਣਕ ਦੀਆਂ ਰੋਟੀਆਂ ਦੇ ਪਿੱਛੇ ਪਏ ਹੋਏ ਹਾਂ ਪਰ ਬਾਜਰਾ, ਮੱਕੀ, ਜਵਾਰ, ਜੌਂ ਛੋਲਿਆਂ ਦੀਆਂ ਰੋਟੀਆਂ ਦੀ ਰਵਾਇਤ ਸਾਡੇ ਪੰਜਾਬ ਵਿਚ ਭਰਪੂਰ ਰਹੀ ਹੈ। ਕਣਕ ਵਿਚ ਹੋਰ ਅਨਾਜ ਮੌਸਮ ਦੇ ਹਿਸਾਬ ਨਾਲ ਮਿਲਾਏਜਾਂਦੇ ਹਨ, ਯਾਨੀ ਗਰਮੀਆਂ ਵਿਚ ਜੌਂ ਆਦਿ ਠੰਢੀ ਤਾਸੀਰ ਵਾਲੇ ਅਨਾਜ ਤੇ ਸਰਦੀਆਂ ਵਿਚ ਗਰਮ ਤਾਸੀਰ ਵਾਲੇ ਅਨਾਜ। ਇਥੇ ਰੋਟੀਆਂ ਦੀਆਂ ਕੁੱਝ ਵੰਨਦੀਆਂ ਦੀ ਵਿੱਧੀ ਦਰਜ ਕਰ ਰਹੇ ਹਾਂ। ਆਸ ਹੈ ਤੁਹਾਡੇ ਲਈ ਫਾਇਦੇਮੰਦ ਰਹੇਗੀ। ਬਾਜਰੇ ਦੀ ਰੋਟੀ
ਗਰਮ ਪਾਣੀ ਵਿਚ ਬਾਜਰੇ ਦਾ ਆਟਾ ਗੁੰਨੋ੍ਹ। ਚਕਲੇ ਉਪਰ ਪੋਣਾ ਰੱਖ ਕੇ ਹੱਥ ਨਾਲ ਰੋਟੀ ਬਣਾਓ।
ਨੋਟ: (1) ਸਿਰਫ ਬਾਜਰੇ ਦੀ ਜਾਂ ਬਾਜਰੇ ਦੇ ਆਟੇ ਵਿੱਚ ਕਣਕ ਦਾ ਆਟਾ ਮਿਲਾ ਕੇ ਬਣਾਈ ਜਾ ਸਕਦੀ ਹੈ। ਚਕਲੇ 'ਤੇ ਵੇਲਣੇ ਨਾਲ ਵੀ ਵੇਲਿਆ ਜਾ ਸਕਦਾ ਹੈ।
(2) ਸਰੋਂ ਦੇ ਸਾਗ-ਮੱਖਣ, ਅਦਰਕ ਦੀ ਚਟਨੀ-ਮੱਖਣ ਜਾਂ ਗੁੜ ਨਾਲ ਖਾ ਸਕਦੇ ਹੋ। (ਜਵਾਰ ਦੀ ਰੋਟੀ ਵੀ ਏਸੇ ਢੰਗ ਨਾਲ ਬਣਾਈ ਜਾ ਸਕਦੀ ਹੈ।
ਪਾਲਕ ਵਾਲੀ ਰੋਟੀ
ਸਮਗਰੀ :ਕਣਕ ਦਾ ਆਟਾ : ਅੱਧਾ ਕਿੱਲੋ,
ਪਾਲਕ : ਅੱਧ ਪਾ
ਪਿਆਜ਼ : 2
ਹਰੀ ਮਿਰਚ : 2-3
ਨਮਕ : ਸਵਾਦ ਅਨੁਸਾਰ
ਪਾਲਕ, ਪਿਆਜ਼ ਤੇ ਹਰੀ ਮਿਰਚ ਨੂੰ ਬਰੀਕ ਕੱਟ ਲਓ। ਸਭ ਨੂੰ ਆਟੇ ਵਿੱਚ ਮਿਲਾ ਕੇ, ਥੋੜ੍ਹਾ ਪਾਣੀ ਲੈ ਕੇ ਆਟਾ ਗੁੰਨ੍ਹ ਲਓ। ਚਕਲੇ 'ਤੇ ਵੇਲ ਕੇ ਰੋਟੀਆਂ ਬਣਾ ਸਕਦੇ ਹੋ। ਇਹ ਰੋਟੀਆਂ ਦਹੀਂ, ਮੱਖਣ, ਲਸੀ ਆਦਿ ਨਾਲ ਖਾਧੀਆਂ ਜਾ ਸਕਦੀਆਂ ਹਨ।
ਛੋਲਿਆਂ ਦੀ ਰੋਟੀ
ਸਮਗਰੀ : ਛੋਲਿਆਂ ਦਾ ਆਟਾ : ਪਾਈਆ
ਕਣਕ ਦਾ ਆਟਾ : ਅੱਧਾ ਕਿੱਲੋ
ਪਿਆਜ਼ : 2-3 ਪੀਸ
ਹਰੀ ਮਿਰਚ : 2-3 ਪੀਸ
ਨਮਕ : ਲੋੜ ਅਨੁਸਾਰ
ਵਿਧੀ : ਕਣਕ ਤੇ ਛੋਲਿਆਂ ਦਾ ਆਟਾ ਚੰਗੀ ਤਰ੍ਹਾਂ ਮਿਲਾ ਲਓ। ਉਪਰੰਤ ਪਿਆਜ਼, ਮਿਰਚ, ਨਮਕ ਆਦਿ ਪਾ ਕੇ ਆਟਾ ਗੁੰੰਨ੍ਹ ਲਓ। ਚਕਲੇ 'ਤੇ ਵੇਲ ਕੇ ਰੋਟੀਆਂ ਬਣਾ ਸਕਦੇ ਹੋ। ਇਹ ਰੋਟੀਆਂ ਦਹੀਂ, ਮੱਖਣ, ਲਸੀ ਆਦਿ ਨਾਲ ਖਾਧੀਆਂ ਜਾ ਸਕਦੀਆਂ ਹਨ।
ਦਲੀਆ
ਸਾਡੇ ਸ਼ਰੀਰ ਨੂੰ ਹਰ ਗਜ਼ਾ ਪਾਊਡਰ ਵਰਗੀ ਬਾਰੀਕ ਹੀ ਨਹੀਂ ਚਾਹੀਦੀ ਹੁੰਦੀ, ਸਗੋਂ ਮੋਟੇ ਅਹਾਰ ਵੀ ਚਾਹੀਦੇ ਹਨ। ਕਿਸ ਵੀ ਅਨਾਜ ਨੂੰ ਪਕਾਉਣ ਦੇ ਢੰਗ ਤੇ ਵੰਨਗੀ ਨਾਲ ਹੀ ਉਹਦੇ ਸਵਾਦ ਤੇ ਪੌਸ਼ਿਟਿਕ ਤੱਤਾਂ ਵਿਚ ਫੇਰ ਬਦਲ ਹੁੰਦਾ ਰਹਿੰਦਾ ਹੈ। ਦਲੀਆ, ਅਨਾਜਾਂ ਨੂੰ ਮੋਟੇ ਰੂਪ ਵਿਚ ਲੈਣ ਦਾ ਇੱਕ ਬਿਹਤਰੀਨ ਜ਼ਰੀਆ ਹੈ। ਇਸ ਢੰਗ ਨਾਲ ਲਿਆ ਅਨਾਜ ਅਸਾਨੀ ਨਾਲ ਹਜ਼ਮ ਹੁੰਦਾ ਹੈ, ਇਸ ਤਰ੍ਹਾਂ ਇਹ ਬਿਮਾਰ ਵਿਕਅਤੀਆਂ ਲਈ ਵੀ ਫਾਇੰਦੇਮੰਦ ਹੁੰਦਾ ਹੈ। ਪਰ ਇਹ ਸਿਰਫ ਬਿਮਾਰਾਂ ਦਾ ਖਾਣਾ ਨਹੀਂ ਸਮਝਿਆ ਜਾਣਾ ਚਾਹੀੰਦਾ। ਸਿਹਤਮੰਦ ਵਿਕਅਤੀਆਂ ਨੂੰ ਵੀ ਆਪਣੇ ਭੋਜਨ ਵਿਚ ਦਲੀਆ ਸ਼ਾਮਲ ਰੱਖਣਾ ਚਾਹੀਦਾ ਹੈ, ਤਾਂ ਕਿ ਸਾਡੀ ਹਾਜ਼ਮਾ ਪ੍ਰਣਾਲੀ ਚੁਸਤ ਦੁਰੁਸਤ ਰਹਿ ਸਕੇ।
ਮੱਕੀ ਅਤੇ ਕਣਕ ਦਾ ਦਲੀਆ
ਸਮਗਰੀ : ਮੱਕੀ : 2 ਕਿਲੋ
ਕਣਕ : 1 ਕਿਲੋ
ਵਿਧੀ : ਦੋਹਾਂ ਨੂੰ ਚੱਕੀ ਵਿਚ ਦਲ ਲਓ। ਲੋੜ ਅਨੁਸਾਰ ਕੁੱਜੇ ਵਿੱਚ ਪਾ ਕੇ ਹਾਰੇ ਵਿਚ ਬਣਾਓ। ਚਾਰ ਘੰਟਿਆਂ ਵਿਚ ਤਿਆਰ ਹੋ ਜਾਂਦੀ ਹੈ। ਸਵਾਦ ਅਨੁਸਾਰ ਲੂਣ, ਸ਼ੱਕਰ ਤੇ ਕੱਚਾ ਦੁੱਧ ਪਾ ਕੇ ਖਾਓ। ਸਵੇਰ ਵੇਲੇ ਠੰਢਾ ਖਾਣ ਲਈ ਦਹੀ ਮਿਲਾਇਆ ਜਾ ਸਕਦਾ ਹੈ। ਵੰਨਗੀ : ਸਿਰਫ ਮੱਕੀ ਜਾਂ ਕਣਕ ਮਿਲਾ ਕੇ ਬਣਾ ਸਕਦੇ ਹੋ। ਮਿੱਠਾ ਜਾਂ ਲੂਣਾ ਦੋਵੇਂ ਤਰ੍ਹਾਂ ਦਾ ਬਣ ਸਕਦਾ ਹੈ।)
ਕਣਕ ਦਾ ਦਲੀਆ
ਧੋਤੀ ਸੰਵਾਰੀ ਹੋਈ ਕਣਕ ਨੂੰ ਕੱਚੀ-ਭੁੰਨੀ ਕਰਨ ਉਪਰੰਤ ਹੱਥ ਵਾਲੀ ਚੱਕ 'ਤੇ ਦਲ ਲਓ। ਦਲੀਆ ਤਿਆਰ ਹੈ। ਹੁਣ ਲੋੜ ਅਨੁਸਾਰ ਦਲੀਆ ਲੈ ਕੇ ਪਾਣੀ ਵਿਚ ਉਬਾਲ ਲਓ। ਹੁਣ ਉਸ ਜਰੂਰਤ ਮੁਤਾਬਕ ਵਿੱਚ ਉਬਾਲੇ ਹੋਏ ਗੁੜ ਦਾ ਕੱਪੜੇ ਨਾਲ ਪੁਣਿਆਂ ਹੋਇਆ ਪਾਣੀ ਨੂੰ ਕੁੱਟ ਕੇ ਪਾਣੀ ਮਿਲਾ ਕੇ 15-20 ਮਿੰਟ ਪੱਕਣ ਦਿਓ। ਬੇਹੱਦ ਸਵਾਦੀ ਤੇ ਪੌਸ਼ਟਿਕ ਦਲੀਆ ਤੁਹਾਡੀ ਰਾਹ ਦੇਖ ਰਿਹਾ ਹੈ।
ਸ਼ਰਬਤ
ਸ਼ਰਬਤ ਸਾਡੀ ਭੋਜਨ ਲੜੀ ਦਾ ਖਾਸ ਅੰਗ ਹਨ। ਸਾਡੀ ਰਵਾਇਤੀ ਭੋਜਨ ਲੜੀ ਵਿਚ ਅਨੇਕ ਤਰ੍ਹਾਂ ਦੇ ਇੱਕ ਤੋਂ ਵੱਧ ਇੱਕ ਸ਼ਰਬਤ ਮੌਜੂਦ ਹਨ ਜਿਹੜੇ ਕਿਸੇ ਵੇਲੇ ਬਣਾਏ ਜਾਂਦੇ ਰਹੇ ਹਨ। ਪਰ ਪਿਛਲੇ ਕੁੱਝ ਸਾਲਾਂ ਤੋਂ ਬਾਜ਼ਾਰਵਾਦ ਦੀ ਦੇ ਵਹਿਣ ਵਿਚ ਵਹਿ ਕੇ ਅਸੀਂ ਆਪਣੀ ਇਸ ਧਰੋਹਰ ਨੂੰ ਆਪਣੇ ਹੱਥੋਂ ਗੁਆ ਰਹੇ ਹਾਂ। ਅੱਜ ਦੇ ਦੌਰ ਵਿੱਚ ਬਾਜ਼ਾਰ ਵਿਚ ਕੋਕ, ਪੈਪਸੀ ਤੇ ਹੋਰ ਪਤਾ ਨਹੀਂ ਕੀ ਕੀ ਵਿਕ ਰਿਹਾ ਹੈ, ਜਿਹੜਾ ਕਿ ਸਿਹਤ ਬਣਾਉਣ ਵਾਲਾ ਨਹੀਂ ਸਗੋਂ ਸਿਹਤ ਦਾ ਦੁਸ਼ਮਨ ਹੈ, ਰਸਾਇਣਕ ਜ਼ਹਿਰਾਂ ਨਾਲ ਭਰੇ ਇਹ ਪੇਅ-ਪਦਾਰਥ ਸਾਡੇ ਰਵਾਇਤੀ ਪੇਅ-ਪਦਾਰਥਾਂ ਸਾਹਮਣੇ ਕੋਈ ਔਕਾਤ ਨਹੀਂ ਰੱਖਦੇ। ਇਸ ਪੁਸਤਕ ਵਿਚ ਅਸੀਂ ਅਜਿਹੇ ਕੁੱਝ ਪੇਅ-ਪਦਾਰਥਾਂ ਦਾ ਜ਼ਿਕਰ ਕਰ ਰਹੇ ਹਾਂ ਜਿਹੜੇ ਕਦੇ ਸਾਡੀ ਭੋਜਨ ਪ੍ਰਣਾਲੀ ਦਾ ਹਿੱਸਾ ਰਹੇ ਹਨ ਤੇ ਨਿਰੋਗਤਾ ਦੇ ਗੁਣਾਂ ਨਾਲ ਭਰਪੂਰ ਵੀ ਹਨ।
ਕਣਕ ਦੇ ਸੱਤੂ
ਸਮਗਰੀ: ਤਿੰਨ-ਚਾਰ ਦਿਨਾਂ ਤੱਕ ਪਾਣੀ ਵਿੱਚ ਭਿਉਂਣ ਉਪਰੰਤ ਛਿਲਕਾ ਲੱਥੀ ਹੋਈ ਕਣਕ।ਦੁੱਧ ਕਾਲੀ ਮਿਰਚ ਅਤੇ ਸ਼ੱਕਰ, ਹਰ ਚੀਜ ਲੋੜ ਅਨੁਸਾਰ। ਕੋਰਾ ਕੁੱਜਾ ਜਾਂ ਕੋਰਾ ਘੜਾਵਿਧੀ: ਕਣਕ ਨੂੰ ਪੀਸ ਕੇ ਲਵੋ। ਹੁਣ ਇਸਨੂੰ ਕੋਰੇ ਕੁੱਜੇ ਜਾਂ ਘੜੇ ਵਿੱਚ ਕਾਲੀ ਮਿਰਚ ਪਾਉਡਰ ਅਤੇ ਸ਼ੱਕਰ ਮਿਲੇ ਦੁੱਧ ਚ ਪਾ ਦਿਓ। ਕਣਕ ਦੇ ਸੱਤੂ ਤਿਆਰ ਹਨ। ਠੰਡੇ ਹੋਦ ਉਪਰੰਤ ਗਟਗਟ ਪੀ ਜਾਓ।
ਜੌਂ ਦੇ ਸੱਤੂ
ਥੋੜ੍ਹੇ-ਥੋੜ੍ਹੇ ਪਾਣੀ ਦੇ ਛਿੱਟੇ ਮਾਰਦੇ ਹੋਏ ਜੋਂਆਂ ਨੂੰ ਉੱਖਲੀ ਵਿੱਚ ਕੁੱਟਕੇ ਉਹਨਾਂ ਦਾ ਛਿਲਕਾ ਉੱਤਰ ਲਵੋ। ਹੁਣ ਛਿਲਕਾ ਉੱਤਰੇ ਹੋਏ ਜੌਂਆਂ ਨੂੰ ਸੁਕਾ ਕੇ ਭੁੰਨਣ ਉਪਰੰਤ ਪੀਹ ਕੇ ਮਿੱਟੀ ਦੇ ਭਾਂਡੇ (ਤੌੜੇ/ਘੜੇ) ਵਿੱਚ ਸਾਂਭ ਲਓ। ਇਸਨੂੰ ਲੋੜ ਮੁਤਾਬਕ ਸ਼ੱਕਰ ਦੇ ਪਾਣੀ ਵਿਚ ਘੋਲ ਕੇ ਪੀ ਲਓ।
ਛੋਲਿਆਂ ਦੇ ਸੱਤੂ
ਭੁੰਨੇ ਹੋਏ ਕਾਲੇ ਛੋਲਿਆਂ ਨੂੰ ਚੱਕੀ 'ਤੇ ਪਿਹਾ ਲਓ। ਲੋੜ ਅਨੁਸਾਰ 3 ਚਮਚ ਸ਼ੱਕਰ ਜਾਂ ਗੁੜ ਦੇ ਪਾਣੀ ਵਿਚ 2 ਚਮਚ ਸੱਤੂ ਘੋਲ ਕੇ ਪੀ ਲਓ।
ਗਾਂਜਰਾਂ ਦੀ ਕਾਂਜੀ
ਛਿੱਲੀਆਂ ਗਾਜਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਕੱਟ ਲਓ। ਹੁਣ ਉਹਨਾਂ ਵਿੱਚ ਰਾਈ/ਸਰੋਂ, ਕਾਲਾ ਲੂਣ (ਲੋੜ ਅਨੁਸਾਰ) ਅਤੇ ਉਚਿੱਤ ਮਾਤਰਾ ਵਿੱਚ ਪਾਣੀ ਮਿਲਾ ਕੇ ਤਿੰਨ -ਚਾਰ ਦਿਨ ਲਈ ਕੋਰੇ ਕੁੱਜੇ ਵਿਚ ਪਾ ਕੇ ਰੱਖ ਦਿਓ। ਕੁੱਜੇ ਵਿੱਚ ਪਾਣੀ ਤਿੰਨ - ਚਾਰ ਦਿਨ ਪਹਿਲਾਂ ਹੀ ਪਾ ਕੇ ਰੱਖਿਆ ਹੋਣਾ ਚਾਹੀਦਾ ਹੈ।
ਜਲ-ਜੀਰਾ
ਸਮਗਰੀ: ਗੁੜ : ਲੋੜ ਅਨੁਸਾਰ, ਜੀਰਾ :ਲੋੜ ਅਨੁਸਾਰ, ਪਾਣੀ : ਗੁੜ ਦੀ ਮਾਤਰਾ ਅਨੁਸਾਰ
ਵਿਧੀ: ਕਿਸੇ ਬਰਤਨ ਵਿੱਚ ਗੁੜ ਅਤੇ ਪਾਣੀ ਪਾ ਕੇ ਚਾਸ਼ਨੀ ਤਿਆਰ ਕਰ ਲਵੋ। ਜੀਰੇ ਨੂੰ ਭੁੰਨ ਕੇ ਚਾਸ਼ਨੀ ਵਿੱਚ ਮਿਲਾ ਦਿਓ। ਜੀਰੇ ਦਾ ਸ਼ਰਬਤ ਤਿਆਰ ਹੈ। ਗਿਲਾਸਾਂ ਵਿੱਚ ਭਰ ਹੋਏ ਸ਼ਰਬਤ Àੱਪਰ, ਕੱਦੂਕਸ ਕੀਤੇ ਹੋਏ ਨਾਰੀਅਲ ਦਾ ਬੁਰਾਦਾ ਪਾ ਕੇ ਪੀ ਲਓ।
ਸ਼ਰਬਤ ਬਰਾਏ ਜਿਗਰ
ਗੁਲਾਬ ਦੇ ਫੁੱਲ (ਸੁੱਕੇ) : 100-150 ਗ੍ਰਾਮ
ਬਨਕਸ਼ਾਂ : 1 ਤੋਲਾ
ਕਾਜਵਾਨ (ਗਊਜਵਾਨ) : 1 ਤੋਲਾ
ਮੁਲੱਠੀ : 6 ਮਾਸਾ
ਗੁਲ ਨੀਲੋ ਫਲ (ਕਮਲ ਦਾ ਫੁੱਲ) : 6 ਮਾਸਾ
ਉਨਾਬ : 20 ਦਾਣੇ
ਲਸੂਣੈ :50 ਦਾਣੇ
ਅੰਜੀਰ :5 ਦਾਣੇ
ਖਤਮੀ : 6 ਮਾਸੇ
ਖਵਾਜੀ : 6 ਮਾਸੇ
ਪਰਸ਼ੰਸਾ ਬੂਟੀ : 6 ਮਾਸੇ
ਆਲੂ ਬੁਖਾਰਾ : 20 ਦਾਣੇ (ਸੁੱਕੇ)
ਮਨੁੱਕਾ : 20 ਦਾਣੇ
ਵਿਧੀ : ਸਾਰੀਆਂ ਚੀਜ਼ਾਂ ਨੂੰ ਦੋ ਕਿਲੋ ਪਾਣੀ ਵਿਚ ਭਿਉਂ ਦਿਓ। ਇੱਕ ਦਿਨ ਭਿੱਜਾ ਰਹਿਣ ਦੇ ਬਾਅਦ ਮੱਠੀ ਅੱਗ 'ਤੇ ਰੱਖ ਦਿਓ। ਜਦੋਂ 3 ਪਾਈਆ ਰਹਿ ਜਾਵੇ ਫਿਰ ਹੱਥਾਂ ਨਾਲ ਮਲ ਕੇ ਵੱਡੀ ਪੋਣੀ ਨਾਲ ਪੁਣ ਲਓ। ਇਸ ਵਿੱਚ ਤਿੰਨ ਪਾਈਆ ਖੰਡ ਪਾ ਕੇ ਫਿਰ ਪਕਾਓ ਤਾਰ ਬਣਨ ਤੱਕ। ਸ਼ਰਬਤ ਤਿਆਰ ਹੋਣ ਤੋਂ ਬਾਅਦ ਰਿਉਂਦ ਖਤਾਈ 25 ਗ੍ਰਾਮ ਪਾਓ। ਇੱਕ ਗਲਾਸ ਵਿਚ 10 ਮਿਲੀਲੀਟਰ ਪਾ ਕੇ ਪੀਓ। ਬਦਾਮਾਂ ਦਾ ਸ਼ਰਬਤ ਸਮਾਨ : ਗਿਰੀ ਬਦਾਮ : 5 ਤੋਲੇਮਗਜ਼ ਖੀਰਾ : 2.5 ਤੋਲੇਛੋਟੀ ਇਲਾਇਚੀ ਦੇ ਦਾਣੇ : 6 ਮਾਸਾਪਾਣੀ : 3 ਪਾ ਵਿਧੀ : ਬਦਾਮ ਦੀ ਗਿਰੀ ਨੂੰ ਰਾਤ ਨੂੰ ਭਿÀੁਂ ਕੇ ਸਵੇਰੇ ਛਿਲਕਾ ਲਾਹ ਲਓ। ਫਿਰ ਗਿਰੀ, ਅਲੈਚੀ ਤੇ ਖੀਰਾ ਕੂਡੇ ਵਿਚ ਪਾ ਕੇ ਚੰਗੀ ਤਰ੍ਹਾਂ ਘੋਟ ਲਓ। ਪਾਣੀ ਤੇ ਖੰਡ ਮਿਲਾ ਕੇ ਤਾਰ ਬਣਨ ਤੱਕ ਉਬਾਲੋ।ਗਰਮੀ ਨਾਲ ਜ਼ਕਾਮ /ਨਜ਼ਲਾ ਠੀਕ ਹੁੰਦਾ ਹੈ।
ਬਿਲ ਦਾ ਸ਼ਰਬਤ
ਸਮਗਰੀ : ਬਿਲ ਦੇ ਫਲ : 2
ਗੁੜ : ਦਰਮਿਆਨੇ ਅਕਾਰ ਦੀਆਂ 2-3 ਡਲੀਆਂ
ਵਿਧੀ : ਬਿਲ ਨੂੰ ਤੋੜ ਕੇ, ਗੁੱਦਾ ਕੱਢ ਲਓ। ਗੁੜ ਨੂੰ ਕੁੱਟ ਲਓ। ਦੋਹਾਂ ਨੂੰ ਚੰਗੀ ਤਰਾਂ ਮਿਲਾ ਕੇ ਤਿੰਨ ਘੰਟੇ ਤੱਕ ਰੱਖੋ। ਉੁਪਰੰਤ ਦੋੋਹਾਂ ਨੂੰ ਹੱਥਾਂ ਨਾਲ ਮਸਲ ਕੇ, ਬਿਲ ਦੇ ਬੀਜ ਕੱਢ ਕੇ ਸੁੱਟ ਦਿਓ। ਇਸ ਵਿਚ 5-6 ਗਲਾਸ ਪਾਣੀ ਮਿਲਾ ਕੇ ਮਿਕਸੀ ਪੀਸ ਲਓ।
ਗੂੰਦ ਕਤੀਰਾ
ਸਮਗਰੀ : ਗੂੰਦ ਕਤੀਰਾ : ਮੁੱਠੀ ਭਰ
ਦੁੱਧ : 2 ਗਲਾਸ,
ਖੰਡ : 5 -6 ਚਮਚ
ਪਾਣੀ : 4 ਗਲਾਸ
ਵਿਧੀ: ਗੂੰੰਦ ਕਤੀਰਾ ਰਾਤ ਨੂੰ ਥੋੜ੍ਹੇ ਪਾਣੀ ਵਿਚ ਭਿਉਂ ਕੇ ਰੱਖ ਦਿਓ। ਸਵੇਰੇ ਉਸ ਵਿਚ ਦੁੱਧ, ਹੋਰ ਪਾਣੀ, ਖੰਡ ਆਦਿ ਮਿਲਾ ਲਓ। ਸ਼ਰਬਤ ਤਿਆਰ ਹੈ। ਠੰੰਡਿਆਈ ਸਮਗਰੀ: ਖਸਖਸ: 100 ਗਰਾਮਖੰਡ : 5-6 ਚਮਚਕਾਲੀਆਂ ਮਿਰਚਾਂ (ਸਾਬਤ) : 10-12 ਦਾਣੇ ਮਗ਼ਜ਼ : 10 ਗਰਾਮਵਿਧੀ : ਖਸਖਸ ਨੂੰ ਇੱਕ ਭਾਂਡੇ ਵਿਚ ਪਾਣੀ ਪਾ ਕੇ ਰਾਤ ਨੂੰ ਭਿਉਂ ਦਿਓ। ਸਵੇਰੇ ਕੂੰਡੀ ਵਿਚ ਖਸਖਸ, ਮਗ਼ਜ਼ ਤੇ ਕਾਲੀਆਂ ਮਿਰਚਾਂ ਕੁੱਟ ਲਓ। ਖੰਡ ਨੂੰ ਅਲੱਗ ਭਾਂਡੇ ਵਿਚ ਪਾਣੀ ਪਾ ਕੇ ਘੋਲ ਲਓ। ਕੂੰਡੀ ਵਿਚ ਕੁੱਟਿਆ ਸਮਾਨ ਇਸ ਘੋਲ ਵਿਚ ਮਿਲਾ ਦਿਓ। ਸ਼ਰਬਤ ਤਿਆਰ ਹੈ ।(ਨੋਟ : ਇਸ ਸਮਾਨ ਨੂੰ ਮਿਕਸੀ ਵਿਚ ਵੀ ਰਗੜਿਆ ਜਾ ਸਕਦਾ ਹੈ)
ਗੁੜ ਦਾ ਸ਼ਰਬਤ
ਸਮਗਰੀ: ਗੁੜ : ਦਰਮਿਆਨੇ ਅਕਾਰ ਦੀਆਂ 2-3 ਡਲੀਆਂ,
ਨਿੰਬੂ : 3 ਪੀਸ
ਪਾਣੀ : 6 ਗਲਾਸ
ਵਿਧੀ : ਗੁੜ ਨੂੰ ਪਾਣੀ ਵਿਚ ਘੋਲ ਕੇ ਵਿਚ ਨਿੰਬੂ ਨਿਚੋੜ ਲਓ। ਉਪਰੰਤ ਇਸ ਪਾਣੀ ਨੂੰ ਪੋਣੀ ਨਾਲ ਪੁਣ ਲਓ। ਸ਼ਰਬਤ ਤਿਆਰ ਹੈ।
ਚਟਨੀ
ਭੋਜਨ ਦੇ ਸਵਾਦ ਵਿਚ ਵਾਧਾ ਕਰਨ ਲਈ ਚਟਨੀਆਂ ਦਾ ਬਹੁਤ ਵੱਡਾ ਯੋਜਦਾਨ ਹੁੰਦਾ ਹੈ। ਪਰ ਇਹ ਚਟਨੀਆਂ ਸਿਰਫ ਭੋਜਨ ਦਾ ਸਵਾਦ ਹੀ ਨਹੀਂ ਵਧਾਉਂਦੀਆਂ ਸਗੋਂ ਸਾਡੀ ਹਾਜ਼ਮਾ ਪ੍ਰਣਾਲੀ ਨੂੰ ਚੁਸਤ ਦਰੁਸਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ। ਦੂਜੇ ਸ਼ਬਦਾਂ ਵਿਚ ਇਹ ਭੁੱਖ ਵਰਧਕ ਹੁੰੰਦੀਆਂ ਹਨ। ਦੂਜਾ ਇਹ ਕੱਚੀਆਂ ਹੀ ਬਣਦੀਆਂ ਹਨ ਲਿਹਾਜ਼ਾ ਪਕਾਉਣ ਨਾਲ ਇਹਨਾਂ ਦੇ ਪੌਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ।
ਚਿੱਬੜਾਂ ਦੀ ਚਟਨੀ
ਸਮਗਰੀ: ਚਿੱਬੜ, ਲੂਣ, ਪੀਸੀ ਹੋਈ ਲਾਲ ਮਿਰਚ (ਸਾਰੀਆਂ ਵਸਤਾਂ ਲੋੜ ਅਨੁਸਾਰ)
ਵਿਧੀ: ਚਿੱਬੜਾਂ ਨੂੰ ਛਿੱਲ ਕੇ ਸਵਾਦ ਅਨੁਸਾਰ ਲੂਣ-ਮਿਰਚ ਪਾਕੇ ਕੂੰਡੇ ਵਿੱਚ ਚੰਗੀ ਤਰ੍ਹਾਂ ਕੁੱਟ ਲਓ। ਚਿੱਬੜਾਂ ਦੀ ਚਟਨੀ ਤਿਆਰ ਹੈ। ਨੋਟ: ਚਿੱਬੜਾਂ ਦੀ ਚਟਨੀ ਵਿੱਚ ਹਰੀਆਂ ਮਿਰਚਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ, ਇਸ ਨਾਲ ਸਵਾਦ ਦੁੱਗਣਾਂ ਹੋ ਜਾਂਦਾ ਹੈ।
ਛੋਲੀਏ ਦੀ ਚਟਨੀ
ਸਮਗਰੀ: ਕੱਚੇ ਛੋਲੀਏ ਦੇ ਦਾਣੇ, ਵੱਡੀ ਇਲਾਇਚੀ, ਲੌਂਗ , ਟਮਾਟਰ, ਪਿਆਜ ( ਸਾਰੀਆਂ ਵਸਤਾਂ ਲੋੜ ਅਨੁਸਾਰ)
ਸਾਰਿਆਂ ਨੂੰ ਲੋੜ ਅਨੁਸਾਰ ਲੂਣ ਮਿਰਚ ਪਾ ਕੇ ਕੂੰਡੇ ਵਿੱਚ ਕੁੱਟ ਲਵੋ। ਛੋਲੀਏ ਲਜ਼ੀਜ਼ ਦੀ ਚਟਨੀ ਤਿਆਰ ਹੈ।
ਮੂਲੀ ਤੇ ਮੂੰਗਰਿਆਂ ਦੀ ਚਟਨੀ
ਸਮਗਰੀ: ਮੂਲੀਆਂ, ਮੂੰਗਰੇ (ਦੋਨੋਂ ਚੀਜਾਂ ਲੋੜ ਅਨੁਸਾਰ)
ਵਿਧੀ: ਛਿੱਲੀਆਂ ਹੋਈਆਂ ਮੂਲੀਆਂ ਨੂੰ ਧੋ ਕੇ ਕੱਟ ਲਵੋ। ਹੁਣ ਇਹਨਾਂ ਨੂੰ ਧੋਤੇ ਹੋਏ ਮੂੰਗਰਿਆਂ ਸਮੇਤ ਸਵਾਦ ਅਨੁਸਾਰ ਲੂਣ ਮਿਰਚ ਪਾਕੇ ਕੂੰਡੇ ਵਿੱਚ ਕੁੱਟ ਲਓ। ਮੂਲੀ-ਮੂੰਗਰੇ ਦੀ ਚਟਣੀ ਤਿਆਰ ਹੈ।
ਅਮਲਤਾਸ ਦੀ ਚਟਨੀ
ਅਮਲਤਾਸ ਦੀਆਂ ਟਿੱਕੀਆਂ ਲੈ ਕੇ ਥੋੜ੍ਹੇ ਪਾਣੀ ਵਿਚ ਉਬਾਲ ਲਓ। ਇੱਕ ਕਿਲੋ ਲਈ 750 ਗਰਾਮ ਖੰਡ ਪਾ ਕੇ ਕਾੜ੍ਹ ਲਓ, ਜਦੋਂ ਤੱਕ ਖੰਡ ਚੰਗੀ ਤਰ੍ਹਾਂ ਘੁਲ ਜਾਵੇ। ਸੁਆਦ ਅਨੁਸਾਰ ਨਮਕ ਅਤੇ ਮਸਾਲੇ ਪਾ ਲਓ। ਚਟਨੀ ਖਾਣ ਲਈ ਤਿਆਰ ਹੈ। ਅੰਬਾਂ ਦੀ ਮਲਾਂਜੀ ਸਮਗਰੀ:
ਅੰਬ, ਸ਼ੱਕਰ ਜਾਂ ਗੁੁੜ ਅਤੇ ਕਾਲਾ ਲੂਣ (ਿਤੰਨੇਂ ਚੀਜਾਂ ਲੋੜ ਅਨੁਸਾਰ), ਕਾਲੀ ਮਿਰਚ ਚੁਟਕੀ ਭਰ
ਵਿਧੀ: ਅੰਬਾਂ ਨੂੰ ਚੰਗੀ ਤਰ੍ਹਾਂ ਧੋ ਕੇ ਉਹਨਾਂ ਦਾ ਛਿਲਕਾ ਲੱਥ ਜਾਣ ਤੱਕ ਪਾਣੀ ਵਿੱਚ ਉਬਾਲੋ। ਗੁਠਲੀ ਤੋਂ ਗੁੱਦਾ ਉਤਾਰ ਕੇ ਉਸ ਵਿੱਚ ਸ਼ੱਕਰ ਜਾਂ ਗੁੜ, ਕਾਲੀ ਮਿਰਚ ਅਤੇ ਕਾਲਾ ਲੂਣ ਮਿਲਾ ਦਿਓ। ਅੰਬ ਦੀ ਮਲਾਂਜੀ ਤਿਆਰ ਹੈ। ਇਸ ਨੂੰ ਰੋਟੀ ਨਾਲ ਖਾਧਾ ਜਾਂਦਾ ਹੈ।
ਲਸਣ ਤੇ ਮਿਰਚਾਂ ਦੀ ਚਟਨੀ
ਸਮਗਰੀ: ਲਸਣ, ਹਰੀਆਂ ਮਿਰਚਾਂ ਤੇ ਲੂਣ ਲੋੜ ਅਨੁਸਾਰ
ਬਰਾਬਰ ਮਾਤਰਾ ਵਿਚ ਲਸਣ ਤੇ ਹਰੀਆਂ ਮਿਰਚਾਂ ਨੂੰ ਲੋੜ ਅਨੁਸਾਰ ਲੂਣ ਪਾ ਕੇ ਕੂੰਡੇ ਵਿਚ ਕੁੱਟ ਲਓ। ਲਸਣ ਤੇ ਹਰੀ ਮਿਰਚ ਦੀ ਚਟਣੀ ਤਿਆਰ ਹੈ।
ਅਚਾਰ
ਕੁਦਰਤ ਨੇ ਸਾਡੇ ਆਲੇ ਦੁਆਲੇ ਵੰਨ ਸੁਵੱਨੀ ਵਨਸਪਤੀ ਪੈਦਾ ਕੀਤੀ ਹੈ। ਜਿੰਨ੍ਹਾਂ ਵਿਚੋਂ ਬਹੁਤ ਸਾਰੀ ਵਪਨਸਪਤੀ ਨੂੰ ਅਸੀਂ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਭੋਜਨ ਦਾ ਹਿੱਸਾ ਬਣਾਉਂਦੇ ਹਾਂ। ਚਟਨੀਆਂ ਨੂੰ ਅਸੀਂ ਲੰਮੇਂ ਸਮੇਂ ਤੱਕ ਨਹੀਂ ਰੱਖ ਸਕਦੇ ਸੋ ਇਹਦਾ ਹੱਲ ਅਚਾਰ ਦੇ ਰੂਪ ਵਿੱਚ ਲੱਭਦਾ ਹੈ। ਸਾਡੇ ਆਲੇ ਦੁਆਲੇ ਫੈਲੀ ਵਨਸਪਤੀ ਵਿਚ ਅਨੇਕ ਐਸੇ ਪੌਦੇ ਹਨ ਜਿਹਨਾਂ ਦੇ ਆਪਣੇ ਔਸ਼ੁਧੀ ਗੁਣ ਹੁੰਦੇ ਹਨ ਪਰ ਉਹਨਾਂ ਅਸੀਂ ਸਬਜ਼ੀ ਆਦਿ ਦੇ ਰੂਪ ਵਿਚ ਵਰਤ ਨਹੀਂ ਸਕਦੇ, ਅਚਾਰ ਬਣਾ ਕੇ ਅਸੀਂ ਉਹਨਾਂ ਨੂੰ ਵੀ ਆਪਣੇ ਭੋਜਨ ਵਿੱਚ ਸ਼ਾਮਲ ਕਰ ਸਕਦੇ ਹਾਂ। ਅਚਾਰ ਬਣਾ ਕੇ ਹੀ ਅਸੀਂ ਇੱਕ ਮੌਸਮ ਵਿਚ ਪੈਦਾ ਹੋਣ ਵਾਲੀਆਂ ਚੀਜ਼ਾਂ ਨੂੰ ਦੂਜੇ ਸੀਜ਼ਨ ਤੱਕ ਸੰਭਾਲ ਕੇ ਵਰਤ ਸਕਦੇ ਹਾਂ। ਪਰ ਪਿਛਲੇ ਕੁਝ ਸਮੇਂ ਤੋਂ ਕਈ ਤਰ੍ਹਾਂ ਦੇ ਅਚਾਰ ਭੋਜਨ ਲੜੀ ਵਿਚੋਂ ਲੁਪਤ ਹੁੰਦੇ ਜਾ ਰਹੇ ਹਨ ਜਿਵੇਂ ਕਵਾਰ ਗੰਦਲ, ਲਸੂੜੇ, ਕੌੜ ਤੁੰਮੇਂ ਆਦਿ ਦਾ ਅਚਾਰ। ਏਥੇ ਅਸੀਂ ਅਜਿਹੇ ਕੁੱਝ ਅਚਾਰ ਬਣਾਉਣ ਦੀ ਵਿਧੀ ਇਸ ਆਸ ਨਾਲ ਦਰਜ ਕਰ ਰਹੇ ਹਾਂ ਕਿ ਇਹ ਅਚਾਰ ਫਿਰ ਤੋਂ ਤੁਹਾਡੀ ਭੋਜਨ ਲੜੀ ਵਿਚ ਸ਼ਾਮਲ ਹੋਣਗੇ।
ਡੇਲਿਆਂ ਦਾ ਆਚਾਰ
ਸਮਗਰੀ: ਡੇਲੇ, ਸਰੋਂ ਦਾ ਤੇਲ, ਲਾਲ ਮਿਰਚ, ਲੂਣ (ਸਭ ਚੀਜਾਂ ਲੋੜ ਅਨੁਸਾਰ)
ਵਿਧੀ: ਚੇਤ ਦੇ ਮਹੀਨੇ (ਵਿਸਾਖ ਤੋਂ ਪਹਿਲਾਂ ) ਡੇਲਿਆਂ ਨੂੰ ਤੌੜੇ ਵਿਚ ਭਿਉਂ ਕੇ ਧੁਪੇ ਸੁਕਾ ਲਓ। ਹੁਣ ਇਹਨਾ ਨੂੰ ਲਾਲ ਮਿਰਚ, ਲੂਣ ਅਤੇ ਸਰੋਂਂ ਦੇ ਤੇਲ ਵਿੱਚ ਤੜਕ ਕੇ ਰੱਖ ਲਓ। 2-3 ਦਿਨਾ ਵਿਚ ਇਹ ਆਚਾਰ ਖਾਣ ਲਈ ਤਿਆਰ ਹੋ ਜਾਂਦਾ ਹੈ।
ਤੁੱਕਿਆਂ ਦਾ ਅਚਾਰ
ਸਮਗਰੀ:ਕਿੱਕਰ ਦੇ ਤੁੱਕੇ -1 ਕਿੱਲੋ
ਸਰੋਂ ਦਾ ਤੇਲ -1 ਗਿਲਾਸ
ਲਾਲ ਮਿਰਚ - 100 ਗਰਾਮ
ਨਮਕ - 200 ਗਰਾਮ
ਤੁੱਕਿਆਂ ਨੂੰ ਉਬਾਲ ਕੇ ਕੱਪੜੇ ਉੱਤੇ ਰੱਖ ਕੇ ਸੁਕਾ ਲਓ। ਹੁਣ ਇਹਨ ਵਿੱਚ ਨਮਕ ਅਤੇ ਲਾਲ ਮਿਰਚ ਮਿਲਾ ਕੇ ੰਿਤੰਨ ਦਿਨ ਏਦਾਂ ਈ ਪਏ ਰਹਿਣ ਦਿਓ। ਚੌਥੇ ਦਿਨ ਜੇਕਰ ਹੋਵੇ ਤਾਂ ਤੁਕਿਆਂ ਵਿਚਲਾ ਪਾਣੀ ਕੱਢ ਕੇ ਇੱਕ ਗਿਲਾਸ ਸਰੋਂ ਦਾ ਤੇਲ ਪਾ ਦਿਓ। ਤੁਕਿਆਂ ਦਾ ਅਚਾਰ ਤਿਆਰ ਹੈ।
ਸਰੋਂ ਦੀਆਂ ਗੰਦਲਾਂ ਦਾ ਆਚਾਰ
ਸਮਗਰੀ: ਸਰੋਂ ਦੀਆਂ ਗੰਦਲਾਂ, ਸਰੋਂ ਦਾ ਤੇਲ, ਰਾਈ, ਲੂਣ, ਹਲਦੀ, ਮਿਰਚਾਂ, (ਹਰ ਚੀਜ ਲੋੜ ਮੁਤਾਬਕ)
ਵਿਧੀ: ਸਰੋਂ ਦੀਆਂ ਗੰਦਲਾਂ ਨੂੰ ਇੱਕ ਇੰਚ ਲੰਮੀਆਂ ਕੱਟ ਲਓ। ਕੱਟੀਆਂ ਗੰਦਲਾਂ ਨੂੰ ਤੇਲ ਵਿਚ ਦੋ ਤਿੰਨ ਮਿੰਟ ਤੱਕ ਤਲੋ। ਉਹਦੇ ਬਾਅਦ ਥੋੜੀ ਰਾਈ, ਲੂਣ, ਹਲਦੀ, ਮਿਰਚਾਂ ਆਦਿ ਪਾਓ। ਅਚਾਰ ਤਿਆਰ ਹੈ।
ਕਵਾਰ ਗੰਦਲ ਦਾ ਅਚਾਰ
ਸਮਗਰੀ: ਕਵਾਰ ਗੰਦਲ, ਸਰੋਂ ਦਾ ਤੇਲ, ਲੂਣ, ਮਿਰਚਾਂ, ਸੌਂਫ, ਕਲੌਂਜੀ, ਮੇਥਰੇ ( ਹਰ ਚੀਜ ਲੋੜ ਅਨੁਸਾਰ)
ਵਿਧੀ: ਧੋ ਸੰਵਾਰ ਕੇ ਸੁਕਾਈ ਹੋਈ ਕਵਾਰ ਗੰਦਲ ਦੇ ਕੰਡੇ ਲਾਹ ਕੇ ਉਸਦੇ ਨਿੱਕੇ-ਨਿੱਕੇ ਟੁਕੜੇ ਬਣਾ ਕੇ ਇੱਕ ਸੁੱਕੇ ਭਾਂਡੇ ਵਿੱਚ ਪਾ ਦਿਓ। ਦੋ ਦਿਨ ਧੁੱਪ ਲਵਾਉਣ ਮਗਰੋਂ ਇਸ ਵਿੱਚ ਸਰੋਂ ਦਾ ਤੇਲ, ਲੂਣ, ਮਿਰਚਾਂ, ਸੌਂਫ, ਕਲੌਂਜੀ, ਮੇਥਰੇ ਪਾ ਕੇ ਮਰਤਬਾਨ ਵਿਓ ਭਰ ਕੇ ਰੱਖ ਦਿਓ। 1 ਮਹੀਨੇ ਵਿੱਚ ਅਚਾਰ ਤਿਆਰ ਹੋ ਜਾਵੇਗਾ।
ਸਆਂਞਣਾਂ ਦੀਆਂ ਫਲੀਆਂ ਦਾ ਅਚਾਰ
ਸਮਗਰੀ: ਸੁਆਂਞਣੇ ਦੀਆਂ ਕੱਚੀਆਂ ਫਲੀਆਂ, ਸਰੋਂ ਦਾ ਤੇਲ, ਅੰਬ ਦੇ ਪੁਰਾਣੇ ਅਚਾਰ ਦਾ ਮਸਾਲਾ
ਵਿਧੀ: ਧੋਤੀਆਂ ਹੋਈਆਂ ਸੁਆਂਞਣੇ ਦੀਆਂ ਫਲੀਆਂ ਨੂੰ ਕੱਟ ਕੇ ਸੁਕਾਉਣ ਉਪਰੰਤ ਉਹਨਾਂ ਵਿੱਚ ਸਰੋਂ ਦਾ ਤੇਲ ਅਤੇ ਅੰਬ ਦੇ ਪੁਰਾਣਾ ਅਚਾਰ ਦਾ ਬਚਿਆ ਹੋਇਆ ਮਸਾਲਾ ਪਾ ਦਿਓ। ਪੰਦਰਾਂ ਕੁ ਦਿਨਾਂ 'ਚ ਅਚਾਰ ਤਿਆਰ ਹੋ ਜਾਵੇਗਾ।
ਆਂਵਲੇ ਦਾ ਆਚਾਰ
ਸਮਗਰੀ: ਆਂਵਲੇ (ਔਲੇ) - 1 ਕਿੱਲੋ
ਸਰੋਂ ਦਾ ਤੇਲ - 50 ਗਰਾਮ
ਲੂਣ -100ਗਰਾਮਹਲਦੀ - 20 ਗਰਾਮ
ਵਿਧੀ: ਧੋਤੇ ਹੋਏ ਆਂਵਲਿਆਂ ਇੱਕ ਦੋ ਵਾਰ ਉਬਾਲ ਕੇ ਸੁਕਾ ਲਓ। ਇੱਕ ਕਿੱਲੋ ਆਂਵਲੇ ਵਿੱਚ 100 ਗਰਾਮ ਲੂਣ, 20 ਗਰਾਮ ਹਲਦੀ, ਸੁਆਦ ਅਨੁਸਾਰ ਮਿਰਚਾਂ, ਪਾ ਕੇ ਦੋ ਦਿਨ ਤੱਕ ਏਦਾਂ ਹੀ ਪਏ ਰਹਿਣ ਦਿਓ। ਦੋ ਦਿਨਾਂ ਬਾਅਦ ਸਰੋਂ ਦਾ ਤੇਲ ਗਰਮ ਕਰਕੇ ਇਹਦੇ ਵਿਚ ਪਾ ਦਿਓ। ਅਚਾਰ ਖਾਣ ਲਈ ਤਿਆਰ ਹੈ।
ਸਬਜ਼ੀਆਂ
ਇਹ ਗੱਲ ਭਾਵੇਂ ਅਟਪਟੀ ਲੱਗੇ ਪਰ ਸੱਚ ਹੈ ਕਿ ਸਾਡੀ ਭੋਜਨ ਲੜੀ ਵਿਚੋਂ ਬਹੁਤ ਸਾਰੀਆਂ ਸਬਜ਼ੀਆਂ ਵੀ ਮਨਫੀ ਹੋ ਗਈਆਂ ਹਨ। ਪੁਰਾਣੀ ਪੀੜ੍ਹਂੀ ਨਾਲ ਸੰਵਾਦ ਰਚਾਇਆਂ ਹੈਰਤ ਅੰਗੇਜ਼ ਤੱਥ ਤੇ ਜਾਦਕਾਰੀ ਸਾਹਮਣੇ ਆਉਂਦੀ ਹੈ। ਉਹ ਲੋਕ ਵਨਸਪਤੀ ਅੰਦਰ ਮੌਜੂਦ, ਤੰਦਰੁਸਤੀ ਦੇਣ ਵਾਲੀ ਹਰ ਸ਼ੈਅ ਨੂੰ ਆਪਣੇ ਭੋਜਨ ਵਿਚ ਸ਼ਾਮਲ ਕਰਨ ਦਾ ਸਲੀਕਾ ਰੱਖਦੇ ਸਨ। ਇਸੇਕਰਕੇ ਉਨ੍ਹਾਂ ਦੇ ਭੋਜਨ ਵਿਚ ਸਬਜ਼ੀਆਂ ਦੀ ਭਰਪੂਰ ਵੰਨਗੀ ਸੀ। ਪਰ ਫੇਰ ਬਾਜ਼ਾਰ 'ਤੇ ਵਧਦੀ ਨਿਰਭਰਤਾ, ਖੇਤੀ ਦਾ ਬਾਜ਼ਾਰ ਮੁਖੀ ਹੋਣਾ, ਪੁਰਾਣੀ ਪੀੜ੍ਹੀ ਦੇ ਰਵਾਇਤੀ ਗਿਆਨ ਦਾ ਨਵੀਂ ਪੀੜ੍ਹੀ ਤੱਕ ਸੰਚਾਰ ਟੁੱਟ ਜਾਣਾ, ਨਵੀਂ ਪਾੜਤ ਪੜ੍ਹਿਆਂ ਵੱਲੋਂ ਓਸ ਗਿਆਨ ਨੂੰ ਐਵੇਂ ਝੱਲ ਪੁਣਾ ਕਹਿ ਕੇ ਛੱਡ ਦੇਣ ਦੀ ਪਰਵਿਰਤੀ ਨੇ ਇਸ ਸਬਜ਼ੀਆਂ ਦੀ ਵੰਨਸੁਵੰਨਤਾ ਨੂੰ ਢਾਹ ਲਾਈ ਹੈ। ਏਥੇ ਕੁੱਝ ਅਜਿਹੀਆਂ ਸਬਜ਼ੀਆਂ ਦੀ ਵਿਧੀ ਸਾਂਝੀ ਕਰ ਰਹੇ ਹਾਂ ਜਿਹੜੀਆਂ ਨਵੀਂ ਪੀੜ੍ਹੀ ਲਈ ਅਣਜਾਣੀਆਂ ਤੇ ਅਦਭੁੱਤ ਹੀ ਹੋਣਗੀਆਂ। ਇਹ ਝਲਕ ਮਾਤਰ ਹੈ, ਅਜਿਹੀਆਂ ਹੋਰ ਅਨੇਕਾਂ ਸਬਜ਼ੀਆਂ ਦੀ ਜਾਣ-ਪਛਾਣ ਲਈ ਦਾਦੀ-ਨਾਨੀ ਦੇ ਗੋਡੇ ਮੁੱਢ ਬੈਠਣਾ ਲਾਜ਼ਮੀ ਹੋਵੇਗਾ।
ਸਨ ਸਨੁਕੜਾ
ਸਮਗਰੀ : ਸਣ ਦੀਆਂ ਡੋਡੀਆਂ : ਅੱਧਾ ਕਿੱਲੋ,
ਗੰਢੇ : 2,
ਲੂਣ -ਮਿਰਚ : ਸਵਾਦ ਅਨੁਸਾਰ,
ਤੇਲ/ਘਿਓ: ਇੱਕ ਕੜਛੀ
ਵਿਧੀ : ਸਣ ਦੀਆਂ ਡੋਡੀਆਂ ਨੂੰ ਚੰਗੀ ਤਰ੍ਹਾਂ ਧੋ ਲਓ। ਗੰਢਾ ਕੱਟ ਕੇ ਤੇਲ ਵਿਚ ਤੜਕਾ ਲਾ ਲਓ। ਸਵਾਦ ਅਨੁਸਾਰ ਲੂਣ-ਮਿਰਚ ਪਾ ਦਿਓ। ਸਣ ਦੀਆਂ ਡੋਡੀਆਂ ਪਾ ਕੇ ਤਿੰਨ ਕੁ ਮਿੰਟ ਭੁੰਨੋ। ਉਪਰੰਤ ਲੋੜ ਅਨੁਸਾਰ ਪਾਣੀ ਪਾ ਕੇ 20 ਮਿੰਟ ਪਕਾਓ।
ਅਰਹਰ
ਅਰਹਰ ਦੀਆਂ ਫਲੀਆਂ : ਅੱਧਾ ਕਿਲੋ
ਗੰਢੇ : 2
ਲੂਣ/ਮਿਰਚ/ਮਸਾਲਾ : ਸਵਾਦ ਅਨੁਸਾਰ
ਤੇਲ/ਘਿਓ: ਇੱਕ ਕੜਛੀ
ਵਿਧੀ : ਅਰਹਰ ਦੀਆਂ ਫਲੀਆਂ ਚੰਡੀ ਤਰ੍ਹਾਂ ਧੋ ਕੇ ਕੱੱਟ ਲਓ। ਗੰਢਾ ਕੱਟ ਕੇ ਤੇਲ ਵਿਚ ਤੜਕਾ ਲਾ ਲਓ। ਸਵਾਦ ਅਨੁਸਾਰ ਲੂਣ-ਮਿਰਚ ਪਾ ਦਿਓ। ਸਣ ਦੀਆਂ ਡੋਡੀਆਂ ਪਾ ਕੇ ਤਿੰਨ ਕੁ ਮਿੰਟ ਭੁੰਨੋ। ਉਪਰੰਤ ਲੋੜ ਅਨੁਸਾਰ ਪਾਣੀ ਪਾ ਕੇ 20 ਮਿੰਟ ਪਕਾਓ। (ਅਹਰਰ ਦੀ ਸਬਜ਼ੀ ਦੋ ਤਰਾਂ੍ਹ ਦੀ ਬਣ ਸਕਦੀ ਹੈ, ਕੱਚੀਆਂ ਫਲੀਆਂ ਨੂੰ ਕੱਟ ਕੇ ਅਤੇ ਥੋੜੀਆਂ ਪੱਕੀਆਂ ਫਲੀਆਂ ਦੇ ਦਾਣੇ ਕੱਢ ਕੇ)।
ਮੂਲੀਆਂ ਦੀ ਸਬਜ਼ੀ
ਮੂਲੀਆਂ : 4
ਗੰਢੇ : 2
ਮੇਥੀ : ਇੱਕ ਗੁੱਟੀ
ਲੂਣ-ਮਿਰਚ : ਸਵਾਦ ਅਨੁਸਾਰ
ਵਿਧੀ : ਮੂਲੀਆਂ ਨੂੰ ਕੱਦੂ ਕਰਕੇ ਨਚੋੜ ਕੇ ਗੰਢੇ ਤੇ ਮੇਥੀ ਪਾ ਕੇ ਸਬਜ਼ੀ ਬਣਾਈ ਜਾ ਸਕਦੀ ਹੈ।
ਝਾੜ ਕਰੇਲੇ
ਸਮੱਗਰੀ -ਝਾੜ ਕਰੇਲੇ -ਅੱਧਾ ਕਿਲੋ
ਪਿਆਜ਼ 2-3
ਟਮਾਟਰ- 1-2
ਲੂਣ/ਮਿਰਚ/ਹਲਦੀ -ਸਵਾਦ ਅਨੁਸਰ
ਤੇਲ - 1 ਕੜਛੀ
ਵਿਧੀ : ਝਾੜ ਕੇਰੇਲਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਕੱਪੜੇ ਨਾਲ ਚੰਗੀ ਤਰ੍ਹਾਂ ਪੂੰਝ ਕੇ ਕੱਟ ਲਓ। ਕੜਾਈ ਵਿਚ ਤੇਲ ਪਾ ਕੇ ਪਿਆਜ਼, ਟਮਾਟਰ ਆਦਿ ਨੂੰ ਚੰਗੀ ਤਰ੍ਹਾਂ ਭੁੰਨ ਲਓ। ਉਪਰੰਤ ਝਾੜ ਕਰੇਲੇ ਲੁੂਣ, ਮਿਰਚ, ਹਲਦੀ ਆਦਿ ਪਾਕੇ 15-25 ਮਿੰਟ ਜਾਂ ਚੰਗੀ ਤਰ੍ਹਾਂ ਪੱਕ ਜਾਣ ਤੱਕ ਪਕਾਓ।
ਸਾਗ
ਪੰਜਾਬੀ ਖਾਣਿਆਂ ਦੀ ਵੱਖਰੀ ਧਾਂਕ ਹੈ। ਪੰਜਾਬੀ ਖਾਣਿਆਂ ਦਾ ਜ਼ਿਕਰ ਹੁੰਦਿਆਂ ਹੀ ਸਰੋਂ ਦੇ ਸਾਗ ਦਾ ਜ਼ਿਕਰ ਆਪ ਮੁਹਾਰੇ ਛਿੜ ਪੈਂਦਾ ਹੈ। ਪਰ ਸਾਗ ਸਿਰਫ ਸਰੋਂ ਦਾ ਹੀ ਨਹੀਂ ਹੁੰਦਾ। ਸਾਡੀ ਨਵੀਂ ਪੀੜ੍ਹੀ ਨੂੰ ਲੈ ਦੇ ਕੇ ਤਿੰਨ-ਚਾਰ ਤਰ੍ਹਾਂ ਦੇ ਸਾਗਾਂ ਬਾਰੇ ਪਤਾ ਹੋਵੇਗਾ। ਸਰੋਂ ਦੇ ਇਲਾਵਾ ਜਿਹੜੇ ਸਾਗਾਂ ਬਾਰੇ ਬਜ਼ੁਰਗਾਂ ਤੋਂ ਜਾਣਕਾਰੀ ਮਿਲਦੀ ਹੈ ਉਨ੍ਹਾਂ ਵਿਚ ਹਾਲੋਂ, ਮੂਲੀਆਂ, ਗਾਜਰਾਂ, ਛੋਲਿਆਂ, ਗੁਆਰੇ, ਚੌਲਿਆਂ, ਮੂੰਗੀ ਦੇ ਪੱਤੇ, ਦੇਸੀ ਪਾਲਕ, ਕੂਪ ਕਲਾ, ਪਿੱਤ ਪਾਪੜਾ, ਮੈਨਾ, ਵੇਲੀ, ਸੌਂਚਲ, ਇੱਟ ਸਿੱਟ ,ਦੇਸੀ ਚਿਲਾਈ, ਤਾਂਦਲਾ, ਤੋਰੀਆ, ਦੋਦਕ, ਬਗਾਠ, ਪੋਹਲੀ, ਗੁਆਰੇ ਦੇ ਪੱਤੇ, ਚੌਲਿਆਂ ਦੇ ਪੱਤਿਆਂ ਦਾ ਸਾਗ, ਮੂੰਗੀ ਦੇ ਪੱਤਿਆਂ ਦਾ ਸਾਗ ਆਦਿ ਸ਼ਾਮਲ ਹਨ। ਏਨੀ ਵੰਨਗੀ ਸੱਚ ਮੁੱਚ ਹੈਰਾਨ ਕਰਨ ਵਾਲੀ ਹੈ ਤੇ ਇਹਦੇ ਬਾਰੇ ਜਾਣਕੇ ਪਛਤਾਵਾ ਵੀ ਹੁੰਦਾ ਹੈ ਕਿ ਅੱਜ ਅਸੀਂ ਕਿੰਨੇ ਤਰ੍ਹਾਂ ਦੇ ਪੌਦਿਆਂ ਨੂੰ ਨਦੀਨ ਸਮਝ ਕੇ ਨਸ਼ਟ ਕਰਨ ਦੇ ਰਾਹ ਤੁਰ ਪਏ ਹਾਂ। ਅਸਲ ਵਿਚ ਹਰੀ ਕਾਂ੍ਰਤੀ ਦੇ ਪਾਠ ਵਿਚ ਬੀਜੀ ਗਈ ਫਸਲ ਦੇ ਇਲਾਵਾ ਉਗੀ ਹਰ ਚੀਜ਼ ਨਦੀਨ ਬਣਾ ਕੇ ਪੇਸ਼ ਕੀਤੀ ਗਈ ਹੈ। ਜਿਸ ਦਾ ਸਿੱਟਾ ਇਹ ਹੋਇਆ ਕਿ ਸਾਡੀ ਅਜੋਕੀ ਪੀੜ੍ਹੀ ਅਨੇਕ ਤਰ੍ਹਾਂ ਦੀ ਵਨਸਪਤੀ /ਸਾਗ ਤੋਂ ਵਿਰਵੀ ਹੋ ਗਈ ਹੈ। ਆਸ ਹੈ ਇਸ ਪੁਸਤਕ ਦੇ ਪਾਠਕ ਇਹਨਾਂ ਸਾਗਾਂ ਨੂੰ ਆਪਣੇ ਆਲੇ ਦੁਆਲੇ ਵਿਚੋਂ ਲੱਭਣ ਤੇ ਜਿਉਂਦਾ ਰੱਖਣ ਦਾ ਯੋਗ ਉਪਰਾਲਾ ਕਰਨਗੇ।
ਇਟਸਿੱਟ ਦਾ ਸਾਗ
ਸਰੋਂ ਦੇ ਸਾਗ ਵਿਚ ਇਟਸਿੱਟ, ਬੰਦ ਗੋਭੀ, ਚੁਲਾਈ ਮਿਲਾ ਕੇ ਸਾਗ ਬਣਾਇਆ ਜਾਂਦਾ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਬਰੀਕ ਕੱਟ ਕੇ ਲੂਣ ਮਿਰਚ, ਲਸਣ, ਅਦਰਕ ਆਦਿ ਪਾ ਕੇ ਰਿੰਨਿਆਂ ਜਾਂਦਾ ਹੈ।
ਭੱਖੜੇ ਦਾ ਸਾਗ
ਭੱਖੜੇ ਦਾ ਸਾਗ ਸਰੋਂ ਦੇ ਸਾਗ ਵਿਚ ਮਿਲਾ ਕੇ ਬਣਾਇਆ ਜਾਂਦਾ ਹੈ।
ਤਾਂਦਲਾ
ਗਰਮੀਆਂ ਤੇ ਬਰਸਾਤਾਂ ਵਿਚ ਤਾਂਦਲੇ ਤੇ ਪਾਲਕ ਦਾ ਸਾਗ ਬਣਦਾ ਹੈ।
ਮੁਰੱਬਾ
ਫਲ ਖਾਣਾ ਕਿਸਨੂੰ ਚੰਗਾ ਨਹੀਂ ਲਗਦਾ, ਖਾਸ ਕਰਕੇ ਕਰੁੱਤੇ ਫਲ। ਕੁਦਰਤ ਵੱਲੋਂ ਆਪਣੀ ਵੰਨਸੁਵੱਨੀ ਵਨਸਪਤੀ ਵਿਚ ਦਿੱਤੇ ਅਨੇਕਾਂ ਫਲ ਇੱਕ ਵਿਸ਼ੇਸ਼ ਮੌਸਮਾਂ ਵਿਚ ਹੀ ਪੌਦਿਆਂ/ਰੁੱਖਾਂ 'ਤੇ ਲਗਦੇ ਹਨ। ਇੱਕ ਮੌਸਮ ਦੇ ਫਲਾਂ ਨੂੰ ਦੂਜੇ ਮੌਸਤ ਤੱਕ ਸੰਭਾਲ ਕੇ ਲੈਜਾਣ ਦਾ ਵਧੀਆ ਤਰੀਕਾ ਹੈ -ਮੁਰੱਬਾ। ਇਥੇ ਕੁੱਝ ਫਲਾਂ ਨੂੰ ਮੁਰੱਬੇ ਦੇ ਰੂਪ ਵਿਚ ਸਾਂਭਣ ਦੀ ਵਿਧੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।
ਅੰਬ ਦਾ ਮੁਰੱਬਾ ਸਮਗਰੀ : ਅੰਬ : ਦੋ ਕਿੱਲੋ
ਖੰਡ : ਅੰਬ ਦੇ ਗੁੱਦੇ ਬਰਾਬਰ
ਕਾਲੀ ਮਿਰਚ : 10 ਗਰਾਮ
ਛੁਹਾਰੇ : 10 ਪੀਸ
ਸੌਂਗੀ : ਅੱਧ ਪਾ
ਵਿਧੀ : ਅੰਬ ਨੂੰ ਛਿੱਲ ਲਓ। ਫਿਰ ਥੋੜ੍ਹਾ ਪਾਣੀ ਪਾ ਕੇ ਗੁੱਦਾ ਕੱਢ ਕੇ ਧੁੱਪੇ ਸੁਕਾ ਲਓ। ਖੰਡ ਦੀ ਚਾਸ਼ਣੀ ਬਣਾਓ ਤਾਰ ਛੱਡਣ ਤੱਕ। ਵਿਚ ਸ਼ੌਂਗੀ, ਛੁਹਾਰੇ, ਕਾਲੀ ਮਿਰਚ ਪਾ ਲਓ।
ਕੌੜ ਤੁੰਮਿਆਂ ਦਾ ਮੁਰੱਬਾ
ਸਮਗਰੀ : ਕੌੜ ਤੁੰਮੇ : 1 ਕਿੱਲੋ
ਖੰਡ :3 ਕਿਲੋ
ਪਾਣੀ : ਲੋੜ ਅਨੁਸਾਰ
ਵਿਧੀ : ਕੌੜ ਤੁੰਮੇਂ ਛਿੱਲ ਕੇ ਬੀਜ ਚੰਗੀ ਤਰ੍ਹਾਂ ਕੱਢ ਦਿਓ। ਗੁੱਦ ਨੂੰ ਦਿਨ ਭਰ ਚੂਨੇ ਦੇ ਪਾਣੀ ਵਿਚ ਭਿਉਂ ਕੇ ਰੱਖੋ। ਹੁਣ ਗੁੱਦ ਨੂੰ 10 -12 ਵਾਰੀ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਲਓ।
ਚਾਸ਼ਨੀ : ਇੱਕ ਕਿਲੋ ਗੁੱਦੇ ਲਈ 3 ਕਿਲੋ ਖੰਡ ਦੀ ਚਾਸ਼ਨੀ ਬਣਾ ਕੇ ਗੁੱਦਾ ਵਿਚ ਪਾ ਦਿਓ। 10-12 ਦਿਨਾਂ ਵਿਚ ਮੁਰੱਬਾ ਤਿਆਰ ਹੋ ਜਾਂਦਾ ਹੈ।
ਸਿਰਕਾ
ਗੰਨੇ ਦੇ ਰਸ ਦਾ ਸਿਰਕਾਸਮਾਨ : ਗੰਨੇ ਦਾ ਰਸਮਿੱਟੀ ਦਾ ਭਾਂਡਾਪੁਣਨ ਲਈ ਬਰੀਕ ਕੱਪੜਾਭਾਂਡੇ ਦਾ ਮੂੰਹ ਬੰਨਣ ਲਈ ਕੱਪੜਾਵਿਧੀ : ਗੰਨੇ ਦਾ ਰਸ ਮਿੱਟੀ ਦੇ ਭਾਂਡੇ ਵਿਚ ਪਾ ਕੇ ਉਪਰੋਂ ਭਾਂਡੇ ਦਾ ਮੂੰਹ ਕੱਪੜੇ ਨਾਲ ਬੰਨ੍ਹ ਕੇ ਚਾਲੀ ਦਿਨ ਧੁੱਪ ਵਿਚ ਰੱਖੋ। ਦਿਨ ਵਿਚ ਇੱਕ ਵਾਰੀ ਕੱਪੜੇ ਨਾਲ ਪੁਣੋ। ਚਾਲੀ ਦਿਨ ਅਜਿਹਾ ਕਰਦੇ ਰਹੋ। ਸਿਰਕਾ ਤਿਆਰ ਹੋ ਜਾਵੇਗਾ।

'ਤ੍ਰਿੰਞਣ'

ਫਾਸਟ ਫੂਡ ਦੀ ਗੁਲਾਮੀ ਨੇ ਸਮਾਜ ਨੂੰ ਰੋਗੀ ਬਣਾ ਦਿੱਤਾ ਹੈ: ਡਾ. ਇੰਦਰਜੀਤ ਕੌਰ
ਪਿੰਡ ਚੈਨਾਂ ਵਿੱਚ 'ਤ੍ਰਿੰਞਣ' ਬਣਿਆ ਖਿੱਚ ਦਾ ਕੇਂਦਰ
ਭਾਂਤ-ਸੁਭਾਂਤੇ ਰਵਾਇਤੀ ਖਾਣਿਆਂ ਦਾ ਸਵਾਦ ਚਖ ਕੇ ਮੇਲੀ ਹੋਏ ਗਦਗਦ

-ਗੁਰਪ੍ਰੀਤ ਦਬੜ੍ਹੀਖਾਨਾ
ਬੀਤੇ ਕੱਲ ਖੇਤੀ ਵਿਰਾਸਤ ਮਿਸ਼ਨ, ਜੈਤੋ ਵੱਲੋਂ ਪਿੰਡ ਚੈਨਾਂ ਵਿਖੇ ਤ੍ਰਿੰਞਣ ਮੇਲਾ ਆਯੋਜਿਤ ਕੀਤਾ ਗਿਆ। ਮੇਲੇ ਦੀ ਸਾਰੀ ਰੂਪ-ਰੇਖਾ, ਵਿਓਂਤਬੰਦੀ ਅਤੇ ਤਿਆਰੀ ਪਿੰਡ ਦੀਆਂ ਬੱਚੀਆਂ- ਹਰਮਨਜੋਤ ਕੌਰ ਅਤੇ ਰਾਜਵਿੰਦਰ ਕੌਰ ਦੁਆਰਾ, ਬੀਬੀ ਪ੍ਰਤੀਮ ਕੌਰ (ਮੌਜੂਦਾ ਸਰਪੰਚ), ਬੀਬੀ ਨਸੀਬ ਕੌਰ, ਬੀਬੀ ਸੁਖਵਿੰਦਰ ਕੌਰ ਅਤੇ ਬੀਬੀ ਕੁਲਵਿੰਦਰ ਕੌਰ ਦੀ ਅਗਵਾਈ ਵਿੱਚ ਕੀਤੀ ਗਈ। ਡਾ. ਬੀਬੀ ਇੰਦਰਜੀਤ ਕੌਰ, ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਅੰਮ੍ਰਿਤਸਰ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।
ਇਸ ਆਯੋਜਨ ਦਾ ਮੁੱਖ ਮਕਸਦ ਲੋਕਾਂ ਨੂੰ ਮੁੜ ਤੋਂ ਭਾਈਚਾਰਕ ਸਾਂਝ, ਰਵਾਇਤੀ ਖਾਣਿਆਂ ਅਤੇ ਰਵਾਇਤੀ ਗਿਆਨ ਦੀ ਅਮੁਲ ਵਿਰਾਸਤ ਨਾਲ ਜੋੜਨਾ ਰਿਹਾ। ਜਿੱਥੇ ਇੱਕ ਪਾਸੇ, ਪਿੰਡ ਦੀਆਂ ਔਰਤਾਂ ਵੱਲੋਂ ਬਣਾਏ ਗਏ ਰਵਾਇਤੀ ਖਾਣੇ- ਮੋਠ-ਬਾਜ਼ਰੇ ਦੀ ਖਿਚੜੀ, ਕਣਕ, ਮੱਕੀ ਅਤੇ ਜਵਾਰ ਦੇ ਭੂਤਪਿੰਨੇ, ਚੌਲਾਈ ਤਾਂਦਲੇ ਅਤੇ ਭੱਖੜੇ ਦਾ ਸਾਗ, ਮੱਕੀ, ਜਵਾਰ ਅਤੇ ਬਾਜ਼ਰੇ ਦੀ ਰੋਟੀ, ਲਸਣ-ਮਿਰਚ ਅਤੇ ਚਿਬੜਾਂ ਦੀ ਚਟਣੀ, ਮੱਕੀ ਦਾ ਦਲੀਆ, ਪੂੜੇ ਅਤੇ ਮਾਹਲ ਪੂੜੇ, ਗੁਲਗੁਲੇ ਅਤੇ ਮੱਠੀਆਂ, ਗੁੜ ਦੀਆਂ ਸੇਵੀਆਂ, ਖੀਰ, ਗੁੜ ਦਾ ਸ਼ਰਬਤ ਅਤੇ ਠੰਡਿਆਈ ਮੇਲੇ ਦਾ ਮੁੱਖ ਆਕ੍ਰਸ਼ਨ ਬਣਕੇ ਉੱਭਰੇ ਓਥੇ ਹੀ ਦੂਜੇ ਪਾਸੇ ਚਰਖੇ ਕੱਤਣ ਅਤੇ ਕਸੀਦਾਕਾਰੀ ਦੇ ਮੁਕਾਬਲੇ ਵੀ ਖਿੱਚ ਦਾ ਕੇਂਦਰ ਬਣੇ ਰਹੇ। ਇਸ ਮੌਕੇ ਪਿੰਡ ਦੀਆਂ ਬੀਬੀਆਂ ਦੁਆਰਾ ਬੁਣੇ ਗਏ ਖੇਸ, ਦਰੀਆਂ, ਹੱਥੀਂ ਕੱਢੀਆਂ ਚਾਦਰਾਂ, ਬਾਗ ਫੁਲਕਾਰੀਆਂ ਆਦਿ ਰਵਾਇਤੀ ਹੁਨਰ ਦੇ ਮੁਜੱਸਮਿਆਂ ਦੀ ਨੁਮਾਇਸ਼ ਵੀ ਲਾਈ ਗਈ।
ਮੇਲੇ ਦਾ ਸ਼ੁੱਭ ਆਰੰਭ ਡਾ. ਬੀਬੀ ਇੰਦਰਜੀਤ ਕੌਰ ਦੇ ਉਦਘਾਟਨੀ ਭਾਸ਼ਨ ਨਾਲ ਹੋਇਆ।
ਆਪਣੇ ਸੰਬੋਧਨ ਦੌਰਾਨ ਉਹਨਾਂ, ਲੋਕਾਂ ਅਤੇ ਖਾਸਕਰ ਨਵੀਂ ਪੀੜੀ ਨੂੰ ੰਿਤ੍ਰੰਞਣ ਦੇ ਮਹੱਤਵ ਦੱਸਦਿਆਂ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਨ ਦੀ ਅਪੀਲ ਕੀਤੀ। ਸਾਡੇ ਮੂਲੋਂ ਹੀ ਬਦਲੇ ਹੋਏ ਭੋਜਨ ਅਤੇ ਭੋਜਨ ਸਬੰਧੀ ਆਦਤਾਂ ਦਾ ਜਿਕਰ ਕਰਦਿਆਂ ਉਹਨਾਂ ਕਿਹਾ ਕਿ ਅੱਜ ਜਵਾਰ, ਬਾਜਰੇ ਤੇ ਮੱਢਲ ਵਰਗੇ ਮੋਟੇ ਅਨਾਜ ਸਾਡੀ ਖੁਰਾਕ ਦਾ ਹਿੱਸਾ ਨਹੀਂ ਰਹਿ ਗਏ ਇਹਨਾਂ ਦੀ ਥਾਂ ਸਿਰਫ ਤੇ ਸਿਰਫ ਕਣਕ- ਚੌਲ ਨੇ ਲੈ ਲਈ ਹੈ। ਇਸ ਤੋਂ ਵੀ ਅੱਗੇ ਅਸੀਂ ਤੇ ਸਾਡੇ ਬੱਚੇ ਬਜ਼ਾਰ ਵਿੱਚ ਉਪਲਭਧ ਫਾਸਟ ਫੂਡਜ਼ ( ਬਰਗਰ, ਪੀਜੇ ਆਦਿ) ਦੇ ਗੁਲਾਮ ਹੋ ਚੱਲੇ ਹਾਂ। ਸਿੱਟੇ ਵਜੋਂ ਸਾਰਾ ਸਮਾਜ ਭਾਂਤ-ਭਾਂਤ ਦੇ ਰੋਗਾਂ ਦਾ ਘਰ ਬਣ ਗਿਆ ਹੈ। ਖੁਰਾਕ ਵਿੱਚ ਆਇਰਨ, ਕੈਲਸੀਅਮ, ਪ੍ਰੋਟੀਨ ਆਦਿ ਪੋਸ਼ਕ ਤੱਤਾਂ ਦੀ ਘਾਟ ਆ ਗਈ ਹੈ ਤੇ ਅੱਜ ਬਹੁਗਿਣਤੀ ਔਰਤਾਂ ਅਤੇ ਬੱਚੇ ਖੂਨ ਦੀ ਘਾਟ ਦੇ ਸ਼ਿਕਾਰ ਹਨ। ਇਹਨਾਂ ਸਭ ਅਲਾਮਤਾਂ ਤੋਂ ਬਚਣ ਲਈ ਰਵਾਇਤੀ ਖਾਣਿਆਂ ਨੂੰ ਮੁੜ ਤੋਂ ਆਪਣੀ ਭੋਜਨ ਲੜੀ ਵਿੱਚ ਸ਼ਾਮਿਲ ਕਰਨਾ ਹੀ ਪਵੇਗਾ।
ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੀ ਇਸਤਰੀ ਇਕਾਈ ਤੋਂ ਬੀਬੀ ਅਮਰਜੀਤ ਕੌਰ ਭੋਤਨਾਂ ਨੇ ਲੋਕਾਂ ਨੂੰ ਰਵਾਇਤੀ ਖਾਣਿਆਂ ਦੇ ਗੁਣਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਅੱਜ ਦੇ ਸਮੇਂ ਵਿੱਚ ਉਹਨਾਂ ਦੀ ਲੋੜ ਅਤੇ ਉਹਨਾਂ ਨੂੰ ਬਣਾਉਣ ਦੇ ਢੰਗਾਂ ਬਾਰੇ ਵੱਡਮੁਲੀ ਜਾਣਕਾਰੀ ਦਿੱਤੀ।
ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਓਮੇਂਦਰ ਦੱਤ ਨੇ ਕਿਹਾ ਕਿ ਵਿਰਾਸਤੀ ਗਿਆਨ ਅਤੇ ਉਸਦੇ ਮਹੱਤਵ ਤੋਂ ਇਨਕਾਰੀ ਹੋ ਕੇ ਅਸੀਂ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ। ਅਸੀਂ ਹਰ ਪੱਖ ਤੋਂ ਬਹੁਕੌਮੀ ਕੰਪਨੀਆਂ ਅਤੇ ਉਹਨਾਂ ਦੇ ਰਾਜਨੀਤਕ ਦਲਾਲਾਂ ਦੇ ਗੁਲਾਮ ਹੋ ਗਏ ਹਾਂ। ਅੱਜ ਸਾਡੇ ਖੇਤਾਂ ਤੋਂ ਲੈ ਕੇ ਘਰਾਂ ਤੱਕ ਏਥੋਂ ਤੱਕ ਕਿ ਸਾਡੀ ਥਾਲੀ ਵਿੱਚ ਕੀ ਹੋਵੇਗਾ ਇਹ ਫੈਸਲਾ ਵੀ ਕੰਪਨੀਆਂ ਕਰਦੀਆਂ ਹਨ। ਨਤੀਜ਼ਤਨ ਅਸੀਂ ਜਿੱਥੇ ਇੱਕ ਪਾਸੇ ਆਪਣੀ ਧਰਤੀ, ਕੁਦਰਤੀ ਸੋਮਿਆਂ, ਮਾਂ ਕੁਦਰਤ ਅਤੇ ਸਿਹਤਾਂ ਦਾ ਨਾਸ਼ ਮਾਰਿਆ ਹੈ ਓਥੇ ਹੀ ਆਪਣੀ ਜਰੂਰਤ ਦੀ ਹਰੇਕ ਵਸਤ ਲਈ ਦੇਸੀ-ਵਿਦੇਸ਼ੀ ਬਹੁਕੌਮੀ ਕੰਪਨੀਆਂ ਵੱਲ ਦੇਖਦੇ ਹਾਂ। ਅੱਜ ਗੁਲਾਮੀ ਦੇ ਇਸ ਭਿਆਨਕ ਜੂਲੇ ਨੂੰ ਗਲੋਂ ਲਾਹ, ਸਵੈ ਨਿਰਭਰ ਅਤੇ ਸਵੈਮਾਨੀ ਹੋ ਕੇ ਵਿਚਰਨ ਦੀ ਲੋੜ ਹੈ।
ਇਸ ਮੌਕੇ ਪ੍ਰਿਤਪਾਲ ਸਿੰਘ ਬਰਾੜ ਸਕੱਤਰ ਵਾਤਾਵਰਣ ਪੰਚਾਇਤ, ਚੈਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸਤੋਂ ਪਹਿਲਾਂ ਗੋਰਾ ਸਿੰਘ, ਅੰਗਰੇਜ਼ ਸਿੰਘ, ਗੁਰਸੇਵਕ ਸਿੰਘ ਢਿੱਲੋਂ ਅਤੇ ਜਗਮੀਤ ਸਿੰਘ ਸਾਂਝੇ ਤੌਰ 'ਤੇ ਸਭ ਨੂੰ ਜੀ ਆਇਆਂ ਕਿਹਾ।
ਮੇਲੇ ਦਾ ਸਮਾਪਨ ਪਿੰਡ ਦੀਆਂ ਬੱਚੀਆਂ ਵੱਲੋਂ ਹਰਮਨਜੋਤ ਕੌਰ ਦੀ ਅਗਵਾਈ ਵਿੱਚ ਰਵਾਇਤੀ ਪਹਿਰਾਵੇ ਅਤੇ ਬੋਲੀਆਂ ਨਾਲ ਸ਼ਿੰਗਾਰੇ ਗਿੱਧੇ ਦੀ ਆਲੋਕਾਰ ਪੇਸ਼ਕਾਰੀ ਨਾਲ ਹੋਇਆ ਇਸ ਉਪਰੰਤ ਮੇਲੀਆਂ ਨੇ ਰਵਾਇਤੀ ਖਾਣਿਆਂ ਦਾ ਖੂਬ ਆਨੰਦ ਮਾਣਿਆਂ।

*****

ਪਿੰਡ ਜੀਦਾ ਦਾ ਤ੍ਰਿੰਞਣ ਮੇਲਾ
-ਹਰਮੇਲ ਪਰੀਤ
ਕਰੀਬ ਦੋ ਸੌ ਔਰਤਾਂ, ਤੇ ਬੱਚਿਆਂ ਵਿਚੋਂ ਬਹੁਗਿਣਤੀ ਨੇ ਸ਼ਾਇਦ ਇਹ ਖਾਣੇ ਪਹਿਲਾਂ ਕਦੇ ਨਹੀਂ ਖਾਧੇ ਹੋਣੇ। ਤੀਹਾਂ ਤੋਂ ਥੱਲੇ ਦੀ ਉਮਰ ਵਾਲਿਆਂ ਨੇ ਤਾਂ ਇਨ੍ਹਾਂ ਵਿਚੋਂ ਬਹੁਤਿਆਂ ਦੇ ਕਦੇ ਨਾਂਅ ਵੀ ਨਹੀਂ ਸੁਣੇ ਸਨ। ਲਿਹਾਜ਼ਾ ਇਨ੍ਹਾਂ ਦੇ ਨਾਂਅ, ਦਿੱਖ ਤੇ ਸਵਾਦ ਸਭ ਕੁੱਝ ਉਨ੍ਹਾਂ ਵਾਸਤੇ ਦਿਲਚਸਪੀ ਦਾ ਕੇਂਦਰ ਸੀ। ਮੌਕਾ ਸੀ ਖੇਤੀ ਵਿਰਾਸਤ ਮਿਸ਼ਨ ਵੱਲੋਂ ਪਿੰਡ ਜੀਦਾ (ਜ਼ਿਲ੍ਹਾ ਬਠਿੰਡਾ) ਵਿਖੇ ਕਰਵਾਏ ਗਏ ਰਵਾਇਤੀ ਖਾਣਿਆਂ ਦੇ ਮੇਲੇ ਦਾ।
ਕੋਕਾ ਕੋਲਾ, ਪੈਪਸੀ ਤੇ ਹੋਰ ਆਧੁਨਿਕ ਠੰਡਿਆਂ ਵਿਚ ਗੁਆਚੀ ਨਵੀਂ ਪੀੜ੍ਹੀ ਲਈ ਠੰਡਿਆਈ ਤੇ ਜੌਆਂ ਦੇ ਸੱਤੂ ਦਾ ਸਵਾਦ ਅਲੋਕਾਰ ਸੀ। ਕਣਕ ਤੋਂ ਇਲਾਵਾ, ਬਾਜਰੇ ਤੇ ਜਵਾਰ ਦੀ ਰੋਟੀ; ਭੱਖੜੇ, ਪਾਲਕ ਤੇ ਤਾਂਦਲੇ ਦਾ ਸਾਗ; ਬਾਜਰੇ ਦੀ ਰਬੜੀ; ਮੱਕੀ ਦਾ ਦਲੀਆ; ਮੋਠ-ਬਾਜਰੇ ਦੀ ਖਿਚੜੀ, ਗੁਲਗੁਲੇ, ਜਵਾਰ- ਮੱਕੀ ਦੇ ਭੂਤ ਪਿੰਨੇ ਕੁੱਲ ਮਿਲਾ ਕੇ ਰਵਾਇਤੀ ਖਾਣਿਆਂ ਦੀਆਂ ਕੋਈ ਡੇਢ ਦਰਜਨ ਦੇ ਕਰੀਬ ਵੰਨਗੀਆਂ 'ਬੇਬੇ ਦੀ ਰਸੋਈ' ਦੀ ਸਮਰਿੱਧੀ ਨੂੰ ਦਰਸਾਉਣ ਲਈ ਮੂੰਹੋ ਬੋਲ ਰਹੀਆਂ ਸਨ। ਪੁਰਾਣੀ ਪੀੜ੍ਹੀ ਦੀਆਂ ਬਜ਼ੁਰਗ ਔਰਤਾਂ ਦੇ ਚਿਹਰਿਆਂ 'ਤੇ ਇੱਕ ਵੇਖਣਯੋਗ ਰੌਣਕ ਤੇ ਉਤਸ਼ਾਹ ਸੀ; ਹੁੰਦਾ ਵੀ ਕਿਉਂ ਨਾ ਉਨ੍ਹਾਂ ਦੇ ਜਿਸ ਕੌਸ਼ਲ ਨੂੰ ਨਵੀਂ ਪੀੜ੍ਹੀ ਗੁਜ਼ਰੇ ਵਕਤ ਦੀਆਂ ਚੀਜ਼ਾਂ ਆਖ ਕੇ ਨਕਾਰ ਚੁੱਕੀ ਹੈ, ਜਿਹੜੇ ਖਾਣੇ ਨਵੀਂ ਪੀੜ੍ਹੀ ਨਾ ਬਣਾਉਂਦੀ ਹੈ, ਨਾ ਖਾਣਾ ਪਸੰਦ ਕਰਦੀ ਹੈ, ਉਸ ਦੇ ਗੁਣਗਾਣ ਤੇ ਇਸ ਤਰ੍ਹਾਂ ਵਡਿਆਇਆ ਜਾਣਾ ਹਨੇਰੇ ਵਿਚ ਚਾਣਨ ਦੀ ਲੀਕ ਵਰਗਾ ਹੀ ਤਾਂ ਸੀ।
ਇਸ ਤੋਂ ਪਹਿਲਾਂ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਓਮੇਂਦਰ ਦੱਤ ਨੇ ਕਿਹਾ ਕਿ ਅੱਜ ਅਸੀਂ ਜਿਸ ਤਰ੍ਹਾਂ ਦੇ ਭੋਜਨ ਦੇ ਚੱਕਰ ਵਿਚ ਉਲਝ ਗਏ ਹਾਂ ਉਹ ਸਾਡੇ ਪੌਣ ਪਾਣੀ, ਜੀਵਨ ਜਾਚ, ਰਹਿਣ ਸਹਿਣ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਕਿਹਾ ਕਿ ਅਜੋਕੀ ਭੋਜਨ ਪ੍ਰਣਾਲੀ ਵਿਚੋਂ ਪੁਰਾਣੇ ਰਵਾਇਤੀ ਖਾਣਿਆਂ ਨੂੰ ਬਾਹਰ ਕਰਨ ਦਾ ਨਤੀਜਾ ਇਹ ਹੈ ਕਿ ਸਾਡੇ ਲੋਕ ਅਨੇਕ ਤਰ੍ਹਾਂ ਦੇ ਰੋਗਾਂ ਤੋਂ ਪੀੜਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਰਸਾਇਣਕ ਖੇਤੀ ਦੇ ਚਲਦਿਆਂ ਅਨੇਕ ਤਰਾਂ੍ਹ ਦੇ ਜ਼ਹਿਰ ਸਾਡੀ ਭੋਜਨ ਲੜੀ ਵਿੱਚ ਦਾਖਲ ਹੋ ਚੁੱਕੇ ਹਨ।
ਸ੍ਰੀ ਦੱਤ ਨੇ ਬੀਬੀਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਹੱਥੀਂ ਜਹਿਰ ਨਾ ਖਵਾਉਣ ਤੇ ਆਪਣੇ ਘਰਾਂ ਵਿਚ ਕੁਦਰਤੀ ਢੰਗ ਨਾਲ ਸਬਜ਼ੀਆਂ ਉਗਾਉਣ ਤੇ ਖੇਤਾਂ ਵਿਚ ਕੁਦਰਤੀ ਢੰਗ ਨਾਲ ਕਣਕ ਦੀ ਬਿਜਾਈ ਲਈ ਆਪਣੇ ਪਰਵਾਰਾ ਵਿਚ ਗੱਲ ਤੋਰਨ।
ਲੁਧਿਆਣੇ ਤੋਂ ਵਿਸ਼ੇਸ਼ ਤੌਰ 'ਤੇ ਪੁੱਜੀ ਬੀਬੀ ਸ਼ੁਭਦੀਪ ਨੇ ਕਿਹਾ ਕਿ ਪੁਰਾਣੇ ਜ਼ਮਾਨੇ ਵਿਚ ਖੁਰਾਕਾਂ ਵਿਚ ਦਮ ਸੀ। ਲੋਕ ਤੰਦੁਰਸਤ ਰਹਿੰਦੇ ਸਨ। ਅੱਜ ਵੀ ਪੁਰਾਣੇ ਲੋਕ ਨਵੀਂ ਪੀੜ੍ਹੀ ਨਾਲੋਂ ਜ਼ਿਆਦਾ ਤਕੜੇ ਹਨ ਤੇ ਜ਼ਿਆਦਾ ਕੰਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਮਾਂ ਆਪਣੇ ਬੱਚਿਆਂ ਨੂੰ ਹੱਥੀਂ ਜ਼ਹਿਰ ਪਰੋਸ ਕੇ ਨਹੀਂ ਦੇ ਸਕਦੀ, ਇਸ ਲਈ ਬੀਬੀਆਂ ਅੱਗੇ ਤੋਂ ਆਪਣੇ ਘਰਾਂ ਵਿਚ ਰਵਾਇਤੀ ਖਾਣਿਆਂ ਦਾ ਦੌਰ ਸ਼ੁਰੂ ਕਰਨ। ਆਪਣੇ ਬਜ਼ੁਰਗਾਂ ਤੋਂ ਇਹ ਵਿਰਾਸਤ ਸੰਭਾਲਣ। ਬੱਚਿਆਂ ਨੂੰ ਹਰ ਚੀਜ਼ ਘਰ ਵਿਚ ਬਣਾ ਕੇ ਦੇਣ ਤਾਂਕਿ ਉਹ ਬਾਜ਼ਾਰੂ ਚੀਜ਼ਾਂ ਨਾ ਖਾਣ ਜਿਹੜੀਆਂ ਕਿ ਬੱਚਿਆਂ ਦੀ ਸਿਹਤ ਲਈ ਬੇਹੱਦ ਖਤਰਨਾਕ ਹਨ।
ਖੇਤੀ ਵਿਰਾਸਤ ਮਿਸ਼ਨ ਦੇ ਪ੍ਰੋਗਰਾਮ ਚਿੰਰਜੀਵੀ ਗ੍ਰਾਮ ਅਭਿਆਨ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਆਉਂਦੇ ਹਾੜੀ ਦੇ ਸੀਜਨ ਦੌਰਾਨ ਘਰੇਲੂ ਬਗੀਚੀਆਂ ਵਿਚ ਉਗਰਾਈਆਂ ਜਾ ਸਕਣ ਵਾਲੀਆਂ ਸਬਜ਼ੀਆਂ ਤੇ ਉਨ੍ਹਾਂ ਨੂੰ ਬੀਜਣ ਤੇ ਕੁਦਰਤੀ ਢੰਗ ਨਾਲ ਸਾਂਭ ਸੰਭਾਲ ਬਾਰੇ ਵਿਸਥਾਰ ਵਿਚ ਦੱਸਿਆ। ਬੀਬੀ ਅਮਰਜੀਤ ਕੌਰ ਭੋਤਨਾ ਨੇ ਪਿੰਡ ਭੋਤਨਾ ਵਿਚ ਔਰਤਾਂ ਵੱਲੋਂ ਕੀਤੀ ਪਹਿਲ ਬਾਰੇ ਦੱਸਿਆ ਤੇ ਬੀਬੀਆਂ ਨੂੰ ਇਸ ਕੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੀਬੀਆਂ ਜੇਕਰ ਮਨ ਵਿਚ ਧਾਰ ਲੈਣ ਤਾਂ ਆਪਣੀ ਰਸੋਈ ਵਿਚੋਂ ਜ਼ਹਿਰ ਭਰੇ ਖਾਣਿਆਂ ਨੂੰ ਬਾਹਰ ਕੱਢਣਾ ਕੋਈ ਔਖਾ ਕੰਮ ਨਹੀਂ ਹੈ।
ਇਸ ਮੌਕੇ ਪਿੰਡ ਵਿਚ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਬੀਬੀਆਂ ਦੀ ਇੱਕ ਕਮੇਟੀ ਵੀ ਬਣਾਈ ਗਈ। ਪਿੰਡ ਵਿਚ ਅਗਲੀ ਟੇ੍ਰਨਿੰਗ ਮੀਟਿੰਗ 13 ਸਤੰਬਰ 2009 ਨੂੰ ਹੋਵੇਗੀ।

ਵੱਖ ਵੱਖ ਸੰਗਠਨਾਂ ਵੱਲੋਂ ਸੁਰੱਖਿਅਤ ਤੇ ਜੀ. ਐੱਮ ਮੁਕਤ ਖੁਰਾਕ ਲਈ ਸਾਂਝਾ ਮੁਹਾਜ਼ ਗਠਿਤ

ਹਰਮੇਲ ਪਰੀਤ
ਜੈਤੋ/ਖੰਨਾ : ਬਹੁਕੌਮੀ ਕੰਪਨੀਆਂ ਵੱਲੋਂ ਆਪਣੇ ਮੁਨਾਫੇ ਦੀ ਲਾਲਸਾ ਤੇ ਭਾਰਤੀ ਖੁਰਾਕ ਤੰਤਰ 'ਤੇ ਆਪਣਾ ਕਬਜ਼ਾ ਜਮਾਉਣ ਲਈ ਖੁਰਾਕੀ ਫਸਲਾਂ ਵਿਚ ਜੀਐੱਮ. ਤਕਨੀਕ ਸ਼ਾਮਲ ਕਰਨ ਵਿਰੁੱਧ ਦੇਸ਼ ਦੇ ਵੱਖ ਵੱਖ ਸੂਬਿਆਂ ਅੰਦਰ ਚੱਲ ਰਹੇ ਸੰਘਰਸ਼ ਦਾ ਬਿਗਲ ਹੁਣ ਪੰਜਾਬ ਵਿਚ ਵੀ ਵੱਜ ਗਿਆ ਹੈ।
31 ਮਈ ਵਾਲੇ ਦਿਨ ਖੰਨਾ ਵਿਖੇ ਖੇਤੀ ਵਿਰਾਸਤ ਮਿਸ਼ਨ ਦੀ ਪਹਿਲ 'ਤੇ ਵੱਖ ਵੱਖ ਸੰਗਠਨਾਂ ਦੀ ਇਕ ਸਾਂਝੀ ਮੀਟਿੰਗ ਹੋਈ ਜਿਸ ਖੇਤੀ ਵਿਰਾਸਤ ਮਿਸ਼ਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਕਿਰਤੀ ਕਿਸਾਨ ਯੂਨੀਅਨ, ਭਗਵਾਨ ਮਹਾਂਵੀਰ ਜੈਨ ਚੇਤਨਾ ਮੰਚ ਲੁਧਿਆਣਾ, ਜੀਵ ਕਲਿਆਣ ਤੇ ਸੰਰਕਸ਼ਣ ਸੰਸਥਾ ਭਾਰਤ, ਭਾਰਤ ਜਨ ਵਿਗਿਆਨ ਜੱਥਾ, ਸੁਸਾਇਟੀ ਫਾਰ ਇਨਵਾਇਰਨਮੈਂਟ ਐਂਡ ਈਕੋਲੋਜ਼ੀਕਲ ਰਿਸੋਰਸਸ ਫਰੀਦਕੋਟ, ਗਿਆਨੀ ਜ਼ੈਲ ਸਿੰਘ ਸੈਂਟਰ ਫਾਰ ਰੂਰਲ ਡਿਵੈਲਪਮੈਂਟ, ਲੋਕ ਚੇਤਨਾ ਸਭਾ ਪੰਜਾਬ, ਸ਼ੁਭਕਰਮਨ ਸੁਸਾਇਟੀ ਹੁਸ਼ਿਆਰਪੁਰ, ਵਲੰਟੀਅਰੀ ਹੈਲਥ ਐਸੋਸੀਏਸ਼ਨ ਚੰਡੀਗੜ੍ਹ, ਆਤਮ ਜੀਵਨ ਕਲਿਆਣ ਮੰਡਲ ਰੋਪੜ, ਕੁਦਰਤ ਮਾਨਵ ਕੇਂਦਰ ਲੋਕ ਲਹਿਰ, ਲੋਕ ਕਲਿਆਣ ਸਮਿਤੀ ਨੁਮਾਇੰਦਿਆਂ ਤੋਂ ਇਲਾਵਾ ਵੱਖ ਵੱਖ ਸ਼ਹਿਰਾਂ ਤੋਂ ਜਾਗਰੂਕ ਸ਼ਹਿਰੀਆਂ ਨੇ ਸ਼ਿਰਕਤ ਕੀਤੀ। ਸਭਨਾਂ ਨੇ ਸਾਝੇ ਸੁਰ ਵਿਚ ਬਹੁਕੌਮੀ ਕੰਪਨੀਆਂ ਦੀ ਇਸ ਘਿਨੌਣੀ, ਕੁਦਰਤ ਵਿਰੋਧੀ ਤੇ ਮਨੁੱਖ ਮਾਰੂ ਹਰਕਤ ਵਿਰੁੱਧ ਇਕਜੁਟ ਹੋ ਕੇ ਲੜਨ ਦਾ ਅਹਿਦ ਕੀਤਾ।
ਮੀਟਿੰਗ ਦੀ ਸ਼ੁਰੂਆਤ ਕਰਦਿਆਂ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਉਮੇਂਦਰ ਦੱਤ ਨੇ ਕਿਹਾ ਇਹ ਜੀਨ ਹੇਰ ਫੇਰ ਨਾਲ ਤਿਆਰ ਭੋਜਨ ਪ੍ਰਦਾਰਥ ਸਾਡੀ ਖੇਤੀ, ਖੁਰਾਕੀ ਆਜ਼ਾਦੀ, ਪ੍ਰਭੁਤਾ ਦੇ ਨਾਲ ਨਾਲ ਸਾਡੀਆਂ ਧਾਰਮਿਕ ਆਸਥਾਵਾਂ 'ਤੇ ਇਕ ਗਿਣਿਆ ਮਿਥਿਆ ਹਮਲਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਵੱਖ ਵੱਖ 18 ਰਾਜਾਂ ਦੀਆਂ ਵੱਖ ਵੱਖ ਮਨੁੱਖ ਤੇ ਕੁਦਰਤ ਹਿਤੈਸ਼ੀ ਜਥੇਬੰਦੀਆਂ ਦੇ ਸਾਂਝੇ ਸੰਗਠਨ 'ਕੁਇਲੀਸ਼ਨ ਫਾਰ ਜੀ.ਐੱਮ ਫ੍ਰੀ ਇੰਡੀਆ' ਦੇ ਸੱਦੇ 'ਤੇ ਪੰਜਾਬ ਅੰਦਰ ਵੀ ਰਾਜ ਪੱਧਰੀ ਗੱਠਜੋੜ ਤਸ਼ਕੀਲ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਗਠਜੋੜ ਵਿਚ ਕਿਸਾਨ, ਮਜ਼ਦੂਰ, ਇਸਤਰੀ ਜਥੇਬੰਦੀਆਂ, ਸੱਭਿਆਚਾਰਕ, ਧਾਰਮਿਕ, ਖੇਤੀ ਤੇ ਵਾਤਾਵਰਣ ਦੇ ਖੇਤਰ ਵਿਚ ਕਾਰਜਸ਼ੀਲ ਸੰਸਥਾਵਾਂ ਸ਼ਾਮਲ ਹੋ ਰਹੀਆਂ ਹਨ ਤੇ ਹੁਣ ਤੱਕ ਕੋਈ 65 ਜਥੇਬੰਦੀਆਂ ਨਾਲ ਸੰਪਰਕ ਕੀਤਾ ਜਾ ਚੁੱਕਿਆ ਹੈ ਜਿੰਨ੍ਹਾਂ ਨੇ ਇਸ ਕਾਰਜ ਲਈ ਆਪਣੇ ਭਰਪੂਰ ਸਮਰੱਥਨ ਦਾ ਵਾਅਦਾ ਕੀਤਾ ਹੈ।
ਜੀ. ਐੱਮ. ਫਸਲਾਂ ਦੇ ਸਿਹਤ 'ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਦੀ ਗੱਲ ਕਰਦਿਆਂ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਪ੍ਰਧਾਨ ਡਾ: ਅਮਰ ਸਿੰਘ ਆਜ਼ਾਦ ਆਖਿਆ ਕਿ ਜੀ. ਐਮ. ਤਕਨੀਕ ਨਾਲ ਤਿਆਰ ਫਸਲਾਂ ਮਨੁੱਖੀ ਸਿਹਤ ਲਈ ਬੇਹੱਦ ਘਾਤਕ ਹਨ। ਇਨ੍ਹਾਂ ਦੇ ਅਸਰ ਇਸ ਪੀੜ੍ਹੀ ਨੂੰ ਤਾਂ ਭੁਗਤਣੇ ਪੈਣੇ ਹੀ ਹਨ ਸਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਭੁਗਤਣ ਲਈ ਮਜ਼ਬੂਰ ਹੋਣਗੀਆਂ। ਉਨ੍ਹਾਂ ਕਿਹਾ ਕਿ ਜਦੋਂ ਦੁਨੀਆਂ ਭਰ ਵਿਚ ਕੀਟਨਾਸ਼ਕ ਜ਼ਹਿਰਾਂ ਦੇ ਹਾਨੀਕਾਰਕ ਨਤੀਜੇ ਸਾਹਮਣੇ ਦੇਖੇ ਜਾਣ ਲੱਗੇ ਤਾਂ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ। ਜ਼ਹਿਰ ਦੇ ਇਨ੍ਹਾਂ ਵਪਾਰੀਆਂ ਨੇ ਆਪਣੇ ਕਾਰੋਬਾਰ ਨੂੰ ਚਲਦਾ ਰੱਖਣ ਲਈ ਜੀ. ਐੱਮ ਤਕਨੀਕ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਕੰਪਨੀਆਂ ਭਾਵੇਂ ਸੱਚ ਨੂੰ ਲੁਕੋਣ ਦੇ ਲਖ ਯਤਨ ਕਰਨ ਪਰ ਕੁਦਰਤ ਨਾਲ ਛੇੜਛਾੜ ਦਾ ਖਮਿਆਜ਼ਾ ਭੁਗਤਣਾ ਹੀ ਪੈਣਾ ਹੈ ਤੇ ਇਸ ਤਕਨੀਕ ਨਾਲ ਤਿਆਰ ਖੁਰਾਕੀ ਫਸਲਾਂ ਦੇ ਨੁਕਸਾਨ ਅਟਲ ਹਨ।
ਉਨ੍ਹਾਂ ਖੁਲਾਸਾ ਕੀਤਾ ਕਿ ਸਾਡੀ ਖੁਰਾਕ ਵਿਚ ਜ਼ਹਿਰਾਂ ਦੀ ਮਾਤਰਾ ਦਿਨੋ ਦਿਨ ਵੱਧਦੀ ਜਾ ਰਹੀ ਹੈ। ਪਸ਼ੂ, ਪੰਛੀਆਂ, ਵਨਸਪਤੀ ਦੀਆਂ ਕਈ ਪ੍ਰਜਾਤੀਆਂ ਦਾ ਅਲੋਪ ਹੋ ਜਾਣਾ ਮਨੁੱਖ ਲਈ ਕਿਸੇ ਵੱਡੀ ਹੋਣੀ ਦਾ ਸੰਕੇਤ ਹੈ, ਜੇਕਰ ਇਸ ਸੰਕੇਤ ਨੂੰ ਵੇਲੇ ਸਿਰ ਸਮਝਿਆ ਨਾ ਗਿਆ ਤਾਂ ਫੇਰ ਬਰਬਾਦੀ ਯਕੀਨੀ ਹੈ।
ਡਾ: ਆਜ਼ਾਦ ਨੇ ਅੱਗੇ ਕਿਹਾ ਕਿ ਅਸਲ ਵਿਚ ਖੇਤੀ ਵਿਚ ਜੀ. ਐੱਮ. ਤਕਨੀਕ ਮਹਿੰਗੀ, ਖਤਰਨਾਕ ਤੇ ਅਸਲੋਂ ਬੇਲੋੜੀ ਹੈ। ਜਿਸ ਦਾ ਇਕੋ ਮਕਸਦ ਹੈ ਨਾ ਸਿਰਫ ਸਾਡੀ ਅਰਥਿਕਤਾ ਸਗੋਂ ਸਮੁੱਚੀ ਜ਼ਿੰਦਗੀ 'ਤੇ ਕਾਬਜ਼ ਹੋਣਾ। ਇਹ ਸਾਰਾ ਕਾਰਾ ਐਟਮਬੰਬ ਤੋਂ ਵੀ ਜ਼ਿਆਦਾ ਖਤਰਨਾਕ ਹੈ। ਇਸ ਲਈ ਇਸ ਦੇ ਖਿਲਾਫ ਖੜ੍ਹੇ ਹੋਣਾ ਲਾਜ਼ਮੀ ਹੈ।
ਕੁਲੀਸ਼ਨ ਫਾਰ ਜੀ. ਐਮ. ਫ੍ਰੀ ਇੰਡੀਆ ਦੀ ਮੈਂਬਰ ਸਕੱਤਰ ਬੀਬੀ ਕਵਿਤਾ ਕੁਰੂਗੰਟੀ ਨੇ ਵੱਖ ਵੱਖ ਸੰਗਠਨਾਂ ਦੇ ਨੁਮਾਂਇੰਦਿਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਜੀ. ਐੱਮ ਤਕਨੀਕ ਗੈਰਕੁਦਰਤੀ, ਗੈਰ ਜ਼ਰੂਰੀ ਤੇ ਅਨਿਸਚਤ ਨਤੀਜਿਆਂ ਵਾਲੀ ਤਕਨਂੀਕ ਹੈ। ਉਨ੍ਹਾਂ ਕਿਹਾ ਕਿ ਬਿਲੁਕਲ ਅਸਬੰਧਤ ਪ੍ਰਾਣੀਆਂ ਦੇ ਜੀਨ ਆਪਸ ਵਿਚ ਮਿਲਾਕੇ ਨਵੀਆਂ ਕਿਸਮਾਂ ਤਿਆਰ ਕਰਨਾ ਕੁਦਰਤ ਦੇ ਨਿਜ਼ਾਮ ਨਾਲ ਛੇੜਛਾੜ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਇਕ ਪ੍ਰਾਣੀ ਦਾ ਜੀਨ ਦੂਜੇ ਪ੍ਰਾਣੀ ਜਾਂ ਫਸਲ ਵਿਚ ਫਿੱਟ ਕਰਨ ਦੇ ਆਹਰ ਵਿਚ ਲੱਗੇ ਵਿਗਿਆਨੀਆਂ ਨੇ ਕੱਲ੍ਹੇ ਕੱਲੇ ਜੀਨ ਦਾ ਕੰਮ ਪਤਾ ਲਾ ਲਿਆ ਹੈ? ਉਨ੍ਹਾਂ ਕਿਹਾ ਕਿ ਵਿਗਿਆਨਕ ਬਿਨਾਂ ਨਤੀਜਿਆਂ ਦੀ ਜਾਣਕਾਰੀ ਦੇ ਹੀ ਜੀਨਾਂ ਨਾਲ ਛੇੜਛਾੜ ਕਰਕੇ ਮਨੁਖਤਾ ਲਈ ਵੱਡੇ ਤੇ ਨਾ ਟਾਲੇ ਜਾਣ ਵਾਲੇ ਖਤਰੇ ਸਹੇੜ ਰਹੇ ਹਨ।
ਬੀਬੀ ਕਵਿਤਾ ਨੇ ਕਿਹਾ ਕਿ ਜੀ.ਐੱਮ ਫਸਲਾਂ ਦੇ ਵਪਾਰ ਵਿਚ ਲੱਗੀਆਂ ਕੰਪਨੀਆਂ ਝੂਠ ਬੋਲਦੀਆਂ ਹਨ ਕਿ ਇਹਨਾਂ ਫਸਲਾਂ ਵਿਚ ਕਿਸਾਨ ਦੀ ਸਮਰਿਧੀ ਲੁਕੀ ਹੈ। ਜਦੋਂ ਕਿ ਅਸਲ ਵਿਚ ਬੀ.ਟੀ. ਨਰਮੇ ਵਾਲੇ ਖੇਤਾਂ ਵਿਚ ਕਣਕ ਦੇ ਝਾੜ ਘਟਣ ਲਗਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਫਸਲਾਂ ਦੇ ਨਤੀਜੇ ਵਜੋਂ ਕੈਂਸਰ ਮਰੀਜਾਂ, ਬਾਂਝ ਜੋੜਿਆਂ, ਅਪੰਗ ਬੱਚਿਆਂ, ਦੀ ਗਿਣਤੀ ਵਿਚ ਚਿੰਤਾਜਨਕ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਜੀ. ਐੱਮ. ਫਸਲਾਂ ਅਜਿਹਾ ਤੇਦੂਆ ਜਾਲ ਹੈ ਜਿਸ ਵਿਚੋਂ ਫੇਰ ਆਦਮੀ ਨਿੱਕਲ ਨਹੀਂ ਸਕਦਾ। ਇਨ੍ਹਾਂ ਫਸਲਾਂ ਲਈ ਉਨ੍ਹਾਂ ਹੀ ਕੰਪਨੀਆਂ ਦੇ ਕੀਟਨਾਸ਼ਕ ਤੇ ਨਦੀਨ ਨਾਸ਼ਕ ਵਰਤਣੇ ਕਿਸਾਨਾਂ ਦੀ ਮਜ਼ਬੂਰੀ ਬਣ ਜਾਂਦੇ ਹਨ। ਇਥੋਂ ਤੱਕ ਕਿ ਪੈਦਾ ਹੋਣ ਵਾਲੀਆਂ ਬੀਮਾਰੀਆਂ ਲਈ ਇਨ੍ਹਾਂ ਹੀ ਕੰਪਨੀਆਂ ਵੱਲੋਂ ਤਿਆਰਸ਼ੁਦਾ ਦਵਾÂਂੀਆਂ ਖਾਣੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਬਦਲ ਦੀ ਅਣਹੋਂਦ ਦੱਸਣ ਵਾਲੇ ਆਪਣੀਆਂ ਅੱਖਾਂ ਖੋਲ੍ਹਣ ਤੇ ਆਂਧਰਾ ਪ੍ਰੇਦਸ਼ ਅੰਦਰ 25 ਲੱਖ Âੈਕੜ ਵਿਚ ਹੋ ਰਹੀ ਰੇਹ-ਸਪ੍ਰੇਹ ਮੁਕਤ ਖੇਤੀ ਨੂੰ ਵੇਖਣ। ਉਨ੍ਹਾਂ ਕਿਹਾ ਜੀ. ਐੱਮ ਫਸਲਾਂ ਸਿਰਫ ਕਿਸਾਨਾਂ ਦਾ ਮੁੱਦਾ ਨਹੀਂ ਇਹ ਹਰ ਆਦਮੀ ਦਾ ਮੁੱਦਾ ਹੈ। ਕਿਉਂਕਿ ਖਾਣਾ ਤਾਂ ਸਾਰੇ ਹੀ ਖਾਂਦੇ ਹਨ।
ਉ੍ਹਨਾਂ ਕਿਹਾ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਲੋਕਾਂ ਦੀ ਰੱਖਿਆ ਲਈ ਸੁਹਿਰਦ ਹੋਣਾ ਚਾਹੀਦਾ ਹੈ ਅਤੇ ਕੇਰਲਾ, ਉੜੀਸਾ ਤੇ ਉਤਰਾਖੰਡ ਆਦਿ ਰਾਜ ਸਰਕਾਰਾਂ ਵਾਂਗ ਆਪਣੇ ਰਾਜ ਵਿਚ ਜੀ. ਐੱਮ. ਫਸਲਾਂ ਦੀ ਮਨਾਹੀ ਕਰ ਦੇਣੀ ਚਾਹੀਦੀ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ ਨੇ ਆਖਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਬੀਟੀ ਬੀਜਾਂ ਦੀ ਸਾਜਿਸ਼ ਤੋਂ ਖਬਰਦਾਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਗਠਨ ਜੀ.ਐੱਮ ਫਸਲਾਂ ਦੇ ਪੂਰੀ ਤਰ੍ਹਾਂ ਖਿਲਾਫ ਹੈ ਤੇ ਜੇ ਲੋੜ ਪਈ ਤਾਂ ਪੰਜਾਬ ਅੰਦਰ ਜੀ. ਐੱਮ.ਫਸਲਾਂ ਦੇ ਟਰਾਇਲ, ਬੀਜਾਂ ਦੀ ਵਿਕਰੀ ਰੋਕਣ ਲਈ ਤਿਖਾ ਸੰਘਰਸ਼ ਵੀ ਵਿੱਢੇਗੀ।
ਇਸ ਮੁੰਿਹਮ ਲਈ ਲੋਕਾਂ ਨੂੰ ਜਾਗ੍ਰਤ ਕਰਨ ਹਿਤ ਜਿਲ੍ਹਾ ਤੇ ਤਹਿਸਲੀ ਪੱਧਰੀ ਮੀਟਿੰਗਾਂ, ਗੋਸ਼ਟੀਆਂ ਕਰਵਾਈਆਂ ਜਾਣਗੀਆਂ। ਇਨ੍ਹਾਂ ਸਾਰੇ ਪ੍ਰੋਗਰਾਮਾਂ ਨੂੰ ਅੰਜ਼ਾਮ ਦੇਣ ਲਈ ਇਕ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿਚ ਅੱਗੋਂ ਹੋਰ ਮੈਂਬਰ ਸ਼ਾਮਲ ਕੀਤੇ ਜਾਂਦੇ ਰਹਿਣਗੇ। ਹਾਲੀਆ ਮੈਂਬਰ ਇਹ ਹਨ : ਓਮੇਂਦਰ ਦੱਤ, ਨਿਰਭੈ ਸਿੰਘ ਢੁੱਡੀਕੇ, ਦਰਸ਼ਨ ਸਿੰਘ ਕੂਹਲੀ, ਪਰਮਿੰਦਰ ਸਿੰਘ, ਮਨਮੋਹਨ ਸ਼ਰਮਾ, ਡਾ: ਸੰਦੀਪ ਜੈਨ, ਕੁਲਤਾਰ ਸਿੰਘ, ਕ੍ਰਿਸ਼ਨ ਸਿੰਗਲਾ, ਵਿਰੇਂਦਰ ਗੁਪਤਾ, ਮਹਿੰਦਰ ਜੈਨ, ਮੱਘਰ ਸਿੰਘ ਕੁਲਰੀਆਂ, ਬਲਕਾਰ ਸਿੰਘ ਡਕੌਂਦਾ।
ਇਸ ਮੌਕੇ ਰਾਕੇਸ਼ ਜੈਨ, ਡਾ: ਸੰਦੀਪ ਜੈਨ, ਮਹਿੰਦਰ ਜੈਨ, ਰਘੁਬੀਰ ਸਿੰਘ, ਪਲਵਿੰਦਰ ਸਿੰਘ ਤੇ ਮਨਮੋਹਨ ਸ਼ਰਮਾ ਨੇ ਵੀ ਆਪੋ ਆਪਣੇ ਸੁਝਾਅ ਰੱਖੇ। ਮੀਟਿੰਗ ਵਿਚ ਇਸ ਮੀਟਿੰਗ ਵਿਚ ਬੀਬੀ ਗਗਨਦੀਪ ਕੌਰ, ਸੁਨੀਲ ਪ੍ਰਭਾਕਰ, ਇੰਦਰਪ੍ਰੀਤ ਸਿੰਘ, ਕ੍ਰਿਸ਼ਨ ਸਿੰਗਲਾ, ਕੁਲਤਾਰ ਸਿੰਘ ਸੰਧਵਾਂ, ਰਾਕੇਸ਼ ਜੈਨ, ਡਾ: ਸੰਦੀਪ ਜੈਨ, ਪਰਮਿੰਦਰ ਸਿੰਘ, ਰਸ਼ਪਾਲ ਸਿੰਘ, ਹਰਮਿੰਦਰ ਸਿੰਘ, ਵਰਿੰਦਰ ਕੁਮਾਰ, ਸ਼ਿਵ ਕੁਮਾਰ, ਮਹਿੰਦਰ ਜੈਨ, ਰਜਿੰਦਰ ਕੁਮਾਰ, ਵਿਪਨ ਕਾਲੇ, ਮਾ: ਜੋੰਿਗੰਦਰ ਆਜ਼ਾਦ, ਪ੍ਰਮੋਦ ਕੁਮਾਰ, ਅਭਿਨੰਦਨ ਜੈਨ, ਕਰਮਜੀਤ ਸਿੰਘ ਫਰੀਦਕੋਟ, ਗੁਰਪ੍ਰੀਤ ਸਿੰਘ, ਗੁਰਬਚਨ ਸਿੰਘ ਆਦਿ ਹਾਜ਼ਰ ਸਨ।

ਕਵਰ ਸਟੋਰੀ

ਵਿਦੇਸ਼ਾਂ 'ਚ ਨਕਾਰੀਆਂ ਜਾ ਰਹੀਆਂ ਨੇ ਜੀਨ ਹੇਰ ਫੇਰ ਵਾਲੀਆਂ ਫਸਲਾਂ

ਬਿਊਰੋ ਰਪਟ
ਜੈਤੋ : ਦੇਸ਼ ਵਿਚ ਇਸ ਵੇਲੇ ਜੇਨੈਟੀਕਲੀ ਮੋਡੀਫਾਈਡ ਯਾਨੀ ਜੀਨ ਹੇਰ ਫੇਰ ਰਾਹੀਂ ਤਿਆਰ ਫਸਲਾਂ ਦਾ ਗੁਣਗਾਣ ਕੀਤਾ ਜਾ ਰਿਹਾ ਹੈ। ਬੀ.ਟੀ ਨਰਮਾ ਪਹਿਲਾਂ ਹੀ ਬੀਜਿਆ ਜਾ ਰਿਹਾ ਹੈ ਹੁਣ ਮੋਨਸੈਂਟੋ ਅਨਾਜ ਸਬਜ਼ੀਆਂ ਵਿਚ ਵੀ ਇਸ ਤਕਨੀਕ ਦੀ ਵਰਤੋਂ ਵੱਲ ਵਧ ਰਹੀ ਹੈ। ਸਾਡੀ ਸਰਕਾਰ ਇਸ ਤਕਨੀਕ ਨੂੰ ਮਾਨਤਾ ਦੇਣ ਲਈ ਪੱਬਾਂ ਭਾਰ ਹੋਈ ਪਈ ਹੈ ਤੇ ਇਹ ਜਤਾਇਆ ਜਾ ਰਿਹਾ ਹੈ ਕਿ ਖੇਤੀ ਸੈਕਟਰ ਪੈਰਾਂ ਸਿਰ ਕਰਨ ਅਤੇ ਦੇਸ਼ ਦੀ ਅਖੌਤੀ ਖੁਰਾਕ ਸੁਰੱਖਿਆ ਦੇ ਮੱਦੇ-ਨਜ਼ਰ ਵੀ ਇਸ ਨੂੰ ਅਲਾਦੀਨ ਦੇ ਚਿਰਾਗ ਵਾਂਗ ਪ੍ਰਚਾਰਿਆ ਜਾ ਰਿਹਾ ਹੈ।
ਪਰ ਇਨ੍ਹਾਂ ਫਸਲਾਂ ਦੇ ਨੁਕਸਾਨਾਂ ਤੋਂ ਜਾਣੂੰ ਵੱਖ ਵੱਖ ਸੰਸਥਾਵਾਂ ਇਨ੍ਹਾਂ ਦੀ ਆਮਦ ਨੂੰ ਰੋਕਣ ਲਈ ਜੱਦੋ-ਜ਼ਹਿਦ ਕਰ ਰਹੀਆਂ ਹਨ। ਇਹ ਸੰਸਥਾਵਾਂ ਇਨ੍ਹਾਂ ਫਸਲਾਂ ਨੂੰ ਮਨੁੱਖੀ ਸਿਹਤ ਅਤੇ ਵਾਤਾਵਰਣ ਲਈ ਨੁਕਸਾਨਦਾਇਕ ਕਰਾਰ ਦਿੰਦਿਆਂ ਸਰਕਾਰ ਵਾਰ ਵਾਰ ਇਹ ਗੱਲ ਸਮਝਾਉਣ ਵਿਚ ਜੁਟੀਆਂ ਹਨ ਕਿ ਬਿਨਾਂ ਯੋਗ ਤਜ਼ਰਬਿਆਂ ਦੇ ਇਹ ਬਿਲਕੁਲ ਅਨਿਸਚਿਤ ਨਤੀਜਿਆਂ ਵਾਲੀ ਤਕਨੀਕ ਰਾਹੀਂ ਕੁਦਰਤ ਦੇ ਨਿਜ਼ਾਮ ਵਿਚ ਗੜਬੜ ਕਰਕੇ ਤਿਆਰ ਕੀਤੀਆਂ ਇਹ ਫਸਲਾਂ ਮਨੁੱਖ ਮਾਰੂ ਹਨ।
ਏਸੇ ਦੌਰਾਨ ਦੁਨੀਆਂ ਭਰ ਤੋਂ ਅਜਿਹੀਆਂ ਸੂਚਨਾਵਾਂ ਲਗਾਤਾਰ ਆ ਰਹੀਆਂ ਹਨ ਜਿਹੜੀਆਂ ਕੁਲੀਸ਼ਨ ਫਾਰ ਜੀ. ਐੱਮ ਫ੍ਰੀ ਇੰਡੀਆ ਦੀ ਇਸ ਮੰਗ ਦੇ ਹੱਕ ਵਿਚ ਭੁਗਤਦੀਆਂ ਹਨ। ਹਾਲ ਹੀ ਵਿਚ ਯੂਰਪ ਅੰਦਰ ਇੰਟਰਨੈਟ ਰਾਹੀਂ ਜੀ.ਐੱਮ. ਫਸਲਾਂ 'ਤੇ ਪਾਬੰਦੀ ਬਾਰੇ ਲੋਕਾਂ ਦੀ ਰਾਇਸ਼ੁਮਾਰੀ ਕਰਵਾਈ ਗਈ । ਇਸ ਰਾਇਸ਼ੁਮਾਰੀ ਵਿਚ ਭਾਗ ਲੈਣ ਵਾਲੇ 79 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਜੀਨ ਹੇਰਫੇਰ ਵਾਲੀਆਂ ਫਸਲਾਂ 'ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ਇਸ ਤੋਂ ਇਹ ਸਪਸ਼ਟ ਸਮਝਿਆ ਜਾ ਰਿਹਾ ਹੈ ਕਿ ਪੱਛਮ ਦੇ ਲੋਕਾਂ ਨੇ ਇਸ ਦੇ ਮਾੜੇ ਨਤੀਜਿਆਂ ਨੂੰ ਦੇਖ ਲਿਆ ਹੈ ਤੇ ਇਸ ਦੇ ਵਿਰੁੱਧ ਲਾਮਬੰਦੀ ਸ਼ੁਰੂ ਹੋ ਗਈ ਹੈ। ਲੋਕਾਂ ਨੇ ਆਪੋ ਆਪਣੀਆਂ ਸਰਕਾਰਾਂ ਦੀਆਂ ਮੁਸ਼ਕਾਂ ਕਸਣੀਆ ਸ਼ੁਰੂ ਕਰ ਦਿੱਤੀਆਂ ਹਨ ਕਿ ਉਹ ਇਨ੍ਹਾਂ ਫਸਲਾਂ ਨੂੰ ਮਨਜ਼ੂਰੀ ਨਾ ਦੇਣ।
ਉਕਤ ਸਰਵੇਖਣ ਦੇ ਇਕ ਦਿਨ ਪਹਿਲਾਂ ਹੀ ਜਰਮਨੀ ਸਰਕਾਰ ਨੇ ਮੋਨਸੈਟੋ ਕੰਪਨੀ ਦੀ ਜੀ. ਐੱਮ.ਮੱਕੀ MON-੮੦੨੧ 'ਤੇ ਪੰਾਬੰਦੀ ਲਾ ਦਿੱਤੀ ਹੈ। ਅਜਿਹਾ ਕਰਨ ਵਾਲਾ ਜਰਮਨੀ ਦੁਨੀਆਂ ਦਾ ਛੇਵਾਂ ਮੁਲਕ ਬਣ ਗਿਆ ਹੈ। ਏਸ ਤੋਂ ਪਹਿਲਾਂ ਫਰਾਂਸ, ਆਸਟ੍ਰੀਆ, ਹੰਗਰੀ, ਲਕਸਮਬਰਗ ਤੇ ਗਰੀਬ ਅਜਿਹਾ ਕਰ ਚੁੱਕੇ ਹਨ। ਜਰਮਨੀ ਦੇ ਖੇਤੀਬਾੜੀ ਮੰਤਰੀ ਅਨੁਸਾਰ ਇਹ ਮੱਕੀ ਵਾਤਾਵਰਣ ਲਈ ਖਤਰੇ ਸਹੇੜਦੀ ਹੈ ਜਿਸ ਕਰਕੇ ਇਸ 'ਤੇ ਪਾਬੰਦੀ ਲਾਈ ਜਾ ਰਹੀ ਹੈ। ਜਰਮਨ ਦੇ ਵਿਦਵਾਨਾਂ ਦਾ ਆਖਣਾ ਹੈ ਕਿ ਜੀ. ਐੱਮ. ਮੱਕੀ ਵਾਤਰਵਣ ਅਤੇ ਖੇਤੀ ਲਈ ਖਤਰਨਾਕ ਹੋਣ ਦੇ ਨਾਲ ਨਾਲ ਕਾਰਪੋਰੇਟ ਖੇਤੀ ਪੱਖੀ ਹੈ।
ਮਾਮਲਾ ਅਦਾਲਤ ਵਿਚ ਜਾਣ 'ਤੇੇ ਅਦਾਲਤ ਨੇ ਵੀ ਮੋਨਸੈਂਟੋ ਦੀ ਅਪੀਲ ਖਾਰਜ ਕਰ ਦਿੱਤੀ ਹੈ। ਅਦਾਲਤ ਦਾ ਕਹਿਣਾ ਹੈ ਕਿ ਕਿਸੇ ਵੀ ਅਜਿਹੀ ਫਸਲ ਦੀ ਲੋੜ ਨਹੀਂ ਹੈ ਜਿਸ ਬਾਰੇ ਸਾਰਾ ਕੁੱਝ ਸਪਸ਼ਟ ਨਾ ਹੋ ਗਿਆ ਹੋਵੇੇ।
ਯੂਰਪੀ ਕਮਿਸ਼ਨ ਨੇ ਤਾ ਜੀ. ਐੱਮ. ਫਸਲਾਂ ਤੋਂ ਪ੍ਰਾਗਣ ਰਾਹੀਂ ਰਵਾਇਤੀ ਫਸਲਾਂ ਨੂੰ ਹੋਣ ਵਾਲੇ ਨੁਕਸਾਨ 'ਤੇ ਵੀ ਚਿੰਤਾ ਦਾ ਇਜ਼ਹਾਰ ਕੀਤਾ ਹੈ ਕਿ ਇਹ ਫਸਲਾਂ ਕੀ ਕੀ ਕਾਰੇ ਕਰਨਗੀਆਂ ਕਿਸੇ ਨੂੰ ਪਤਾ ਨਹੀਂ ਹੈ।
ਇਸ ਸਾਰੇ ਕੁੱਝ ਦੇ ਮੱਦੇ ਨਜ਼ਰ ਭਾਰਤ ਸਰਕਾਰ ਨੂੰ ਅਜਿਹੀ ਕਿਸੇ ਫਸਲ ਨੂੰ ਪ੍ਰਵਾਨਗੀ ਦੇਣ ਤੋਂ ਸਾਫ ਨਾਂਹ ਕਰਨੀ ਚਾਹੀਦੀ ਹੈ। ਪਤਾ ਲੱਗਾ ਕਿ ਯੂਰਪ ਵਿਚ ਮੂੰਹ ਦੀ ਖਾਣ ਪਿੱਛੋਂ ਮੋਨਸੈਂਟੋ ਇੰਡੀਆ ਨੇ ਜੀ. ਐੱਮ. ਮੱਕੀ ਬਾਰੇ ਪ੍ਰਵਾਨਗੀ ਲੈਣ ਲਈ ਜੀ.ਈ.ਏ.ਸੀ ਸਾਹਮਣੇ ਦਰਖਾਸਤ ਦਿੱਤੀ ਹੈ। ਇਹ ਮੱਕੀ ਨਦੀਨ ਨਾਸ਼ਕ ਰੋਧਕ ਹੋਵੇਗੀ। ਪ੍ਰਸਿੱਧ ਖੇਤੀ ਵਿਗਿਆਨੀ ਸ੍ਰੀ ਐੱਸ. ਆਰ. ਭੱਟ ਤੇ ਯੂ ਐੱਲ ਚੋਪੜਾ ਵੀ ਮੁਤਾਬਿਕ ਨਦੀਨ ਨਾਸ਼ਕ ਰੋਧਕ ਫਸਲਾਂ ਵਾਤਾਵਰਣ, ਚੌਗਿਰਦੇ ਤੇ ਗਰੀਬਾਂ ਦੇ ਹਿੱਤ ਵਿਚ ਨਹੀਂ। ਜਿੱਥੇ ਇਸ ਨਾਲ ਵਾਤਾਵਰਣੀ ਵਿਗਾੜ ਆਉਣਗੇ ਓਥੇ ਇਹਦੇ ਨਾਲ ਗਰੀਬ ਮਜ਼ਦੂਰਾਂ ਤੋਂ ਰੁਜ਼ਗਾਰ ਵੀ ਖੁੱਸੇਗਾ। ਇਹਦੇ ਬਾਵਜੂਦ ਕੰਪਨੀ ਆਪਣੀ ਜੀ. ਐੱਮ. ਮੱਕੀ ਨੂੰ ਭਾਰਤ ਅੰਦਰ ਪ੍ਰਵਾਨਗੀ ਦੁਆਉਣ ਲਈ ਅੱਗੇ ਵਧ ਰਹੀ ਹੈ।
ਇਸ ਸਾਰੇ ਮਾਮਲੇ ਵਿਚ ਆਸ ਦੀ ਕਿਰਨ ਇਹ ਹੈ ਕਿ ਕੇਂਦਰੀ ਵਾਤਾਵਰਣ ਮੰਤਰੀ ਸ੍ਰੀ ਜੈ. ਰਾਮ ਰਮੇਸ਼ ਨੇ ਪਿਛਲੇ ਦਿਨੀਂ ਜੀ.ਅੱੈਮ. ਫਸਲਾਂ ਵਿਰੁੱਧ ਜੋ ਰਾਇ ਪ੍ਰਗਟ ਕੀਤੀ ਹੈ। ਯੋਜਨਾ ਆਯੋਗ ਦੇ ਮੈਂਬਰ ਪੋ੍ਰ: ਅਭਿਜੀਤ ਸੈਨ ਨੇ ਮੰਤਰੀ ਦਾ ਸਮਰੱਥਨ ਕਰਦਿਆਂ ਕਿਹਾ ਹੈ ਕਿ ਸਾਨੂੰ ਜੀ. ਐੱਮ. ਫਸਲਾਂ ਦੀ ਕੋਈ ਲੋੜ ਨਹੀਂ ਹੈ। ਉਹਨਾਂ ਖਦਸ਼ਾ ਪ੍ਰਗਾਇਆ ਹੈ ਕਿ ਇਸ ਨਾਲ ਸਾਡਾ ਨਿਰਯਾਤ ਪ੍ਰਭਵਿਤ ਹੋ ਸਕਦਾ ਹੈ।

ਲੜੀਵਾਰ , ਕਿਸ਼ਤ 6

ਅੱਜ ਵੀ ਖ਼ਰੇ ਹਨ ਤਲਾਅ
ਅਨੁਪਮ ਮਿਸ਼ਰ
ਬਿਹਾਰ 'ਚ ਇਹ ਕੰਮ ਉੜਾਹੀ ਕਹਾਉਂਦਾ ਹੈ। ਉੜਾਹੀ ਸਮਾਜ ਦੀ ਸੇਵਾ ਹੈ, ਕਾਰ ਸੇਵਾ। ਪਿੰਡ ਦੇ ਹਰ ਘਰ 'ਚੋਂ ਕੰਮ ਕਰ ਸਕਣ ਵਾਲੇ ਮੈਂਬਰ ਤਲਾਅ 'ਤੇ ਇਕੱਠੇ ਹੁੰਦੇ ਸਨ। ਹਰ ਘਰ ਦੋ ਤੋਂ ਪੰਜ ਮਣ ਮਿੱਟੀ ਕੱਢਦਾ ਸੀ। ਕੰਮ ਦੇ ਸਮੇਂ ਉਥੇ ਹੀ ਗੁੜ ਦਾ ਪਾਣੀ ਵੰਡਿਆ ਜਾਂਦਾ ਸੀ। ਪੰਚਾਇਤ ਵੱਲੋਂ ਇਕੱਠੇ ਕੀਤੇ ਹਰਜਾਨੇ ਦੀ ਰਕਮ ਦਾ ਇਕ ਹਿੱਸਾ ਉੜਾਹੀ ਦੇ ਸਮਾਗਮ 'ਤੇ ਖਰਚ ਹੁੰਦਾ ਸੀ।
ਦੱਖਣ 'ਚ ਧਰਮਾਦਾ ਰਸਮ ਸੀ। ਕਿਤੇ ਕਿਤੇ ਇਸ ਕੰਮ ਲਈ ੰਿਪੰਡ ਦੀ ਜ਼ਮੀਨ ਦਾ ਹਿੱਕ ਹਿੱਸਾ ਦਾਨ ਕਰ ਦਿੱਤਾ ਜਾਂਦਾ ਸੀ। ਅਤੇ ਉਸ ਦੀ ਆਮਦਨ ਸਿਰਫ ਗਾਰ ਕੱਢਣ ਲਈ ਖਰਚ ਕੀਤੀ ਜਾਂਦੀ ਸੀ। ਅਜਿਹੀ ਜ਼ਮੀਨ ਨੂੰ 'ਕੋਡਸੇ' ਕਿਹਾ ਜਾਂਦਾ ਸੀ।
ਰਾਜ ਤੇ ਸਮਾਜ ਰਲ ਕੇ ਕਮਰ ਕੱਸਾ ਕਰ ਲੈਣ ਤਾਂ ਕਿਸੇ ਕੰਮ 'ਚ ਢਿੱਲ ਕਿਵੇਂ ਆ ਸਕਦੀ ਹੈ। ਦੱਖਣ ਵਿਚ ਤਲਾਵਾਂ ਦੀ ਸਾਂਭ ਸੰਭਾਲ ਦੇ ਮਾਮਲੇ 'ਚ ਰਾਜ ਅਤੇ ਸਮਾਜ ਦਾ ਇਹ ਤਾਲਮੇਲ ਬੜਾ ਵਿਵਸਥਤ ਸੀ। ਰਾਜ ਦੇ ਖਜ਼ਾਨੇ ਵਿਚੋਂ ਇਸ ਕੰਮ ਲਈ ਅਨੁਦਾਨ ਮਿਲਦਾ ਸੀ। ਪਰ ਇਸ ਦੇ ਨਾਲ ਹੀ ਹਰ ਪਿੰਡ 'ਚ ਇਸ ਕੰਮ ਲਈ ਇੱਕ ਵੱਖਰਾ ਖਜ਼ਾਨਾ ਬਣ ਜਾਵੇ, ਅਜਿਹਾ ਵੀ ਇੰਤਜ਼ਾਮ ਸੀ।
ਹਰ ਪਿੰਡ ਵਿਚ ਕੁੱਝ ਜ਼ਮੀਨ, ਕੁੱਝ ਖੇਤ ਜਾਂ ਖੇਤ ਦਾ ਕੁੱਝ ਹਿੱਸਾ ਤਲਾਅ ਦੀ ਵਿਵਸਥਾ ਲਈ ਵੱਖਰਾ ਰੱਖ ਦਿੱਤਾ ਜਾਂਦਾ ਸੀ। ਇਸ 'ਤੇ ਮਾਮਲਾ ਨਹੀਂ ਸੀ ਲਗਦਾ। ਅਜਿਹੀ ਜ਼ਮੀਨ ਮਾਨਯਮ ਅਖਵਾਉਂਦੀ ਸੀ। ਮਾਨਯਮ ਤੋਂ ਹੋਣ ਵਾਲੀ ਬੱਚਤ, ਆਮਦਨ ਜਾਂ ਮਿਲਣ ਵਾਲੀ ਫਸਲ ਤਲਾਅ ਨਾ ਜੁੜੇ ਤਰ੍ਹਾਂ ਤਰ੍ਹਾਂ ਦੇ ਕੰਮ ਕਰਨ ਵਾਲੇ ਲੋਕਾਂ ਨੂੰ ਦਿੱਤੀ ਜਾਂਦੀ ਸੀ। ਜਿੰਨੀ ਤਰ੍ਹਾਂ ਦੇ ਕੰਮ ਓਨੀ ਤਰ੍ਹਾਂ ਦੇ ਮਾਨਯਮ। ਜਿਹੜਾ ਕੰਮ ਜਿੱਥੇ ਹੋਣਾ ਹੈ ਓਥੇ ਹੀ ਉਹਦਾ ਪ੍ਰਬੰਧ ਕੀਤਾ ਜਾਦਾ ਸੀ, ਉਥੇ ਹੀ ਉਸ ਦੇ ਖਰਚੇ ਦਾ ਪ੍ਰਬੰਧ ਕਰ ਲਿਆ ਜਾਂਦਾ ਸੀ।
ਅਲੋਤਿ ਮਾਨਯਮ ਤੋਂ ਮਜ਼ਦੂਰਾਂ ਦੀ ਮਜ਼ਦੂਰੀ ਦੀ ਵਿਵਸਥਾ ਕੀਤੀ ਜਾਂਦੀ ਸੀ। ਅਵੈਕਰਣ ਮਾਨਯਮ ਪੂਰੇ ਸਾਲ ਤਲਾਅ ਦੀ ਸਾਂਭ ਸੰਭਾਲ ਕਰਨ ਵਾਲਿਆਂ ਵਾਸਤੇ ਸੀ। ਇਸੇ ਨਾਲ ਉਹਨਾਂ ਪਰਵਾਰਾਂ ਦੀ ਰੋਜ਼ੀ ਰੋਟੀ ਵੀ ਚਲਦੀ ਸੀ। ਜਿਹੜੇ ਤਲਾਅ ਦੀ ਪਾਲ 'ਤੇ ਪਸ਼ੂਆਂ ਨੂੰ ਜਾਣ ਤੋਂ ਰੋਕਦੇ ਸਨ। ਪਾਲ ਵਾਂਗ ਤਲਾਅ ਦੇ ਆਗੋਰ 'ਚ ਵੀ ਪਸ਼ੂਆਂ ਦੇ ਆਉਣ -ਜਾਣ ਦੀ ਮਨਾਹੀ ਸੀ। ਇਸ ਕੰਮ 'ਚ ਲੋਕ ਸਾਲ ਭਰ ਲੱਗੇ ਰਹਿੰਦੇ ਸਨ। ਉਹਨਾਂ ਦਾ ਪ੍ਰਬੰਧ ਬੰਦੇਲਾ ਮਾਨਯਮ 'ਚੋਂ ਕੀਤਾ ਜਾਂਦਾਸੀ।
ਤਲਾਅ ਨਾਲ ਲਗਦੇ ਖੇਤਾਂ 'ਚ ਫਸਲ ਦੀ ਬਿਜਾਈ ਤੋਂ ਵਾਢੀ ਤੱਕ ਪਸ਼ੂਆਂ ਨੂੰ ਰੋਕਣਾ ਇਕ ਨਿਸ਼ਚਿਤ ਸਮੇਂ ਤੱਕ ਚੱਲਣ ਵਾਲਾ ਕੰਮ ਸੀ। ਇਹ ਵੀ ਬੰਦੇਲਾ ਮਾਨਯਮ ਤੋਂ ਪੂਰਾ ਹੁੰੰਦਾ ਸੀ। ਇਹਨੂੰ ਕਰਨ ਵਾਲੇ ਪੱਟੀ ਅਖਵਾਉਂਦੇ ਸਨ।
ਸਿੰਜਾਈ ਦੇ ਸਮੇਂ ਨਹਿਰ ਦਾ ਡਾਟ ਖੋਲ੍ਹਣਾ, ਸਮੇਂ 'ਤੇ ਪਾਣੀ ਪਹੁੰਚਾਉਣਾ ਇਕ ਵੱਖ ਜਿੰਮੇਂਵਾਰੀ ਸੀ। ਇਸ ਕੰਮ ਨੂੰ ਨੀਰਮੁਨਕ ਮਾਨਯਮ ਤੋਂ ਪੂਰਾ ਕੀਤਾ ਜਾਂਦਾ ਸੀ। ਕਿਤੇ ਕਿਸਾਨ ਪਾਣੀ ਦਾ ਉਜਾੜਾਂ ਤਾਂ ਨਹੀਂ ਕਰ ਰਹੇ- ਇਹ ਵੇਖਣ ਵਾਲਿਆਂ ਨੂੰ ਤਨਖ਼ਾਹਾ ਕੁਲਮਕਵਲ ਮਾਨਯਮ ਤੋਂ ਮਿਲਦੀ ਸੀ।
ਤਲਾਅ 'ਚ ਕਿੰਨਾ ਪਾਣੀ ਆਇਆ ਹੈ, ਕਿੰਨੇ ਖੇਤਾਂ 'ਚ ਕੀ ਕੀ ਬੀਜਿਆ ਗਿਆ ਹੈ? ਕਿਸ ਨੂੰ ਕਿੰਨਾ ਪਾਣੀ ਚਾਹੀਦਾ ਹੈ- ਜਿਹੇ ਸੁਆਲ ਨੀਰਘੰਟੀ ਜਾਂ ਨੀਰੂਕੁੱਟੀ ਹੱਲ ਕਰਦੇ ਸੀ। ਇਹ ਅਹੁਦਾ ਦੱਖਣ ਵਿਚ ਸਿਰਫ ਹਰੀਜਨ ਪਰਵਾਰ ਨੂੰ ਮਿਲਦਾ ਸੀ। ਤਲਾਅ ਦੇ ਪਾਣੀ ਦੇ ਪੱਧਰ ਨੂੰ ਵੇਖ ਕੇ ਖੇਤਾਂ ਨੂੰ ਉਸ ਦੀ ਨਿਆਂ ਮੁਤਾਬਕ ਵੰਡ ਦੇ ਬਰੀਕ ਹਿਸਾਬ ਕਿਤਾਬ ਦੀ ਵਿਲੱਖਣ ਯੋਗਤਾ ਨੀਰੂਕੁੱਟੀ ਨੂੰ ਵਿਰਸੇ ਵਿਚ ਮਿਲਦੀ ਸੀ। ਅੱਜ ਦੇ ਕੁੱਝ ਨਵੇਂ ਸਮਾਜ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਹਰੀਜਨ ਸਮਾਜ ਨੂੰ ਇਹ ਅਹੁਦਾ ਸਵਾਰਥਵੱਸ ਦਿੱਤਾ ਜਾਂਦਾ ਸੀ । ਇਹਨਾਂ ਪਰਵਾਰਾਂ ਕੋਲ ਜ਼ਮੀਨ ਨਹੀਂ ਹੁੰਦੀ ਸੀ, ਇਸ ਲਈ ਜ਼ਮੀਨ ਵਾਲਿਆਂ ਦੇ ਖੇਤਾਂ ਵਿਚ ਪਾਣੀ ਦੇ ਕਿਸੇ ਵੀ ਝਗੜੇ 'ਚ ਉਹ ਨਿਰਪੱਖ ਹੋ ਕੇ ਕੰਮ ਕਰ ਸਕਦੇ ਸਨ। ਜੇਕਰ ਬੇਜ਼ਮੀਨੀੇ ਹੋਣਾ ਹੀ ਯੋਗਤਾ ਦਾ ਅਧਾਰ ਸੀ ਤਾਂ ਫਿਰ ਬੇਜ਼ਮੀਨੇ ਬਾਹਮਣ ਤਾਂ ਸਦਾ ਹੀ ਮਿਲਦੇ ਰਹਿ ਸਕਦੇ ਸਨ। ਪਰ ਇਸ ਗੱਲ ਨੂੰ ਇਥੇ ਹੀ ਛੱਡੀਏ ਤੇ ਮੁੜ ਪਰਤਦੇ ਹਾਂ ਮਾਨਯਮ 'ਤੇ।
ਕਈ ਤਲਾਵਾਂ ਦਾ ਸਿੰਚਾਈ ਪੀਣ ਤੋਂ ਇਲਾਵਾ ਪੀਣ ਦੇ ਕੰਮ ਵੀ ਆਉਣਾ ਸੀ। ਅਜਿਹੇ ਤਲਾਵਾਂ ਤੋਂ ਘਰਾਂ ਤੱਕ ਪਾਣੀ ਲਿਆਉਣ ਵਾਲੇ ਝਿਊਰਾਂ ਲਈ ਉਰਵੀ ਮਾਨਯਮ ਤੋਂ ਤਨਖ਼ਾਹਾ ਦਾ ਪ੍ਰਬੰਧ ਕੀਤਾ ਜਾਂਦਾ ਸੀ।
ਉਪਾਰ ਅਤੇ ਵਾਦੀ ਮਾਨਯਮ ਤੋਂ ਤਲਾਵਾਂ ਦੀ ਸਧਾਰਣ ਟੁੱਟ-ਭੱਜ ਠੀਕ ਕੀਤੀ ਜਾਂਦੀ ਸੀ। ਵਾਯਕੱਲ ਮਾਨਯਮ ਤੋਂ ਤਲਾਵਾਂ ਤੋਂ ਬਿਨਾਂ ਉਸ ਤੋਂ ਨਿੱਕਲੀਆਂ ਨਹਿਰਾਂ ਦੀ ਦੇਖਭਾਲ ਲਈ ਖਰਚ ਹੁੰੰਦਾ ਸੀ। ਪਾਲ ਤੋਂ ਲੈ ਕੇ ਨਹਿਰਾਂ ਤੱਕ 'ਤੇ ਦਰਖ਼ਤ ਲਾਏ ਜਾਂਦੇ ਸਨ ਅਤੇ ਸਾਲ ਭਰ ਉਸ ਦੀ ਸਾਂਭ ਸੰਭਾਲ, ਕਟਾਈ ਆਦਿ ਦਾ ਕੰਮ ਚਲਦਾ ਰਹਿੰਦਾ ਸੀ। ਇਹ ਸਾਰੀ ਜਿੰਮੇਂਵਾਰੀ ਮਾਨਲ ਮਨਯਮ ਤੋਂ ਪੂਰੀ ਕੀਤੀ ਜਾਂਦੀ ਸੀ।
ਖੁਲਗਾ ਮਾਨਯਮ ਅਤੇ ਪਾਟੁਲ ਮਾਨਯਮ ਮੁਰੰਮਤ ਤੋਂ ਇਲਾਵਾ ਖੇਤਰ 'ਚ ਬਣਨ ਵਾਲੇ ਨਵੇਂ ਤਲਾਵਾਂ ਦੀ ਖੁਦਾਈ 'ਤੇ ਹੋਣ ਵਾਲਾ ਖਰਚਾ ਸਾਂਭਂਦੇ ਸਨ।
ਇੱਕ ਤਲਾਅ ਨਾਲ ਜੁੜੇ ਇੰਨੇ ਤਰਾਂ੍ਹਦੇ ਕੰਮ, ਏਨੀਆਂ ਸੇਵਾਵਾਂ ਸਾਲ ਭਰ ਸਹੀ ਤਰ੍ਹਾਂ ਚਲਦੀਆਂ ਰਹਿਣ - ਇਹ ਵੇਖਣਾ ਵੀ ਇਕ ਕੰਮ ਸੀ। ਕਿਸ ਕੰਮ ਵਿਚ ਕਿੰਨੇ ਬੰਦਿਆਂ ਨੂੰ ਲਾਉਣਾ ਹੈ, ਕਿੱਥੇ ਕੁੱਝ ਘਟਾਉਣਾ ਹੈ, ਇਹ ਸਾਰਾ ਸੰਯੋਜਨ ਕਰੈਮਾਨਯਮ ਤੋਂ ਪੂਰਾ ਕੀਤਾ ਜਾਂਦਾ ਸੀ। ਇਸਨੂੰ ਕੁਲਵੇਦੁਮ ਜਾਂ ਕਣਮੋਣੀ ਵੇਂਦੂ ਕਿਹਾ ਜਾਂਦਾ ਸੀ।
ਦੱਖਣ ਦਾ ਇਹ ਛੌਟਾ ਤੇ ਸਧਾਰਣ ਜਿਹਾ ਵੇਰਵਾ ਤਲਾਅ ਅਤੇ ਉਸ ਨਾਲ ਜੁੜੀ ਵਿਵਸਥਾ ਦੀ ਥਾਹ ਨਹੀਂ ਲੈ ਸਕਦਾ। ਇਹ ਤਾਂ ਅਥਾਹ ਹੈ। ਅਜਿਹੀ ਹੀ ਜਾਂ ਇਸ ਨਾਲ ਰਲਦੀਆਂ ਮਿਲਦੀਆਂ ਵਿਵਸਥਾਵਾਂ ਸਾਰੇ ਹਿੱਸਿਆਂ 'ਚ, ਉਤਰ 'ਚ, ਦੱਖਣ 'ਚ, ਵੀ ਹੋਣਗੀਆ। ਪਰ ਕੁੱਝ ਤਾਂ ਗੁਲਾਮੀ ਦੇ ਉਸ ਦੌਰ 'ਚ ਟੁੱਟੇ ਤੇ ਫਿਰ ਅਜੀਬ ਅਜ਼ਾਦੀ ਦੇ ਇਸ ਦੌਰ 'ਚ ਭੱਜੇ ਸਮਾਜ 'ਚ ਸਭ ਕੁੱਝ ਖਿੰਡਰ ਗਿਆ।
ਪਰ ਗੈਂਗਜੀ ਕੱਲਾ ਜਿਹੇ ਲੋਕ ਇਸ ਟੁੱਟੇ ਭੱਜੇ ਦੌਰ 'ਚ ਖਿੰਡਰ ਗਈ ਵਿਵਸਥਾ ਨੂੰ ਆਪਣੇ ਢੰਗ ਨਾਲ ਠੀਕ ਕਰਦੇ ਰਹੇ ਹਨ।
ਨਾ ਤਾਂ ਸੀ ਗੰਗਾ ਜੀ ਪਰ ਫਿਰ ਪਤਾ ਨਹੀਂ ਕਿਵੇਂ ਇਹ ਗੈਂਗ ਜੀ ਹੋ ਗਿਆ। ਉਹਨਾਂ ਦਾ ਨਾਂਅ ਪਿਆਰ, ਅਪਣੱਤ ਕਰਕੇ ਵਿਗੜਿਆ ਜਾਂ ਘਿਸਿਆ ਹੋਵੇਗਾ ਪਰ ਉਹ ਦਸ ਸ਼ਹਿਰ ਨੂੰ ਕੁੱਝ ਸੌ ਵਰ੍ਹਿਆਂ ਤੋਂ ਘੇਰ ਕੇ ਖਲੋਤੇ ਅੱਠ ਆਲੀਸ਼ਾਨ ਤਲਾਅ ਸਹੀ ਵਿਵਸਥਾ ਦੇ ਟੁੱਟ ਜਾਣ ਮਗਰੋਂ ਹੌਲੀ ਹੌਲੀ ਆ ਰਹੀ ਲਾਪ੍ਰਵਾਹੀ ਕਰਕੇ ਘਿਸਣ ਤੇ ਵਿਗੜਣ ਲੱਗੇ ਸਨ। ਵੱਖ ਵੱਖ ਪੀੜ੍ਹੀਆਂ ਨੇ ਇਹਨਾਂ ਨੂੰ ਵੱਖ ਵੱਖ ਸਮੇਂ 'ਚ ਬਣਾਇਆ ਸੀ। ਪਰ ਅੱਠਾਂ 'ਚੋਂ ਛੇ ਇੱਕ ਲੜੀ ਵਿਚ ਬੰਨ੍ਹੇ ਗਏ ਸਨ। ਇਹਨਾਂ ਦੀ ਸਾਂਭ ਸੰਭਾਲ ਵੀ ਇਹਨਾਂ ਪੀੜ੍ਹੀਆਂ ਨੇ ਲੜੀ 'ਚ ਬੰਨ੍ਹ ਕੇ ਹੀ ਕੀਤੀ ਹੋਵੇਗੀ। ਸਾਂਭ ਸੰਭਾਲ ਦੀ ਉਹ ਵਿਵਸਥਤ ਕੜੀ ਫਿਰ ਕਿਤੇ ਟੁੱਟ ਗਈ।
ਇਸ ਕੜੀ ਦੇ ਟੁੱਟਣ ਦੀ ਅਵਾਜ਼ ਗੈਂਗਜੀ ਦੇ ਕੰਨੀ ਕਦੋਂ ਪਈ, ਪਤਾ ਨਹੀਂ। ਪਰ ਅੱਜ ਜੋ ਵੱਡੇ ਬਜ਼ੁਰਗ ਫਲੌਦੀ ਸ਼ਹਿਰ ਵਿਚ ਹਨ, ਉਹਨਾਂ ਨੇ ਗੈਂਗ ਜੀ ਦਾ ਇਕੋ ਰੂਪ ਯਾਦ ਰੱਖਿਆ ਹੋਇਆ ਹੈ, ਟੁੱਟੀ ਚੱਪਲ ਪਾਈ ਗੈਂਗਜੀ ਸਵੇਰ ਤੋਂ ਆਥਣ ਤੱਕ ਇਹਨਾਂ ਤਲਾਵਾਂ ਦਾ ਚੱਕਰ ਲਾਉਂਦੇ ਸਨ ਨਹਾਉਣ ਵਾਲੇ ਘਾਟਾਂ 'ਤੇ ਪਾਣੀ ਲੈਣ ਵਾਲੇ ਘਾਟਾਂ 'ਤੇ ਕੋਈ ਗੰਦ ਖਿਲਾਰਦਾ ਦਿਸਦਾ ਤਾਂ ਉਹ ਪਿਉ ਵਾਂਗ ਝਿੜਕਦੇ ਸਨ।
ਕਦੇ ਉਹ ਪਾਲ ਦਾ ਤੇ ਕਦੇ ਨੇਸ਼ਟਾ ਦਾ ਨਿਰੀਖਣ ਕਰਦੇ। ਕਿੱਥੇ ਕਿਸ ਤਲਾਅ 'ਚ ਕਿਸ ਤਰ੍ਹਾਂ ਦੀ ਮੁਰੰਮਤ ਲੋੜੀਂਦੀ ਹੈ-ਇਸਦੀ ਅੰਦਰੋ-ਅੰਦਰ ਲਿਸਟ ਬਣਾਉਂਦੇ। ਇਹਨਾਂ ਤਲਾਵਾਂ 'ਤੇ ਆਉਣ ਵਾਲੇ ਬੱਚਿਆਂ ਨਾਲ ਆਪ ਖੇਡਦੇ ਅਤੇ ਉਹਨਾਂ ਨੂੰ ਭਾਂਤ-ਭਾਂਤ ਦੀਆਂ ਖੇਡਾਂ ਖਿਡਾਉਂਦੇ। ਸ਼ਹਿਰ ਨੂੰ ਤਿੰਨ ਪਾਸਿਓਂ ਘੇਰੀ ਖਲੋਤੇ ਤਲਾਵਾਂ ਦਾ ਇਕ ਚੱਕਰ ਕੱਢਣ 'ਚ ਕਰੀਬ ਤਿੰਨ ਘੰਟੇ ਲਗਦੇ ਹਨ। ਗੈਂਗਜੀ ਕਦੇ ਪਹਿਲੇ ਤਲਾਅ 'ਤੇ ਨਜ਼ਰੀਂ ਆਉਂਦੇ ਤੇ ਕਦੇ ਅਖੀਰਲੇ 'ਤੇ। ਕਦੇ ਸਵੇਰੇ ਇੱਥੇ ਮਿਲਦੇ ਤਾਂ ਦੁਪਹਿਰ ਨੂੰ ਓਥੇ ਤੇ ਸ਼ਾਮ ਨੂੰ ਪਤਾ ਨਹੀਂ ਕਿੱਥੇ। ਗੈਂਗ ਜੀ ਆਪਣੇ ਤਲਾਵਾਂ ਦੇ ਰਖਵਾਲੇ ਬਣ ਗਏ ਸਨ।
ਸਾਲ ਦੇ ਅੰਤ ਵਿਚ ਇਕ ਸਮਾਂ ਅਜਿਹਾ ਆਉਂਦਾ ਜਦੋਂ ਗੈਂਗਜੀ ਤਲਾਵਾਂ ਖਾਤਰ ਸ਼ਹਿਰ ਦੀ ਗਲੀ ਗਲੀ ਫਿਰਦੇ ਦਿਸਦੇ। ਨਾਲ ਤੁਰਦੀ ਬੱਚਿਆਂ ਦੀ ਫ਼ੌਜ। ਹਰ ਘਰ ਦਾ ਦਰਵਾਜ਼ਾ ਖੁਲੱ੍ਹਣ 'ਤੇ ਉਹਨਾਂ ਨੂੰ ਬਿਨਾਂ ਮੰਗਿਆਂ ਇਕ ਰੁਪਈਆ ਮਿਲ ਜਾਂਦਾ ਸੀ। ਵਰ੍ਹਿਆਂ ਤੋਂ ਹਰ ਘਰ ਜਾਣਦਾ ਸੀ ਕਿ ਗੈਂਗਜੀ ਸਿਰਫ ਇਕ ਰੁਪਇਆ ਮੰਗਦੇ ਹਨ-ਨਾ ਘੱਟ ਨਾ ਵੱਧ। ਰੁਪਈਏ ਇਕੱਠੇ ਕਰਨ ਦਾ ਕੰਮ ਪੂਰੇ ਹੁੰਦਿਆਂ ਹੀ ਉਹ ਸ਼ਹਿਰ ਭਰ ਦੇ ਬੱਚਿਆਂ ਨੂੰ ਇਕੱਠਾ ਕਰਦੇ, ਬੱਚਿਆਂ ਦੇ ਨਾਲ ਬਹੁਤ ਸਾਰੀਆਂ ਟੋਕਰੀਆਂ, ਤਾਗੜੀਆਂ, ਕਹੀਆਂ ਤੇ ਗੈਂਤੀਆਂ ਵੀ ਇਕੱਠੀਆਂ ਹੋ ਜਾਂਦੀਆਂ ਸਨ। ਫਿਰ ਇਕ ਤੋਂ ਬਾਅਦ ਇਕ ਤਲਾਅ ਸਾਫ ਹੋਣ ਲਗਦਾ। ਗਾਰ ਕੱਢ ਕੇ ਪਾਲ 'ਤੇ ਜਮਾਈ ਜਾਂਦੀ। ਹਰ ਤਲਾਅ ਦੇ ਨੇਸ਼ਟਾ ਦਾ ਕੂੜਾ ਵੀ ਸਾਫ ਕੀਤਾ ਜਾਂਦਾ। ਇਕ ਤਗਾੜੀ ਮਿੱਟੀ-ਕੂੜੇ ਬਲਦੇ ਹਰ ਬੱਚੇ ਨੂੰ ਦੁਆਨੀ ਇਨਾਮ 'ਚ ਮਿਲਦੀ ਸੀ।
ਗੈਂਗ ਜੀ ਕਲਾ ਕਦ ਤੋਂ ਇਹ ਕਰ ਰਹੇ ਸੀ, ਅੱਜ ਕਿਸੇ ਨੂੰ ਯਾਦ ਨਹੀਂ। ਪਰ ਏਨਾ ਪਤਾ ਹੈ ਕਿ ਇਹ ਕੰਮ ਸੰਨ 55-56 ਤੱਕ ਚਲਦਾ ਰਿਹਾ। ਫਿਰ ਗੇੈਂਗ ਜੀ ਚਲੇ ਗਏ।
ਸ਼ਹਿਰ ਨੂੰ ਉਹੋ ਜਿਹੀ ਕੋਈ ਮੌਤ ਯਾਦ ਨਹੀ। ਸਾਰਾ ਸ਼ਹਿਰ ਸ਼ਾਮਲ ਸੀ ਉਹਨ" ਦੀ ਅਤਮ ਯਾਤਰਾ 'ਚ ਇਕ ਤਲਾਅ ਦ ਹਠ" ਹੀ ਬਣ ਘਾਟ 'ਤ ਉਹਨ" ਦਾ ਅੰਤਮ ਸੰਸਕਾਰ ਹੋਇਆ। ਬਾਅਦ 'ਚ ਉਥ ਹੀ ਉਹਨ" ਦੀ ਸਮਾਧੀ ਬਣਾਈ ਗਈ।
ਜੋ ਤਲਾਅ ਬਣਾਉਂਦ ਸਨ, ਸਮਾਜ ਉਹਨਾਂ ਨੂੰ ਸੰਤ ਬਣਾ ਦਿੰਦਾ ਸੀ। ਗੈਂਗ ਜੀ ਨੇ ਤਲਾਅ ਤਾਂ ਨਹੀਂ ਬਣਾਇਆ ਸੀ ਪਹਿਲਾਂ ਬਣੇ ਤਲਾਵਾਂ ਦੀ ਸਾਂਭ-ਸੰਭਾਲ ਕੀਤੀ ਸੀ। ਉਹ ਵੀ ਸੰਤ ਬਣ ਗÂ ਸਨ।
ਫਲੌਦੀ 'ਚ ਤਲਾਵਾਂ ਦੀ ਸਫਾਈ ਦੀ ਖੇਡ ਸੰਤ ਖਿਡਾਉਂਦਾ ਸੀ ਤਾਂ ਜੈਸਲਮਰ 'ਚ ਇਹ ਖੇਡ ਖੁਦ ਰਾਜਾ ਖੇਡਦਾ ਸੀ।
ਸਾਰਿਆਂ ਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਸੀ ਫਿਰ ਵੀ ਸਾਰ ਸ਼ਹਿਰ 'ਚ ਮੁਨਾਦੀ ਕਰਵਾਈ ਜਾਂਦੀ ਸੀ। ਰਾਜ ਵੱਲੋਂ ਵਰ੍ਹ ਦੇ ਆਖਰੀ ਦਿਨ, ਫੱਗਣ ਦੀ ਕਿਸ਼ਨ ਪੱਖ ਦੀ ਚੈਕਸ ਨੂੰ ਨਗਰ ਦ ਸਭ ਤੋਂ ਵੱਡੇ ਤਲਾਅ ਘੜਸੀਸਰ 'ਤੇ ਲਹਾਨ ਖੇਡਣ ਦਾ ਸੱਦਾ ਹੈ। ਉਸ ਦਿਨ ਰਾਜਾ, ਉਸ ਦਾ ਸਾਰਾ ਪਰਵਾਰ, ਦਰਬਾਰ, ਫ਼ੌਜ ਅਤੇ ਪੂਰੀ ਜਨਤਾ ਕਹੀਆਂ, ਗੈਂਤੀਆਂ ਤੇ ਤਗਾੜੀਆ ਲੈ ਕੇ ਘੜਸੀਸਰ 'ਤੇ ਇੱਕਠੇ ਹੁੰਦੇ। ਰਾਜਾ ਤਲਾਅ ਦੀ ਮਿੱਟੀ ਕੱਢ ਕੇ ਪਹਿਲੀ ਤਗਾੜੀ ਭਰਦਾ ਤੇ ਉਹਨੂੰ ਆਪ ਚੁੱਕ ਕੇ ਪਾਲ ਤੇ ਪਾਉਂਦਾ। ਬਸ ਢੋਲ ਢਮੱਕ ਨਾਲ ਲਹਾਸ ਸ਼ੁਰੂ। ਸਾਰੀ ਜਨਤਾ ਦਾ ਖਾਣ-ਪੀਣ ਦਰਬਾਰ ਵੱਲੋਂ ਹੁੰਦਾ, ਰਾਜੇ ਤੇ ਜਨਤਾ ਸਭ ਦੇ ਹੱਥ ਮਿੱਟੀ ਨਾਲ ਗੜੁੱਚ ਹੋ ਜਾਂਦੇ। ਰਾਜਾ ਇੰਨਾ ਮਸਤ ਹੋ ਜਾਂਦਾ ਕਿ ਉਸ ਦਿਨ ਉਸ ਦੇ ਮੋਢ ਨਾਲ ਕਿਸੇ ਦਾ ਵੀ ਮੋਢਾ ਖਹਿ ਸਕਦਾ ਸੀ। ਜੋ ਦਰਬਾਰ ਵਿਚ ਮੁਸ਼ਕਿਲ ਨਾਲ ਮਿਲਦਾ ਹੈ, ਅੱਜ ਉਹੀ ਤਲਾਅ ਦ ਦਰਵਾਜ਼ 'ਤੇ ਮਿੱਟੀ ਢੋ ਰਿਹਾ ਹੈ। ਰਾਜ ਦੀ ਸੁਰੱਖਿਆ ਵਿਵਸਥਾ ਕਰਨ ਵਾਲੇ ਉਹਦੇ ਅੰਗ ਰੱਖਿਅਕ ਵੀ ਮਿੱਟੀ ਕੱਢ ਰਹੇ ਹਨ, ਮਿੱਟੀ ਪਾ ਰਹੇ ਹਨ।
ਅਜਿਹੇ ਹੀ ਇੱਕ ਲਹਾਸ 'ਚ ਜੈਸਲਮਰ ਦੇ ਰਾਜਾ ਤੇਜ ਸਿੰਘ 'ਤੇ ਹਮਲਾ ਹੋਇਆ ਸੀ। ਉਹ ਪਾਲ 'ਤੇ ਹੀ ਮਾਰੇ ਗਏ ਸਨ। ਪਰ ਲਹਾਸ ਖੇਡਣਾ ਬੰਦ ਨਹੀਂ ਹੋਇਆ। ਇਹ ਚਲਦਾ ਰਿਹਾ, ਫੈਲਦਾ ਰਿਹਾ। ਮੱਧ ਪ੍ਰਦਸ਼ ਦੇ ਭੀਲ ਸਮਾਜ 'ਚ ਵੀ ਲਹਾਸ ਖੇਡਿਆ ਜਾਂਦਾ ਹੈ, ਗੁਜਰਾਤ 'ਚ ਵੀ ਲਹਾਸ ਚਲਦੀ ਹੈ। ਉਥੇ ਪਰੰਪਰਾ ਤਲਾਅ ਤੋਂ ਅਗਾਂਹ ਵਧ ਕੇ ਸਮਾਜ ਦੇ ਅਜਿਹੇ ਕਿਸੇ ਵੀ ਕੰਮ ਨਾਲ ਜੁੜ ਗਈ ਸੀ, ਜਿਸ ਵਿਚ ਸਭ ਦੀ ਮੱਦਦ ਚਾਹੀਦੀ ਹੋਵੇ।
ਅਨੁਵਾਦਕ : ਅਨਿਲ ਆਦਮ
(ਬਾਕੀ ਅਗਲੇ ਅੰਕ ਵਿੱਚ...)

ਨਜ਼ਰੀਆ

ਬੀਟੀ ਬੈਂਗਣ ਦਾ ਆਗਮਨ ਖ਼ਰਾਕ ਦੀ ਗੁਲਾਮੀ ਨੂੰ ਸੱਦਾ
ਓਮੇਂਦਰ ਦੱਤ
ਕਦੇ-ਕਦੇ ਕੁੱਝ ਕਹਾਣੀਆਂ ਹਕੀਕਤ ਦਾ ਰੂਪ ਧਾਰ ਲੈਂਦੀਆਂ ਹਨ। ਅਜਿਹੀ ਹੀ ਇੱਕ ਕਹਾਣੀ ਅੱਜ ਹਕੀਕਤ ਬਣ ਕੇ ਸਾਡੇ ਰੂ-ਬ-ਰੂ ਹੋਣ ਜਾ ਰਹੀ ਹੈ। ਇਹ ਕਹਾਣੀ ਹੈ, ਵਪਾਰੀ ਅਤੇ ਉਹਦੇ ਉੱਠ ਦੀ……
ਇੱਕ ਵਾਰ ਇੱਕ ਵਪਾਰੀ ਸਫਰ ਦੌਰਾਨ ਆਪਣੇ ਉੱਠ ਨਾਲ ਵਿਸ਼ਾਲ ਮਾਰੂਥਲ ਵਿੱਚੋਂ ਲੰਘ ਰਿਹਾ ਸੀ ਕਿ ਮੰਜ਼ਿਲ ਤੋਂ ਉਰਾਂ ਹੀ ਰਾਤ ਪੈ ਗਈ। ਉਸਨੇ ਮਾਰੂਥਲ ਵਿੱਚ ਹੀ ਰਾਤ ਕੱਟਣ ਦਾ ਫੈਸਲਾ ਕੀਤਾ। ਉਸਨੇ ਉੱਠ ਨੂੰ ਖਜ਼ੂਰ ਦੇ ਇੱਕ ਰੁੱਖ ਨਾਲ ਬੰਨ੍ਹ ਦਿੱਤਾ ਅਤੇ ਆਪ, ਆਪਣੇ ਵੱਡੇ ਸਾਰੇ ਕੰਬਲ ਚ ਦੁਬਕ ਕੇ ਸੌਂ ਗਿਆ। ਅੱਧੀ ਕੁ ਰਾਤ ਨੂੰ ਜਿਉਂ ਹੀ ਥੋੜੀ ਜਿਹੀ ਠੰਡ ਵਧੀ ਤਾਂ ਉੱਠ ਨੇ ਆਪਣੇ ਮਾਲਿਕ ਨੂੰ ਕਿਹਾ ਕਿ ਮੇਰੀ ਨੱਕ ਠਰ ਰਹੀ ਹੈ ਜੇ ਤੁਸੀਂ ਕਹੋਂ ਤਾਂ ਮੈਂ ਆਪਣਾ ਨੱਕ ਕੰਬਲ ਵਿੱਚ ਕਰ ਲਵਾਂ! ਵਪਾਰੀ ਨੇ ਸੋਚਿਆ ਨੱਕ ਦੀ ਹੀ ਤਾਂ ਗੱਲ ਹੈ, ਚੱਲ ਕਰ ਲੈ। ਥੋੜੀ ਦੇਰ ਬਾਅਦ ਉੱਠ ਨੇ ਫਿਰ ਅਰਜ ਕੀਤੀ, ਮਾਲਿਕ ਮੇਰੇ ਕੰਨ ਵੀ ਠਰ ਗਏ ਨੇ, ਜੇ ਇਜ਼ਾਜ਼ਤ ਹੋਵੇ ਤਾਂ ਕੰਨ ਵੀ ਕੰਬਲ ਵਿੱਚ ਦੇ ਲਵਾਂ! ਮਾਲਿਕ ਨੂੰ ਲੱਗਾ ਏਨਾਂ ਵਫ਼ਾਦਾਰ ਉੱਠ ਹੈ ਤੇ ਉਸਨੇ ਉਸਨੂੰ ਇਹ ਇਜ਼ਾਜ਼ਤ ਵੀ ਦੇ ਦਿੱਤੀ। ਕੁੱਝ ਸਮੇਂ ਬਾਅਦ ਉੱਠ ਨੇ ਅਜਿਹੀ ਕੋਈ ਹੋਰ ਬੇਨਤੀ ਕੀਤੀ ਤੇ ਉਸਤੋਂ ਬਾਅਦ ਉੱਠ ਕੰਬਲ ਦੇ ਅੰਦਰ ਤੇ ਵਪਾਰੀ ਕੰਬਲ ਤੋਂ ਬਾਹਰ ਸੀ।
ਅੱਜ ਭਾਰਤ ਵਿੱਚ ਵੀ ਅਜਿਹਾ ਹੀ ਕੁੱਝ ਵਾਪਰਣ ਜਾ ਰਿਹਾ ਹੈ। ਫਰਕ ਸਿਰਫ ਏਨਾਂ ਹੈ ਕਿ ਏਥੇ ਵਪਾਰੀ ਦੀ ਭੂਮਿਕਾ ਵਿੱਚ ਹੈ, ਭਾਰਤੀ ਸਮਾਜ ਤੇ ਖਾਸਕਰ ਭਾਰਤ ਦੇ ਕਿਸਾਨ। ਦੂਜੇ ਪਾਸੇ ਅਣਭੋਲ ਜਿਹਾ ਦਿਸਣ ਵਾਲਾ ਤੇ ਕਿਸਾਨਾ ਦਾ ਵਫ਼ਾਦਾਰ ਉੱਠ ਹੈ, ਮੈਨਸੈਂਟੋ/ ਮਹੀਕੋ ਤੇ ਇਹਨਾਂ ਵਰਗੀਆਂ ਕਈ ਹੋਰ ਬਹੁਕੌਮੀ ਕੰਪਨੀਆਂ।
ਮੋਨਸੈਂਟੋ ਕੀੜੇਮਾਰ ਜ਼ਹਿਰਾਂ, ਬੀਜ ਵੇਚਣ ਅਤੇ ਜੈਨਿਟਿਕ ਇੰਜ਼ਨੀਅਰਿੰਗ ਕਰਨ ਵਾਲੀ ਦੁਨੀਆਂ ਦੀ ਸਭ ਤੋਂ ਵੱਡੀ ਵੱਡੀ ਕੰਪਨੀ ਹੈ। ਇਸਦੇ ਅਨੇਕਾਂ ਉਤਪਾਦ ਦੁਨੀਆਂ ਭਰ ਵਿੱਚ ਸੰਗੀਨ ਬਿਮਾਰੀਆਂ ਫੈਲਾਉਣ ਲਈ ਜਿੰਮੇਵਾਰ ਹਨ। ਇਤਿਹਾਸ ਵਿੱਚ ਸਭਤੋਂ ਪਹਿਲਾਂ ਅਮਰੀਕਾ ਵੱਲੋਂ ਵੀਅਤਨਾਮ ਵਿਰੁੱਧ ਲੜੀ ਗਈ ਲੰੰਮੀ ਲੜਾਈ ਵਿੱਚ ਵਰਤੇ ਗਏ ਰਸਾਇਣਕ ਹਥਿਆਰ ਵੀ ਏਸੇ ਮੋਨਸੈਂਟੋ ਦੇ ਕਾਰਖਾਨਿਆਂ ਦੇ ਭਿਆਨਕ ਤੇ ਵਿਨਾਸ਼ਕਾਰੀ ਉਤਪਾਦ ਸਨ। ਏਨਾਂ ਹੀ ਨਹੀਂ ਮੋਨਸੈਂਟੋ ਆਪਣੇ ਉਤਪਾਦਾਂ ਦੀ ਸੁਰੱਖਿਆ ਸਬੰਧੀ ਹਮੇਸ਼ਾ ਝੂਠੇ ਦਾਅਵੇ ਕਰਨ ਲਈ ਵੀ ਬਦਨਾਮ ਰਹੀ ਹੈ। ਦਰਅਸਲ ਇਹ ਦੈਂਤਾਕਾਰ ਕੰਪਨੀ ਦੁਨੀਆਂ ਭਰ ਵਿੱਚ ਅਮਰੀਕੀ ਸਮਰਾਜਵਾਦ ਦੇ ਹਰਿਆਵਲ ਦਸਤੇ ਵਜੋਂ ਕੰਮ ਕਰਦੀ ਹੈ। ਏਸੇ ਕਾਰਨ ਮੋਨਸੈਂਟੋ ਨੂੰ ਉਸ ਸਰਮਾਏਦਾਰਾਨਾਂ ਗਠਜੋੜ ਦੀ ਅਹਿਮ ਕੜੀ ਕਿਹਾ ਜਾਂਦਾ ਹੈ ਜਿਹਨੂ ਕਿ ਅਮਰੀਕਾ ਦੀ ਚੌਥੀ ਸੈਨਾਂ ਹੋਣ ਦਾ ਮਾਣ? ਹਾਸਿਲ ਹੈ।
ਉਪ੍ਰੋਕਤ ਤੱਥਾਂ ਦੀ ਰੌਸ਼ਨੀ ਵਿੱਚ ਅੱਜ ਅਸੀਂ ਇੱਕ ਅਜਿਹੇ ਵਿਸ਼ੇ ਨੂੰ ਛੋਹਣ ਜਾ ਰਹੇ ਹਾਂ ਜਿਹਦਾ ਕਿ ਸਾਡੇ ਭੋਜਨ ਅਤੇ ਭੋਜਨ ਸੁਰੱਖਿਆ ਨਾਲ ਸਿੱਧਾ ਸਬੰਧ ਹੈ। ਅੱਜ ਸਾਡੇ ਆਲੇ-ਦੁਆਲੇ ਇੱਕ ਅਜਿਹਾ ਘਟਨਾਕ੍ਰਮ ਅੰਗੜਾਈ ਲੈ ਰਿਹਾ ਹੈ, ਜਿਹਦੇ ਚਲਦਿਆਂ ਛੇਤੀ ਹੀ ਸਾਡੇ ਭੋਜਨ ਊੱਤੇ ਮੋਨਸੈਂਟੋ ਅਤੇ ਇਹਦੇ ਹੀ ਵਰਗੀਆਂ ਕੁੱਝ ਹੋਰ ਪੈਸੇ ਦੀ ਅੰਨ੍ਹੀ ਹਵਸ ਤੋਂ ਪੀੜਤ ਦਿਓਕੱਦ ਬਹੁਕੌਮੀ ਕੰੰਪਨੀਆਂ ਦਾ ਕਬਜਾ ਹੋ ਜਾਵੇਗਾ। ਆਉਣ ਵਾਲੇ ਕੁਝ ਸਾਲ ਇਕ ਨਵੀਂ ਤਰ੍ਹਾਂ ਦੇ ਉਪਨਿਵੇਸ਼ਵਾਦ ਅਤੇ ਇੱਕ ਵੱਖਰੀ ਹੀ ਕਿਸਮ ਦੀ ਗ਼ੁਲਾਮੀ ਨੂੰ ਪੱਕੇ ਪੈਰੀਂ ਕਰਨ ਵਾਲੇ ਹੋਣਗੇ। ਇਹ ਗ਼ੁਲਾਮੀ “ਭੋਜਨ ਦੀ ਗ਼ੁਲਾਮੀ” ਹੋਵੇਗੀ, ਜਿਹੜੀ ਕਿ ਸਾਡੀ ਭੋਜਨ ਸੁਰੱਖਿਆ, ਸਵੈਮਾਨ ਅਤੇ ਪ੍ਰਭੂਤਾ ਨੂੰ ਤਹਿਸ ਨਹਿਸ ਕਰਕੇ ਰੱਖ ਦੇਵੇਗੀ। ਇਸ ਨਵੀਂ ਤਰ੍ਹਾਂ ਦੀ ਗ਼ੁਲਾਮੀ ਦੇ ਹਮਲੇ ਦੀ ਮੁੱਖ ਸਰਗਣਾ ਹੈ, ਅਮਰੀਕੀ ਬਹੁਕੌਮੀ ਕੰਪਨੀ ਮੋਨਸੈਂਟੋ। ਜਿਹਦਾ ਇੱਕੋ-ਇੱਕ ਤੇ ਬੜਾ ਹੀ ਸਪਸ਼ਟ ਏਜੰਡਾ ਹੈ- ਦੁਨੀਆਂ ਭਰ ਦੇ ਬੀਜਾਂ ਸਮੇਤ ਹਰ ਤਰ੍ਹਾਂ ਦੇ ਜੈਵ-ਸਾਧਨਾਂ ਉੱਤੇ ਆਪਣਾ ਕਬਜਾ ਕਰਨਾ। ਉਸ ਦੀ ਇੱਛਾ ਹੈ ਕਿ ਸਾਰੀ ਦੁਨੀਆਂ ਵਿਚ ਪੈਦਾ ਹੋਣ ਵਾਲੀਆਂ ਸਭ ਫਸਲਾਂ ਦੇ ਬੀਜਾਂ ਉੱਤੇ ਓਸੇ ਦਾ ਹੀ ਏਕਾਧਿਕਾਰ ਹੋਵੇ। ਕਿਸਾਨ ਬੀਜ ਉਸ ਕੋੋਲੋਂ ਖਰੀਦ ਕੇ ਹੀ ਬੀਜਣ ਅਤੇ ਇੰਝ ਪੂਰੀ ਦੁਨੀਆਂ ਦਾ ਭੋਜਨ ਪ੍ਰਬੰਧ ਉਸ ਦੀ ਮੁੱਠੀ ਵਿਚ ਆ ਜਾਵੇ। ਇਹ ਕਿਸੇ ਸ਼ੇਖਚਿੱਲੀ ਦਾ ਸੁਪਨਾ ਨਹੀਂ ਸਗੋਂ ਦੁਨੀਆਂ ਦੀ ਸਭ ਤੋਂ ਕਰੂਰ ਤੇ ਬੇਅੰਤ ਸਾਧਨ ਸੰਪੰਨ ਉਸ ਕੰਪਨੀ ਦੀ ਘਿਨਾਉਣੀ ਯੋਜਨਾ ਹੈ ਜਿਸ ਦੀ ਆਮਦਨ ਦੁਨੀਆਂ ਦੇ 49 ਵਿਕਾਸਸ਼ੀਲ ਦੇਸ਼ਾਂ ਦੇ ਕੁੱਲ ਘਰੇਲੂ ਉਤਪਾਦ ਦੇ ਬਰਾਬਰ ਬਣਦੀ ਹੈ। ਜਿਹਦੇ ਲਈ ਆਪਣੇ ਇਸ ਕੋਝੇ ਮਨਸੂਬੇ ਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਦੁਨੀਆਂ ਭਰ ਦੇ ਕਿਸਾਨਾਂ ਦੀ ਬਲੀ ਲੈਣਾਂ ਤੇ ਸਮੂਹ ਲੋਕਾਈ ਨੂੰ ਆਪਣੀਆਂ ਪ੍ਰਯੋਗਸ਼ਾਲਾਵਾਂ ਦੇ 'ਜਾਨਵਰ' ਬਣਾ ਦੇਣਾ ਕੋਈ ਵੱਡੀ ਗੱਲ ਨਹੀਂ।
ਸਾਡੇ ਦੇਸ ਵਿੱਚ ਇਸਦੀ ਸ਼ੁਰੂਆਤ ਲਗਪਗ ਹੋ ਹੀ ਚੁੱਕੀ ਹੈ। ਮੋਨਸੈਂਟੋ ਵੱਲੋਂ ਮਹੀਕੋ ਰਾਹੀਂ ਕਰੋੜਾਂ ਭਾਰਤੀਆਂ ਦੀ ਸਿਹਤ ਨਾਲ ਖਿਲਵਾੜ ਕਰਦਿਆਂ, ਇਕ ਬਹੁਤ ਹੀ ਛਾਤਰ ਅਤੇ ਕਪਟੀ ਅੰਦਾਜ਼ ਨਾਲ ਕੁੱਝ ਹੀ ਮਹੀਨਿਆਂ ਵਿੱਚ ਭਾਰਤੀ ਬਾਜ਼ਾਰ ਵਿਚ ਬੀ.ਟੀ. ਬੈਂਗਣ ਨੂੰ ਉਤਾਰੇ ਜਾਣ ਦੀ ਤਿਆਰੀ ਪੂਰੇ ਜੋਰਾਂ 'ਤੇ ਹੈ। ਉਹ, ਬੀਟੀ ਬੈਂਗਣ! ਜਿਹਦੇ ਮਨੁੱਖੀ ਸਿਹਤ ਉੱਤੇ ਪੈਣ ਵਾਲੇ ਦੁਰਪ੍ਰਭਾਵਾਂ ਸਬੰਧੀ ਸਾਰੇ ਤੱਥ ਕੰਪਨੀ ਨੇ ਜਾਣਬੁੱਝ ਕੇ ਜਨਤਕ ਨਹੀਂ ਕੀਤੇ। ਜਿਹਨਾਂ ਤੋਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੁੰਦੀ ਹੈ ਕਿ ਬੀਟੀ ਬੈਂਗਣ ਮਨੁੱਖੀ ਸਿਹਤ ਹੀ ਨਹੀਂ ਸਗੋਂ ਜਾਨਵਰਾਂ ਲਈ ਵੀ ਅਤਿਅੰਤ ਖ਼ਤਰਨਾਕ ਹੈ।
ਗੱਲ ਸਿਰਫ ਬੀਟੀ ਬੈਂਗਣ ਦੀ ਆਮਦ ਕਰਕੇ ਭੋਜਨ ਸੁਰੱਖਿਆ ਲਈ ਉੱਤਪੰੰਨ ਹੋਣ ਵਾਲੇ ਖ਼ਤਰੇ ਦੀ ਹੀ ਨਹੀਂ ਹੈ ਸਗੋਂ ਇਹ ਸਮੁੱਚੀ ਦੁਨੀਆਂ ਦੀ ਭੋਜਨ ਲੜੀ ਉੱਤੇ ਬਹੁਕੌਮੀ ਕੰਪਨੀਆਂ ਦੇ ਕਬਜੇ ਦੀ ਇਕ ਸੋਚੀ ਸਮਝੀ ਅਤੇ ਤੈਅ ਸ਼ੁਦਾ ਸ਼ਾਜਿਸ਼ ਨੂੰ ਅੰਜ਼ਾਮ ਦੇਣ ਲਈ ਪੁੱਟਿਆ ਗਿਆ ਪਲੇਠਾ ਕਦਮ ਹੈ। ਹਰ ਕੋਈ ਜਾਣਦਾ ਹੈ ਕਿ ਭੋਜਨ ਦਾ ਅਧਾਰ ਖੇਤੀ ਅਤੇ ਖੇਤੀ ਦਾ ਆਧਾਰ ਬੀਜ ਹਨ। ਇੱਕ ਵਾਰ ਬੀਜਾਂ 'ਤੇ ਕਬਜਾ ਹੋ ਜਾਣ ਤੋਂ ਬਾਅਦ ਕਿਸੇ ਵੀ ਦੇਸ਼ ਦੀ ਰਾਜਨੀਤਕ ਜਾਂ ਆਰਥਿਕ ਆਜ਼ਾਦੀ ਅਤੇ ਭੋਜਨ ਸੁਰੱਖਿਆ ਤੇ ਸਵੈਮਾਨ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਵਿਸ਼ਵ ਵਪਾਰ ਸੰਗਠਨ ਬਣਨ ਤੋਂ ਬਾਅਦ ਜਦੋਂ ਤੋਂ ਪੇਟੈਂਟ ਕਾਨੂੰਨ ਲਾਗੂ ਹੋਏ ਹਨ ਬਹੁਕੌਮੀ ਕੰਪਨੀਆਂ ਦੇ ਬੀਜਾਂ ਅਤੇ ਜੈਵ-ਸਾਧਨਾਂ ਉੱਤੇ ਕਾਬਜ ਹੋਣ ਦੇ ਯਤਨ ਹੋਰ ਤੀਬਰ ਹੋਏ ਹਨ। ਬੀ.ਟੀ. ਬੈਂਗਣ ਇਸੇ ਦੀ ਅਗਲੀ ਕੜ੍ਹੀ ਮਾਤਰ ਹੈ। ਬੀ.ਟੀ ਬੈਂਗਣ ਅਸਲ ਵਿਚ ਸਾਡੇ ਦੇਸ਼ ਦੀ ਭੋਜਨ ਲੜੀ 'ਤੇ ਇਕ ਹਿੰਸਕ ਹਮਲਾ ਹੈ। ਇਹ ਸਾਡੇ ਭੋਜਨ ਦੀ ਸ਼ੁੱਧਤਾ ਤੇ ਪਵਿੱਤਰਤਾ ਨੂੰ ਤਾਂ ਤਬਾਹ ਕਰੇਗਾ ਹੀ ਨਾਲ ਦੀ ਨਾਲ ਦੇਸ਼ ਦੀ ਭੋਜਨ ਸੁਰੱਖਿਆ ਤੇ ਪ੍ਰਭੂਤਾ ਲਈ ਵੀ ਬਹੁਤ ਖ਼ਤਰਨਾਕ ਸਿੱਧ ਹੋਵੇਗਾ।
ਬੀਜ ਅਤੇ ਕੀੜੇਮਾਰ ਜ਼ਹਿਰਾਂ ਬਣਾਉਣ ਵਾਲੀ ਅਮਰੀਕੀ ਕੰਪਨੀ ਮੋਨਸੈਂਟੋ ਕੁਝ ਮਹੀਨਿਆਂ ਤੱਕ ਬੀਟੀ. ਬੈਂਗਣ ਭਾਰਤੀ ਬਜ਼ਾਰ ਵਿਚ ਲਿਆਉਣ ਵਾਲੀ ਹੈ। ਮੋਨਸੈਂਟੋ ਦੀ ਭਾਰਤੀ ਹਿੱਸੇਦਾਰ ਕੰਪਨੀ ਮਾਹੀਕੋ ਬੀ.ਟੀ. ਬੈਂਗਣ 'ਤੇ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਬੀਟੀ ਬੈਂਗਣ ਕੀੜਿਆਂ ਤੋਂ ਬਚਣ ਲਈ ਆਪਣੇ ਅੰਦਰ ਆਪ ਹੀ ਜ਼ਹਿਰ ਉੱਤਪੰਨ ਕਰੇਗਾ। ਇਸ ਕਾਰਜ ਲਈ ਬੈਂਗਣ ਵਿਚ ਮਿੱਟੀ 'ਚ ਪਾਏ ਜਾਣ ਵਾਲੇ ਇਕ ਬੈਕਟੀਰੀਆ ਬੇਸੀਲੈਸ ਥੂਰੈਂਜੇਸਿਸ ਯਾਨੀ ਬੀ.ਟੀ. ਵਿਚਲਾ ਜ਼ਹਿਰ ਪੈਦਾ ਕਰਨ ਵਾਲਾ ਕ੍ਰਾਈ-1 ਏ ਸੀ ਨਾਮ ਦਾ ਇੱਕ ਜੀਨ ਪਾਇਆ ਗਿਆ ਹੈ। ਜਹੜਾ ਕੀੜਿਆਂ ਨੂੰ ਮਾਰਨ ਲਈ ਬੈਂਗਣ ਵਿੱਚ ਲਗਾਤਾਰ ਜ਼ਹਿਰ ਉਤਪੰਨ ਕਰਦਾ ਰਹੇਗਾ। ਜਿਹਦੇ ਕਿ ਮਨੁੱਖੀ ਸਿਹਤ ਉੱਪਰ ਬੇਹੱਦ ਮਾੜੇ ਅਸਰ ਹੋ ਸਕਦੇ ਹਨ।
ਬੀਟੀ ਬੈਂਗਣ ਸਬੰਧੀ ਹੁਣ ਤੱਕ ਹੋਏ ਤਜਰਬਿਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਇਸ ਨੂੰ ਖਾਣ ਤੋਂ ਬਾਅਦ ਗਾਂ, ਬੱਕਰੀ, ਖਰਗੋਸ਼, ਮੁਰਗੀ ਦੇ ਚੂਚਿਆਂ, ਮੱਛੀਆਂ ਤੇ ਚੂਹਿਆਂ ਵਰਗੇ ਤਮਾਮ ਜਾਨਵਰਾਂ ਨੂੰ ਗੰਭੀਰ ਬੀਮਾਰੀਆਂ ਨੇ ਘੇਰ ਲਿਆ। ਇਨ੍ਹਾਂ ਵਿਚੋਂ ਜ਼ਿਆਦਤਰ ਦੇ ਅੰਦਰੂਨੀ ਅੰਗਾਂ ਵਿਚ ਵਿਗਾੜ ਆਏ ਤੇ ਉਹਨਾਂ ਦੀ ਰੋਗ ਪ੍ਰਤੀਰੋਧਕ ਤਾਕਤ ਵਿਚ ਵੀ ਕਮੀ ਆ ਗਈ। ਕੁੱਝ ਇੱਕ ਵੰਨਗੀਆਂ ਦੇਖੋ:
ਬੱਕਰੀਆਂ ਵਿੱਚ ਪ੍ਰੋਥਰਾਂਬਿਨ ਟਾਈਮ ਜਾਣੀ ਕਿ ਸੱਟ ਵੱਜਣ ਉਪਰੰਤ ਵਗਣ ਵਾਲੇ ਖੂਨ ਦੇ ਜੰਮਣ/ਰੁਕਣ ਦੇ ਸਮੇਂ ਅਤੇ ਐਲਕਲਾਈਨ ਫਾਸਫੇਟੇਜ਼ ਵਿੱਚ ਨਾਂਹਪੱਖੀ ਤਬਦੀਲੀਆਂ ਪਾਈਆਂ ਗਈਆਂ ਅਤੇ ਕੁਲਬਿਲੀਰੁਬਿਨ (ਜਿਗਰ ਉੱਤੇ ਬੀਟੀ ਬੈਂਗਣ ਦੇ ਪੈਣ ਵਾਲੇ ਮਾੜੇ ਅਸਰਾਂ ਦੀਆਂ ਨਿਸ਼ਾਨੀਆਂ) ਦੇ ਪ੍ਰਭਾਵ ਵੀ ਨੋਟ ਕੀਤੇ ਗਏ।
ਖਰਗੋਸ਼ਾਂ ਦੀ ਖ਼ੁਰਾਕ ਘਟ ਗਈ, ਉਹਨਾਂ ਦੇ ਪ੍ਰੋਥਰਾਂਬਿਨ ਟਾਈਮ ਚ ਵੀ ਨਾਂਹਪੱਖੀ ਤਬਦੀਲੀਆਂ ਨੋਟ ਕੀਤੀਆਂ ਗਈਆਂ ਅਤੇ ਉਹਨਾਂ ਵਿੱਚ ਵੀ ਕੁਲਬਿਲੀਰੁਬਿਨ (ਜਿਗਰ ਉੱਤੇ ਬੀਟੀ ਬੈਂਗਣ ਦੇ ਪੈਣ ਵਾਲੇ ਮਾੜੇ ਅਸਰਾਂ ਦੀਆਂ ਨਿਸ਼ਾਨੀਆਂ) ਦੇ ਪ੍ਰਭਾਵ ਨੋਟ ਕੀਤੇ ਗਏ।
ਜਾਨਵਰਾਂ ਵਿੱਚ ਸੋਡੀਅਮ, ਗੁਲੂਕੋਜ਼, ਪਲੇਟਲੈੱਟ ਕਾਂਊਂਟ ਅਤੇੇ ਲਹੂ ਦੀਆਂ ਲਾਲ ਕੋਸ਼ਿਕਾਵਾਂ ਤੇ ਵੀ ਬੀਟੀ ਬੈਂਗਣ ਦੀ ਖ਼ੁਰਾਕ ਦੇ ਮਾੜੇ ਪ੍ਰਭਾਪ ਦੇਖਣ ਨੂੰ ਮਿਲੇ।
ਗਊਆਂ ਦੇ ਦੁੱਧ ਦੀ ਬਣਤਰ ਅਤੇ ਪੈਦਾਵਾਰ ਵਿੱਚ ਅੰਤਰ ਆ ਗਿਆ ਅਤੇ ਉਹਨਾਂ ਦੀ ੂਖ਼ੁਰਾਕ ਵਧ ਗਈ। ਇਹ ਬਿਲਕੁਲ ਉਸ ਤਰ੍ਹਾਂ ਸੀ ਜਿਵੇਂ ਕਿ ਉਹਨਾਂ ਨੂੰ ਅੱਡ ਤੋਂ ਹਾਰਮੋਨ ਦਿੱਤੇ ਗਏ ਹੋਣ।
ਬੀਟੀ ਬੈਂਗਣ ਦੀ ਖ਼ੁਰਾਕ 'ਤੇ ਪਲਣ ਵਾਲੇ ਚੂਹੇ ਪੇਚਿਸ਼ ਦੇ ਸ਼ਿਕਾਰ ਹੋ ਗਏ। ਉਹ ਪਹਿਲਾਂ ਨਾਲੋਂ ਵੱਧ ਪਾਣੀ ਪੀਣ ਲੱਗ ਪਏ ਅਤੇ ਉਹਨਾਂ ਦੇ ਜਿਗਰ ਦਾ ਭਾਰ ਘਟ ਗਿਆ।
ਬੁਰਾਇਲਰ ਚੂਚਿਆਂ ਦੀ ਖ਼ੁਰਾਕ ਅਤੇ ਉਹਨਾਂ ਦੇ ਲਹੂ ਵਿਚਲੀ ਗੁਲੋਕੋਜ਼ ਉੱਪਰ ਵੀ ਨਕਾਰਾਤਮਕ ਪ੍ਰਭਾਵ ਦੇਖੇ ਗਏ।
ਮੱਛੀਆਂ ਪ੍ਰਤੀ ਯੂਨਿਟ ਭਾਰ ਦੇ ਵਾਧੇ ਲਈ ਪਹਿਲਾਂ ਨਾਲੋਂ ਵਧੇਰੇ ਖੁਰਾਕ ਖਾਣ ਲੱਗ ਪਈਆਂ।
ਇਸ ਸਭ ਦੇ ਬਾਵਜ਼ੂਦ ਮੋਨਸੈਂਟੋ ਭਾਰਤੀ ਬਾਜ਼ਾਰ ਵਿਚ ਬੀਟੀ ਬੈਂਗਣ ਉਤਾਰਨ ਲਈ ਪੱਬਾਂ ਭਾਰ ਹੋਈ ਫਿਰਦੀ ਹੈ। ਕਿਉਂਕਿ ਏਥੋਂ ਦੀ ਵੱਡੀ ਆਬਾਦੀ ਅਤੇ ਵਿਸ਼ਾਲ ਬਜ਼ਾਰ ਦੇ ਮੱਦੇਨਜ਼ਰ ਮੋਨਸੈਂਟੋ ਭਾਰਤ ਨੂੰ ਇਕ ਮਹੱਤਵਪੂਰਨ ਮੰਡੀ ਵਜੋਂ ਦੇਖਦੀ ਹੈ। ਇਸ ਮੰਡੀ ਨੂੰ 'ਸਰ' ਕਰਨ ਲਈ ਮੋਨਸੈਂਟੋ ਨੇ ਆਪਣੀ ਭਾਰਤੀ ਹਿੱਸੇਦਾਰ ਕੰਪਨੀ ਮਾਹੀਕੋ ਦੀ ਆੜ ਲਈ ਹੈ। ਸਿੱਟੇ ਵਜੋਂ ਮਾਹੀਕੋ ਵੀ ਉਹ, ਸਾਰੀਆਂ ਲੂੰਬੜ ਚਾਲਾਂ ਚੱਲ ਰਹੀ ਹੈ ਜਿਹੜੀਆਂ ਕਿ ਉਸ ਨੂੰ ਮੋਨਸੈਂਟੋ ਤੋਂ ਸੋਗਾਤ ਵਿਚ ਮਿਲੀਆਂ ਹਨ।
ਜਿਵੇਂ ਕਿ ਅਸੀਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ, ਮਾਹੀਕੋ ਨੇ ਆਪਣੇ ਬੀਟੀ ਬੈਂਗਣਾਂ ਦੇ ਮਨੁੱਖੀ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਜਾਣ-ਬੁੱਝ ਕੇ ਜਨਤਕ ਨਹੀਂ ਕੀਤਾ। ਜਾਨਵਰਾਂ 'ਤੇ ਹੋਏ ਤਜ਼ਰਬਿਆਂ ਦੇ ਨਤੀਜੇ ਜਦੋਂ ਉਲਟੇ ਆਏ ਤਾਂ ਕੰਪਨੀ ਨੇ ਉਹਨਾ ਦੇ ਅੰਕੜਿਆਂ ਨਾਲ ਛੇੜਛਾੜ ਕੀਤੀ। ਏਨਾ ਹੀ ਨਹੀਂ ਸੰਨ 2006 ਵਿਚ ਭਾਰਤ ਸਰਕਾਰ ਦੀ ਜੈਨੇਟਿਕ ਇੰਜ਼ਨੀਅਰਿੰਗ ਅਪਰੂਵਲ ਕਮੇਟੀ (ਜੀ.ਈ.ਏ.ਸੀ) ਅਤੇ ਡਿਪਾਰਟਮੈਂਟ ਆਫ ਬਾਇਓਟੈਕਨਾਲੋਜ਼ੀ (ਡੀ ਬੀ ਟੀ) ਨੇ ਵੀ ਉਹਨਾਂ ਰਿਪੋਰਟਾਂ ਨੂੰ ਨਜ਼ਰ ਅੰਦਾਜ਼ ਕੀਤਾ ਜਿੰਨ੍ਹਾਂ ਤੋਂ ਬੀ.ਟੀ ਬੈਂਗਣ ਦੇ ਮਾੜੇ ਅਸਰਾਂ ਦਾ ਪਤਾ ਲਗਦਾ ਸੀ। ਡਿਪਾਰਟਮੈਂਟ ਆਫ ਬਾਇਓਟੈਕਨਾਲੋਜ਼ੀ ਅਤੇ ਜੀ.ਈ.ਏ.ਸੀ ਨੇ ਬੀਟੀ ਬੈਂਗਣ ਵਿਕਸਤ ਕਰਨ ਵਾਲੀ ਕੰਪਨੀ ਦੇ ਪ੍ਰਤੀ ਵਿਸ਼ੇਸ਼ ਨਰਮ ਰੁਖ਼ ਦਿਖਾਉਂਦੇ ਹੋਏ ਇਨ੍ਹਾਂ ਰਿਪੋਰਟਾਂ ਨੂੰ ਦਬਾਈ ਰੱਖਿਆ। ਜਦੋਂ ਵਾਤਾਵਰਣ ਸੰਗਠਨਾਂ ਨੇ ਇਹ ਜਾਣਕਾਰੀ ਮੰਗੀ ਤਾਂ ਕਿਹਾ ਗਿਆ ਕਿ ਇਹ ਕੰਪਨੀ ਦੀ ਵਪਾਰਕ ਨਿੱਜਤਾ ਦੇ ਅਨੁਕੂਲ ਨਹੀਂ ਹੈ ਅਤੇ ਇਸਨੂੰ ਸਰਵਜਨਕ ਨਹੀਂ ਕੀਤਾ ਜਾ ਸਕਦਾ। ਮਜ਼ੇਦਾਰ ਗੱਲ ਇਹ ਹੈ ਕਿ ਕੰਪਨੀ ਦੇ ਆਰਥਿਕ ਹਿੱਤਾਂ ਦੀ ਫ਼ਿਕਰ ਕੰਪਨੀ ਨਾਲੋਂ ਜ਼ਿਆਦਾ ਬਾਇਓ ਟੈਕਨਾਲੋਜ਼ੀ ਵਿਭਾਗ (ਡੀ.ਬੀ.ਟੀ. ਅਤੇ ਜੀ.ਈ.ਏ.ਸੀ. ਨੂੰ ਸੀ। ਜਿੰਨ੍ਹਾਂ ਨੇ ਕਰੋੜਾਂ ਭਾਰਤੀਆਂ ਦੀ ਜਿੰਦਗੀ ਦੀ ਕੀਮਤ 'ਤੇ ਭਾਰਤ ਵਿੱਚ ਕੰਪਨੀ ਨੂੰ ਬੀਟੀ ਬੈਂਗਣ ਦੇ ਤਜ਼ਰਬੇ ਕਰਨ ਦੀ ਆਗਿਆ ਦਿੱਤੀ।
ਏਨਾਂ ਹੀ ਨਹੀਂ ਮਾਹੀਕੋ ਕੰਪਨੀ ਵੱਲੋਂ ਕੀਤੇ ਗਏ ਬਾਇਓਸੇਫਟੀ ਟੈਸਟ ਦੀ ਰਿਪੋਰਟ ਨੂੰ ਲੁਕੋਣ ਦੀਆਂ ਵੀ ਵੱਡੇ ਪੱਧਰ 'ਤੇ ਕੋਸ਼ਿਸ਼ਾਂ ਹੋਈਆਂ। ਮਾਮਲਾ ਭਾਰਤ ਦੇ ਕੇਂਦਰੀ ਸੂਚਨਾ ਕਮਿਸ਼ਨਰ ਡੀ. ਵਾਜ਼ਾਹਤੁੱਲਾ ਤੱਕ ਜਾ ਪੁੱਜਿਆ। ਕੇਂਦਰੀ ਸੂਚਨਾ ਕਮਿਸ਼ਨਰ ਨੇ ਹੁਕਮ ਦਿੱਤਾ ਕਿ ਮਹੀਕੋ ਦੇ ਬੀਟੀ ਬੈਂਗਣ ਸਬੰਧੀ ਬਾਇਓਸੇਫਟੀ ਟੈਸਟ ਦਾ ਵੇਰਵਾ ਜਨਤਕ ਕੀਤਾ ਜਾਵੇ। ਪਰ ਕੰਪਨਂੀ ਦੇ ਵਪਾਰਕ ਹਿੱਤਾਂ ਅਤੇ ਉਸਦੇ ਆਰਥਿਕ ਨੁਕਸਾਨ ਪ੍ਰਤੀ ਫ਼ਿਕਰਮੰਦ ਬਾਇਓਟੈਕਨਾਲੋਜ਼ੀ ਵਿਭਾਗ ਨੇ ਇਸ ਹੁਕਮ ਦਾ ਮਜ਼ਾਕ ਉਡਾਉਂਦਿਆਂ, ਅੱਧੀ-ਅਧੂਰੀ ਜਾਣਕਾਰੀ ਹੀ ਬਿਨੈਕਾਰ ਗ੍ਰੀਨਪੀਸ ਨੂੰ ਦਿੱਤੀ। ਇਹ ਗੱਲ ਅਪ੍ਰੈਲ 2007 ਦੀ ਹੈ। ਇਸ ਤੋਂ ਬਾਅਦ ਗ੍ਰੀਨ ਪੀਸ ਮੁੜ ਕੇਂਦਰੀ ਸੂਚਨਾ ਕਮਿਸ਼ਨਰ ਕੋਲ ਗਈ ਅਤੇ ਇਸ ਵਾਰ ਕੇਂਦਰੀ ਸੂਚਨਾ ਕਮਿਸ਼ਨਰ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਕਿ ਕੋਈ ਵੀ ਵਪਾਰਕ ਭੇਤ ਲੋਕਾਂ ਦੀ ਸਿਹਤ ਨਾਲੋਂ ਜ਼ਿਆਦਾ ਮਹੱਤਵਪੂਰਨ ਨਹੀਂ ਹੋ ਸਕਦਾ ਇਸ ਲਈ ਇਹ ਸਾਰੀ ਜਾਣਕਾਰੀ ਜਨਤਕ ਕੀਤੀ ਜਾਵੇ। ਇਸ ਹੁਕਮ ਦੇ ਵਿਰੁੱਧ ਮਾਹੀਕੋ ਕੰਪਨੀ ਦਿੱੱਲੀ ਹਾਈਕੋਰਟ ਚਲੀ ਗਈ ਤਾਂ ਕਿ ਕੋਈ ਵੀ ਹਰਬਾ ਵਰਤ ਕੇ ਬਿੱਲੀ ਨੂੰ ਥੈਲੇ ਦੇ ਅੰਦਰ ਹੀ ਰੱਖਣ ਦਾ ਮਨਸੂਬਾ ਸਫਲ ਹੋ ਜਾਵੇ।
ਸਬੰਧਤ ਕੇਸ ਅਜੇ ਦਿੱਲੀ ਹਾਈਕੋਰਟ ਵਿਚ ਚੱਲ ਹੀ ਰਿਹਾ ਸੀ ਕਿ ਇਕ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਮਾਣਯੋਗ ਸੁਪਰੀਮ ਕਰੋਟ ਨੇ ਅਗਸਤ 2008 ਵਿੱਚ ਇਹ ਫੈਸਲਾ ਸੁਣਾ ਦਿੱਤਾ ਕਿ ਸੂਚਨਾ ਦੇ ਅਧਿਕਾਰ ਦਾ 'ਹਰਣ' ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਕਰੀਬ ਡੇਢ ਸਾਲ ਦੀ ਲੜਾਈ ਤੋਂ ਬਾਅਦ ਬੀਟੀ ਬੈਂਗਣ ਸਬੰਧੀ ਮਾਹੀਕੋ ਦੇ ਬਾਇਓ ਸੇਫਟੀ ਟੈਸਟ ਦਾ ਡਾਟਾ ਜਨਕਤ ਹੋ ਸਕਿਆ।
ਪਰ ਚੁਟਕਲਾ ਤਾਂ ਇਹ ਕਿ ਇਸ ਲੰਮੀ ਕਾਨੂੰਨੀ ਲੜਾਈ ਦੇ ਦੌਰਾਨ ਵੀ ਕੰਪਨੀ ਨੇ ਬੀਟੀ ਬੈਂਗਣ ਦੇ ਮਨੁੱਖੀ ਸਿਹਤ ਉੱਤੇ ਦੁਰਪ੍ਰਭਾਵ ਪੈਣ ਦੇ ਸੰਭਾਵੀ ਖ਼ਦਸ਼ਿਆਂ ਦੇ ਮੱਦੇ ਨਜ਼ਰ ਵੀ ਉਸ ਨੂੰ ਮੰਡੀ ਵਿਚ ਲਿਆਉਣ ਦੀ ਕਵਾਇਦ ਬੰਦ ਨਹੀਂ ਕੀਤੀ। ਸਿੱਟੇ ਵਜੋਂ ਅੱਜ ਮਹੀਕੋ ਕੰਪਨੀ ਬੀਟੀ ਬੈਂਗਣ ਮੰਡੀ ਵਿਚ ਉਤਾਰਨ ਦੇ ਕਾਫੀ ਨੇੜੇ ਆਣ ਪੁੱਜੀ ਹੈ।
ਬੀਟੀ ਬੈਂਗਣ ਸਬੰਧੀ ਮਾਹੀਕੋ ਦੇ ਆਪਣੇ ਬਾਇਓਸੇਫਟੀ ਟੈਸਟ ਦਾ ਡਾਟਾ ਕਿਸੇ ਦੇ ਵੀ ਰੌਂਗਟੇ ਖੜੇ ਕਰ ਸਕਦਾ ਹੈ। ਸਬੰਧਤ ਡਾਟਾ (ਡਾਟੇ) ਦਾ ਵਿਸ਼ਲੇਸ਼ਣ ਜਦੋਂ ਪ੍ਰਸਿੱਧ ਫ੍ਰਾਂਸੀਸੀ ਵਿਗਿਆਨਕ ਅਤੇ ਕਮੇਟੀ ਫਾਰ ਇੰਡੀਪੈਂਡੈਂਟ ਰੀਸਰਚ ਐਂਡ ਇਨਫਾਰਮੇਸ਼ਨ ਆਨ ਜੈਨੇਟਿਕ ਇੰਜਨਿਰਿੰਗ ਦੇ ਪ੍ਰਮੁੱਖ ਪੋ੍ਰ: ਗੈਲਿਸ ਏਰਿਕ ਸਰਲਿਨੀ ਨੇ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਬੀਟੀ ਬੈਂਗਣ ਮਨੁੱਖਾਂ ਦੇ ਖਾਣਯੋਗ ਨਹੀਂ. ਬੀ.ਟੀ. ਬੈਂਗਣ ਖਾਣ ਕਰਕੇ ਪ੍ਰਯੋਗਸ਼ਾਲਾ ਦੇ ਜਾਨਵਰਾਂ ਵਿਚ ਲਹੂ ਕੋਸ਼ਿਕਾਵਾਂ 'ਤੇ ਮਾੜਾ ਅਸਰ ਹੋਇਆ, ਮੇਹਦੇ ਅਤੇ ਪਾਚਨ ਤੰਤਰ ਵਿਚ ਵੀ ਗੜ੍ਹਬੜ ਹੋਈ ਅਤੇ ਉਹਨਾਂ ਦੀ ਰੋਗਾਂ ਨਾਲ ਲੜ੍ਹਨ ਦੀ ਤਾਕਤ ਨੂੰ ਵੀ ਨੁਕਸਾਨ ਪੁੱਜਣ ਦੇ ਲੱਛਣ ਵਿਖਾਈ ਦਿੱਤੇ।
ਇਸ ਪੂਰੇ ਮਾਮਲੇ ਦਾ ਧਾਰਮਿਕ ਪੱਖ ਵੀ ਹੈ ਜਿਹੜਾ ਕਿ ਬੀਟੀ ਬੈਂਗਣ ਦੀ ਆਮਦ ਸਦਕਾ ਮੌਤ ਦੀ ਹੱਦ ਤੱਕ ਪ੍ਰਭਾਵਿਤ ਹੋਵੇਗਾ। ਕਿਉਂਕਿ ਬੀਟੀ ਬੈਂਗਣ ਇਕ ਅਜਿਹੀ ਸਬਜ਼ੀ ਹੋਵੇਗਾ ਜਿਸ ਵਿਚ ਕਿਸੇ ਹੋਰ ਜੀਵ ਦਾ ਜੀਨ ਵੀ ਹੋਵੇਗਾ। ਇਹ ਸਾਡੇ ਸਾਮਜ ਦੀ ਸ਼ੁੱਧ ਸ਼ਾਕਾਹਾਹੀ ਅਤੇ ਵੈਸ਼ਨੂੰ ਭੋਜਨ ਦੀਆਂ ਸਾਰੀਆਂ ਮਾਨਤਾਵਾਂ ਤੇ ਆਸਥਾਵਾਂ ਨੂੰ ਖੇਰੂੰ ਖੇਰੂੰ ਕਰ ਦੇਵੇਗਾ। ਇਕ ਭੋਜਨ ਪਦਾਰਥ ਦੇ ਕਾਰਨ ਸਮੁੱਚੀ ਭੋਜਨ ਲੜੀ ਵਿਚ ਸ਼ਾਕਾਹਾਰੀ-ਮਾਸਾਹਾਰੀ ਦਾ ਭੇਦ ਖਤਮ ਹੋ ਜਾਵੇਗਾ। ਇਹ ਧਾਰਮਿਕ ਪੱਖੋਂ ਨਾ ਮੰਨਿਆਂ ਜਾ ਸਕਣ ਵਾਲਾ ਅਤੇ ਸਿਰੇ ਦਾ ਅਨੈਤਿਕ ਵਰਤਾਰਾ ਹੈ।
ਵਿਗਿਆਨ ਦਾ ਇਹ ਰੂਪ ਰਾਖ਼ਸ਼ਸ਼ੀ ਬਿਰਤੀ ਵਾਲਾ ਅਤੇ ਹਿੰਸਕ ਹੈ। ਇਹ ਭਾਰਤ ਵਰਗੇ ਦੇਸ਼ ਜਿਹੜਾ ਕਿ ਕੁਦਰਤੀ ਵਸੀਲਿਆਂ ਦੇ ਮਾਮਲੇ ਵਿਚ ਬਹੁਤ ਅਮੀਰ ਹੈ, ਉੱਤੇ ਇਕ ਨਵੇਂ ਢੰਗ ਦੇ ਉਪਨਿਵੇਸ਼ਵਾਦ ਨੂੰ ਲੱਦਣ ਦੀ ਤਿਆਰੀ ਹੈ। ਭਾਰਤ ਜੈਵ ਭਿੰਨਤਾ ਦਾ ਮਹੱਤਵਪੂਰਨ ਕੇਂਦਰ ਹੈ ਅਤੇ ਬੈਂਗਣ ਦਾ ਜਨਮ ਸਥਾਨ ਵੀ। ਭਾਰਤ ਤੋਂ ਹੀ ਬੈਂਗਣ ਪੂਰੀ ਦੁਨੀਆਂ ਵਿਚ ਫੈਲਿਆ ਹੈ। ਸਾਡੇ ਦੇਸ਼ ਵਿਚ ਬੈਂਗਣ ਦੀਆਂ ਕੋਈ 300 ਕਿਸਮਾਂ ਮੋਟੇ 'ਤੌਰ 'ਤੇ ਮਿਲਦੀਆਂ ਹਨ। ਪਰ ਬੀਟੀ ਬੈਂਗਣ ਦੇ ਆਉਣ ਨਾਲ ਸਾਡੀ ਜੈਵ-ਭਿੰਨਤਾ ਨੂੰ ਇਕ ਗੰਭੀਰ ਖਤਰਾ ਪੈਦਾ ਹੋ ਜਾਵੇਗਾ। ਦੁਨੀਆਂ ਭਰ ਦੀਆਂ ਮਿਸਾਲਾਂ ਦਸਦੀਆਂ ਹਨ ਕਿ ਜੀ.ਐੱਮ ਜਾਂ ਬੀਟੀ ਫਸਲਾਂ ਨੇ ਆਪਣੇ ਆਲੇ ਦੁਆਲੇ ਦੀਆਂ ਰਵਾਇਤੀ ਫਸਲਾਂ ਨੂੰ ਵੱਡੇ ਪੱਧਰ 'ਤੇ ਜੈਵਿਕ ਤੌਰ 'ਤੇ ਪ੍ਰਦੂਸ਼ਤ ਕੀਤਾ ਹੈ। ਜੀ. ਐਮ. ਭੋਜਨ ਪਦਾਰਥਾਂ ਉੱਤੇ ਦੁਨੀਆਂ ਭਰ ਵਿਚ ਕੀਤੇ ਪ੍ਰਯੋਗ ਦਸਦੇ ਹਨ ਕਿ ਇਹ ਸਿਹਤ ਲਈ ਗੰਭੀਰ ਖ਼ਤਰਿਆਂ ਦਾ ਜਨਕ ਹੈ। ਜੀ ਐੈੱਮ ਭੋਜਨ ਪਦਾਰਥਾਂ ਦੇ ਜਾਨਵਰਾਂ ਅਤੇ ਮਨੁੱਖਾਂ ਉੱਪਰ ਹੁਣ ਤੱਕ ਕੀਤੇ ਗਏ ਤਜ਼ਰਬਿਆਂ ਦੇ ਉਹਨਾਂ ਉੱਤੇ ਹੋਏ ਖ਼ਤਰਨਾਕ ਅਸਰ ਦਸਦੇ ਹਨ ਕਿ ਜੀ.ਐੱਮ. ਭੋਜਨ ਗ਼ੈਰ-ਕੁਦਰਤੀ, ਜ਼ਹਿਰੀਲੇ ਅਤੇ ਸਿਹਤ ਨੂੰ ਤਬਾਹ ਕਰਨ ਵਾਲੇ ਹਨ। ਏਨਾਂ ਹੀ ਨਹੀਂ ਜੀ. ਐੱਮ. ਭੋਜਨ ਦੇ ਮਾੜੇ ਅਸਰ ਅਗਲੀਆਂ ਪੀੜ੍ਹੀਆਂ ਤੱਕ ਵੀ ਜਾਂਦੇ ਹਨ। ਜੀ.ਐੱਮ ਆਲੂ ਅਤੇ ਸੋਇਆਬੀਨ ਖਾਣ ਵਾਲੇ ਚੂਹਿਆਂ ਦੀ ਅਗਲੀ ਪੀੜ੍ਹੀ ਤੱਕ ਨੂੰ ਗੰਭੀਰ ਬਿਮਾਰੀਆਂ ਨੇ ਜਕੜ ਲਿਆ ਸੀ। ਇਸ ਲਈ ਜ਼ਿਕਰਯੋਗ ਹੈ ਕਿ ਦੁਨੀਆਂ ਭਰ ਵਿੱਚ ਜਿੱਥੇ-ਜਿੱਥੇ ਵਿੱਗਿਆਨੀਆਂ ਨੇ ਜੀ ਐੱਮ/ ਬੀਟੀ ਤਕਨੀਕ ਦੇ ਮਾੜੇ ਪ੍ਰਭਾਵਾਂ ਦੀ ਘੋਖ ਕੀਤੀ, ਓਥੇ-ਓਥੇ ਹੀ ਕੰਪਨੀਆਂ ਨੂੰ ਭਾਜੜਾਂ ਪਈਆਂ ਅਤੇ ਸੱਚ ਨੂੰ ਛੁਪਾਉਣ ਦੇ ਭਰਪੂਰ ਯਤਨ ਹੋਏ।
ਜਦੋਂ ਰੂਸ ਦੀ, ਰਸ਼ੀਅਨ ਅਕੈਡਮੀ ਆਫ ਮੈਡੀਕਲ ਸਾਇੰਸ ਦੀ ਵਿਗਿਆਨਕ ਡਾ. ਇਰੀਨਾ ਇਰਮਾਕੋਵਾ, ਨੇ ਮੋਨਸੈਂਟੋ ਦੇ ਇਕ ਉਤਪਾਦ ਜੀ. ਐੱਮ. ਸੋਇਆਬੀਨ ਜਿਸਨੂੰ ਰਾਉਂਡ ਅੱਪ ਰੈਡੀ ਸੋਇਆਬੀਨ ਕਿਹਾ ਜਾਂਦਾ ਹੈ, ਨੂੰ ਜਦੋਂ ਪ੍ਰਯੋਗਸ਼ਾਲਾ ਵਿਚ ਚੂਹਿਆਂ ਨੂੰ ਖਵਾਉਣ ਉਪਰੰਤ ਉਹਨਾਂ 'ਤੇ ਉਸ ਦੇ ਮਾੜੇ ਅਸਰ ਲੱਭੇ,ਜਿੰਨ੍ਹਾਂ ਵਿਚ ਚੂਹਿਆਂ ਦੀ ਸਮੇਂ ਤੋਂ ਪਹਿਲਾਂ ਮੌਤ, ਭਾਰ ਘਟ ਜਾਣਾ ਅਤੇ ਉਹਨਾਂ ਨੂੰ ਕੈਂਸਰ ਦੀ ਗਿਲਟੀਆਂ ਹੋ ਜਾਣਾ ਸ਼ਾਮਲ ਸੀ। ਅਧਿਐਨ ਦੇ ਨਤੀਜੇ ਜਨਤਕ ਕੀਤੇ ਜਾਣ ਤੋਂ ਬਾਅਦ ਮੋਨਸੈਂਟੋ ਨੇ ਡਾ. ਇਰੀਨਾ ਇਰਮਾਕੋਵਾ ਨੂੰ ਝੂਠਾ ਸਾਬਿਤ ਕਰਨ ਲਈ ਆਪਣਾ ਪੂਰਾ ਟਿੱਲ ਲਾ ਦਿੱਤਾ। ਪਰ ਰੂਸ ਵਿਚ ਮੋਨਸੈਂਟੋ ਦਾ ਕੋਈ ਪ੍ਰਭਾਵ ਨਾ ਹੋਣ ਕਰਕੇ ਕੰਪਨੀ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਾ ਹੋ ਸਕੀ। ਪਰ ਦੂਜੇ ਪਾਸੇ ਇੰਗਲੈਂਡ ਦੇ ਵਿਸ਼ਵ ਵਿਖਿਆਤ ਅਤੇ ਸਨਮਾਨਤ ਵਿੱਗਿਆਨਕ ਡਾ. ਅਰਪਦ ਪੁਜਤਈ, ਜਿਹੜੇ ਕਿ ਇੱਕ ਸਮੇਂ ਖੁਦ ਜੀ ਐਮ ਤਕਨੀਕ ਦੇ ਪੱਕੇ ਹਾਮੀ ਸਨ ਨੂੰ ਜਦੋਂ ਚੂਹਿਆਂ ਉੱਤੇ ਜੀ ਐਮ ਆਲੂਆਂ ਦੇ ਮਾੜੇ ਅਸਰ ਨਜ਼ਰ ਆਏ ਤਾਂ ਉਹਨਾਂ ਨੇ ਇਹ ਸੱਚ ਦੁਨੀਆਂ ਸਾਹਮਣੇ ਲਿਆਉਣਾ ਆਪਣਾ ਫਰਜ਼ ਸਮਝਿਆ। ਬੀ. ਬੀ. ਸੀ. 'ਤੇ ਡਾ. ਪੁਜ਼ਤਈ ਦੀ ਇੰਟਰਵਿਊ ਨਸ਼ਰ ਹੋਣ ਦੇ 24 ਘੰਟਿਆਂ ਦੇ ਅੰਦਰ ਹੀ ਉਹਨਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਏੇਸੇ ਤਰ੍ਹਾਂ ਕਨੇਡਾ ਦੇ ਮਸ਼ਹੂਰ ਵਿੱਗਿਆਨੀ ਡਾ. ਸ਼ਿਵ ਚੋਪੜਾ ਨੇ ਜਦੋਂ ਗਾਂਵਾਂ ਨੂੰ ਲਗਾਉਣ ਵਾਲੇ ਹਾਰਮੋਨਲ ਟੀਕੇ ਆਰ. ਬੀ. ਜੀ. ਐੱਚ. ਉੱਤੇ ਸਵਾਲ ਖੜੇ ਕੀਤੇ ਤਾਂ ਉਹਨਾਂ ਨੂੰ ਵੀ ਇਸਦੀ ਕੀਮਤ ਨੌਕਰੀ ਗਵਾ ਕੇ ਚੁਕਾਉਣੀ ਪਈ। ਇਹਨਾਂ ਦੋਹੇਂ ਵਿੱਗਿਆਨੀਆਂ ਵੱਲੋਂ ਜੀ ਐਮ ਪਦਾਰਥਾ 'ਤੇ ਸਵਾਲ ਖੜੇ ਕਰਨ ਦੇ ਸਿੱਟੇ ਵਜੋਂ ਉਹਨਾਂ ਨਾਲ ਜੋ ਕੁੱਝ ਵਾਪਰਿਆ ਉਸ ਵਿੱਚ ਬਹੁਤ ਸਾਰੀਆਾਂ ਸਮਾਨਤਾਵਾਂ ਹਨ।
ਦੋਹਾਂ ਨੂੰ ਨੌਕਰੀ ਤੋਂ ਕਢਵਾਉਣ ਲਈ ਅਮਰੀਕਾ ਦਾ ਰਾਸ਼ਟਰਪਤੀ ਭਵਨ ਤੱਕ ਵੀ ਸਰਗਰਮ ਹੋਇਆ। ਕਿਉਂਕਿ ਮੋਨਸੈਂਟੋ ਦੇ ਆਰਥਿਕ ਹਿੱਤ ਅਮਰੀਕਾ ਦੇ ਸਾਮਰਿਕ ਹਿੱਤ ਹਨ।
ਇਹ ਕਿ ਦੋਹੇਂ ਹੀ ਆਪਣੇ-ਆਪਣੇ ਦੇਸ ਦੇ ਚੋਟੀ ਦੇ ਵਿੱਗਿਆਨੀ ਸਨ।
ਦੋਹਾਂ ਨੂੰ ਸੱਚ ਨਾਲ ਖੜਨ ਕਰਕੇ ਆਪਣੀ-ਆਪਣੀ ਨੌਕਰੀ ਤੋਂ ਹੱਥ ਧੋਣੇ ਪਏ।
ਦੋਹਾਂ ਉੱਤੇ ਹੀ ਸਬੰਧਤ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਗੈਗ ਆਰਡਰ ਲਾਗੂ ਕੀਤਾ ਗਿਆ ਜਾਣੀ ਕਿ ਕਿਸੇ ਨਾਲ ਵੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨ ਦੀ ਕਾਨੂੰਨੀ ਮਨਾਹੀ।
ਦੋਹਾਂ ਨੂੰ ਹੀ ਬਦਨਾਮ ਕਰਨ ਦੇ ਸਿਰਤੋੜ ਯਤਨ ਕੀਤੇ ਗਏ ਕਿਉਂਕਿ ਦੋਹਾਂ ਨੇ ਇੱਕੋ ਹੀ ਕੰਪਨੀ ਮੋਨਸੈਂਟੋ ਦੇ ਜੀਐਮ ਉਤਪਾਦਾਂ ਦੀ ਜਾਂਚ ਕਰਨ ਉਪਰੰਤ ਉਹਨਾਂ ਦੇ ਮਨੁੱਖੀ ਸਿਹਤ ਉੱਪਰ ਪੈਣ ਵਾਲੇ ਮਾੜੇ ਅਸਰਾਂ ਬਾਰੇ ਕੰਪਨੀ ਦੇ ਖ਼ਿਲਾਫ਼ ਬੇਬਾਕ ਰਵੱਈਆ ਅਖ਼ਤਿਆਰ ਕੀਤਾ।
ਮੋਨਸੈਂਟੋ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ(ਐਫ ਡੀ ਏ) ਵਿੱਚ ਸਮੇਂ-ਸਮੇਂ ਆਪਣੇ ਲੋਕਾਂ ਨੂੰ ਨਾਮਜ਼ਦ ਕਰਵਾਉਂਦੀ ਰਹਿੰਦੀ ਹੈ। ਮੋਨਸੈਂਟੋ ਦੁਨੀਆਂ ਭਰ ਵਿੱਚ ਆਪਣੇੇ ਉੁਤਪਾਦਾਂ ਨੂੰ ਵੇਚਣ ਲਈ ਕਿਸੇ ਵੀ ਦੇਸ ਦੀ ਸਰਕਾਰ ਅਤੇ ਓਥੋਂ ਦੇ ਪ੍ਰਸ਼ਾਸ਼ਨਿਕ ਤੰਤਰ ਵਿੱਚ ਸੰਨ ਲਾਉਣ ਦੀ ਵੁੱਕਤ ਰੱਖਦੀ ਹੈ। ਭਾਰਤ ਵਿੱਚ ਤਾਂ ਇਹ ਹੋਰ ਵੀ ਅਸਾਨ ਹੈ। ਕਿਉਂਕਿ ਭਾਰਤ ਦੀਆਂ ਖੇਤੀਬਾੜੀ ਯੁਨੀਵਰਸਿਟੀਆਂ ਨੂੰ ਵੱਖ-ਵੱਖ ਖੋਜ਼ ਕਾਰਜਾਂ ਲਈ ਗਰਾਂਟਾ ਵੀ ਜਿਆਦਾਤਰ ਮੋਨਸੈਂਟੋ ਦੁਆਰਾ ਹੀ ਦਿੱਤੀਆਂ ਜਾਂਦੀਆਂ ਹਨ ਤੇ ਉਹ ਵੀ ਖਾਸ ਤੌਰ 'ਤੇ ਬੀਜਾਂ ਸਬੰਧੀ।
ਅੱਜ ਮੋਨਸੈਂਟੋ ਵਰਗੀਆਂ ਕੰਪਨੀਆਂ ਨੇ ਆਪਣੇ ਉਤਪਾਦ ਨੂੰ ਸੁਰੱਖਿਅਤ ਦਰਸਾਉਣ ਲਈ ਆਪਣੇ ਪੱਖ ਵਿਚ ਵਿਗਿਆਨਕਾਂ ਦੀ ਇਕ ਜਮਾਤ ਖੜ੍ਹੀ ਕਰੀ ਬੈਠੀਆਂ ਹਨ। ਜਿਹਦਾ ਕਿ ਇਹਨਾਂ ਕੰਪਨੀਆਂ ਦੇ ਆਰਥਿਕ ਸਾਮਰਾਜਵਾਦ ਦੇ ਮਨਸੂਬਿਆਂ ਨੂੰ ਖੁਲ੍ਹਮ-ਖੁੱਲ੍ਹਾ ਸਮਰਥਨ ਤਾਂ ਪ੍ਰਾਪਤ ਹੈ ਹੀ ਨਾਲ ਹੀ ਇਹ ਮੋਨਸੈਂਟੋ ਮਾਰਕਾ ਵਿਗਿਆਨਕ, ਡਾ. ਅਰਪਦ ਪੁਜ਼ਤਈ, ਡਾ: ਸ਼ਿਵ ਚੋਪੜਾ ਤੇ ਡਾ. ਇਰੀਨਾ ਵਰਗੇ ਵਿਗਿਆਨੀਆ ਤੋਂ ਲੈ ਕੇ ਕੁਦਰਤੀ ਖੇਤੀ ਪੱਖੀ ਕੰਮ ਕਰਨ ਵਾਲੇ ਕਾਰਕੁੰਨਾਂ ਤੱਕ ਨੂੰ ਝੂਠੇ ਤੇ ਅਵਿੱਗਿਆਨਕ ਸਾਬਿਤ ਕਰਨ ਲਈ ਬਕਾਇਦਾ ਸਰਗਰਮ ਰਹਿੰਦੇ ਨੇ। ਇਹ ਵਿਗਿਆਨੀ ਦੁਨੀਆਂ ਭਰ ਦੇ ਖੇਤੀ ਖੋਜ ਕੇਂਦਰਾਂ, ਖੇਤੀ ਅਦਾਰਿਆਂ, ਖੇਤੀ ਸੰਸਥਾਵਾਂ ਤੇ ਵਾਤਾਵਰਣੀ ਸੰਸਥਾਨਾਂ ਵਿੱਚ ਘੁਸਪੈਠ ਕਰ ਚੁਕੇ ਹਨ। ਦੁਨੀਆਂ ਦੀਆਂ ਦਸ ਵੱਡੀਆਂ ਬੀਜ ਕੰਪਨੀਆਂ ਜਿੰਨ੍ਹਾਂ ਦੀ ਸਾਲਾਨਾ ਆਦਮਨ 13,014 ਮਿਲੀਅਨ ਡਾਲਰ(ਪੰਜ ਖਰਬ ਇੱਕੀ ਅਰਬ ਰੁਪਏ ਦੇ ਲਗਪਗ) ਹੋਵੇ ਉਨ੍ਹਾਂ ਲਈ ਅਜਿਹੇ ਪਾਲਤੂ ਵਿਗਿਆਨੀਆਂ ਨੂੰ ਥਾਂ -ਥਾਂ 'ਤੇ ਨਿਯੁਕਤ ਕਰਵਾਉਣਾ ਕੋਈ ਵੱਡੀ ਗੱਲ ਨਹੀਂ। ਇਹ ਸਭ ਹਿੰਦੁਸਤਾਨ ਵਿਚ ਵੀ ਵਾਪਰ ਰਿਹਾ ਹੈ। ਬੀਟੀ ਬੈਂਗਨ ਨੂੰ ਲੋਕਾਂ ਉਤੇ ਜਬਰੀ ਥੋਪਣ ਦਾ ਕੰਮ ਏਸੇ ਲਾਬੀ ਦੁਆਰਾ ਕੀਤਾ ਜਾ ਰਿਹਾ ਹੈ। ਇਹ ਲਾਬੀ ਇਸੇ ਕਰਕੇ ਜੀ.ਐਮ. ਫਸਲਾਂ ਦਾ ਗੁਣਗਾਣ ਕਰ ਰਹੀ ਹੈ ਅਤੇ ਭੋਜਨ ਤੇ ਖੇਤੀ ਸਬੰਧੀ ਹਰ ਸਮੱਸਿਆ ਦਾ ਹਲ ਜੀ. ਐਮ ਬੀਜਾਂ ਵਿਚ ਹੀ ਦਸਦੀ ਹੈ।
ਬਹੁਕੌਮੀ ਕੰਪਨੀਆਂ ਦੇ ਇਹਨਾਂ ਕੋਝੇ ਮਨਸੂਬਿਆਂ ਦਾ ਮੂੰਹ ਤੋੜ ਜਵਾਬ ਦੇਣ ਲÂਂੀ ਜਿੱਥੇ ਲੋਕ ਚੇਤਨਾਂ, ਲੋਕਾਂ ਅਤੇ ਕੁਦਰਤ ਪੱਖੀ ਵਿਕਾਸ ਦੇ ਮਾਡਲ ਤੇ ਆਰਥਿਕ ਚਿੰਤਨ 'ਤੇ ਵਿਚਾਰ ਕਰਨ ਦੀ ਲੋੜ ਹੈ ਓਥੇ ਹੀ ਜ਼ਮੀਨੀ ਪੱਧਰ 'ਤੇ ਉਸ ਨੂੰ ਹਕੀਕੀ ਰੂਪ ਵਿੱਚ ਲਾਗੂ ਕੀਤਾ ਜਾਣਾ ਵੀ ਓਨਾਂ ਹੀ ਜ਼ਰੂਰੀ ਹੈ।
ਮੋਬਾਈਲ : 98726 82161