Thursday, September 10, 2009

ਨਜ਼ਰੀਆ

ਬੀਟੀ ਬੈਂਗਣ ਦਾ ਆਗਮਨ ਖ਼ਰਾਕ ਦੀ ਗੁਲਾਮੀ ਨੂੰ ਸੱਦਾ
ਓਮੇਂਦਰ ਦੱਤ
ਕਦੇ-ਕਦੇ ਕੁੱਝ ਕਹਾਣੀਆਂ ਹਕੀਕਤ ਦਾ ਰੂਪ ਧਾਰ ਲੈਂਦੀਆਂ ਹਨ। ਅਜਿਹੀ ਹੀ ਇੱਕ ਕਹਾਣੀ ਅੱਜ ਹਕੀਕਤ ਬਣ ਕੇ ਸਾਡੇ ਰੂ-ਬ-ਰੂ ਹੋਣ ਜਾ ਰਹੀ ਹੈ। ਇਹ ਕਹਾਣੀ ਹੈ, ਵਪਾਰੀ ਅਤੇ ਉਹਦੇ ਉੱਠ ਦੀ……
ਇੱਕ ਵਾਰ ਇੱਕ ਵਪਾਰੀ ਸਫਰ ਦੌਰਾਨ ਆਪਣੇ ਉੱਠ ਨਾਲ ਵਿਸ਼ਾਲ ਮਾਰੂਥਲ ਵਿੱਚੋਂ ਲੰਘ ਰਿਹਾ ਸੀ ਕਿ ਮੰਜ਼ਿਲ ਤੋਂ ਉਰਾਂ ਹੀ ਰਾਤ ਪੈ ਗਈ। ਉਸਨੇ ਮਾਰੂਥਲ ਵਿੱਚ ਹੀ ਰਾਤ ਕੱਟਣ ਦਾ ਫੈਸਲਾ ਕੀਤਾ। ਉਸਨੇ ਉੱਠ ਨੂੰ ਖਜ਼ੂਰ ਦੇ ਇੱਕ ਰੁੱਖ ਨਾਲ ਬੰਨ੍ਹ ਦਿੱਤਾ ਅਤੇ ਆਪ, ਆਪਣੇ ਵੱਡੇ ਸਾਰੇ ਕੰਬਲ ਚ ਦੁਬਕ ਕੇ ਸੌਂ ਗਿਆ। ਅੱਧੀ ਕੁ ਰਾਤ ਨੂੰ ਜਿਉਂ ਹੀ ਥੋੜੀ ਜਿਹੀ ਠੰਡ ਵਧੀ ਤਾਂ ਉੱਠ ਨੇ ਆਪਣੇ ਮਾਲਿਕ ਨੂੰ ਕਿਹਾ ਕਿ ਮੇਰੀ ਨੱਕ ਠਰ ਰਹੀ ਹੈ ਜੇ ਤੁਸੀਂ ਕਹੋਂ ਤਾਂ ਮੈਂ ਆਪਣਾ ਨੱਕ ਕੰਬਲ ਵਿੱਚ ਕਰ ਲਵਾਂ! ਵਪਾਰੀ ਨੇ ਸੋਚਿਆ ਨੱਕ ਦੀ ਹੀ ਤਾਂ ਗੱਲ ਹੈ, ਚੱਲ ਕਰ ਲੈ। ਥੋੜੀ ਦੇਰ ਬਾਅਦ ਉੱਠ ਨੇ ਫਿਰ ਅਰਜ ਕੀਤੀ, ਮਾਲਿਕ ਮੇਰੇ ਕੰਨ ਵੀ ਠਰ ਗਏ ਨੇ, ਜੇ ਇਜ਼ਾਜ਼ਤ ਹੋਵੇ ਤਾਂ ਕੰਨ ਵੀ ਕੰਬਲ ਵਿੱਚ ਦੇ ਲਵਾਂ! ਮਾਲਿਕ ਨੂੰ ਲੱਗਾ ਏਨਾਂ ਵਫ਼ਾਦਾਰ ਉੱਠ ਹੈ ਤੇ ਉਸਨੇ ਉਸਨੂੰ ਇਹ ਇਜ਼ਾਜ਼ਤ ਵੀ ਦੇ ਦਿੱਤੀ। ਕੁੱਝ ਸਮੇਂ ਬਾਅਦ ਉੱਠ ਨੇ ਅਜਿਹੀ ਕੋਈ ਹੋਰ ਬੇਨਤੀ ਕੀਤੀ ਤੇ ਉਸਤੋਂ ਬਾਅਦ ਉੱਠ ਕੰਬਲ ਦੇ ਅੰਦਰ ਤੇ ਵਪਾਰੀ ਕੰਬਲ ਤੋਂ ਬਾਹਰ ਸੀ।
ਅੱਜ ਭਾਰਤ ਵਿੱਚ ਵੀ ਅਜਿਹਾ ਹੀ ਕੁੱਝ ਵਾਪਰਣ ਜਾ ਰਿਹਾ ਹੈ। ਫਰਕ ਸਿਰਫ ਏਨਾਂ ਹੈ ਕਿ ਏਥੇ ਵਪਾਰੀ ਦੀ ਭੂਮਿਕਾ ਵਿੱਚ ਹੈ, ਭਾਰਤੀ ਸਮਾਜ ਤੇ ਖਾਸਕਰ ਭਾਰਤ ਦੇ ਕਿਸਾਨ। ਦੂਜੇ ਪਾਸੇ ਅਣਭੋਲ ਜਿਹਾ ਦਿਸਣ ਵਾਲਾ ਤੇ ਕਿਸਾਨਾ ਦਾ ਵਫ਼ਾਦਾਰ ਉੱਠ ਹੈ, ਮੈਨਸੈਂਟੋ/ ਮਹੀਕੋ ਤੇ ਇਹਨਾਂ ਵਰਗੀਆਂ ਕਈ ਹੋਰ ਬਹੁਕੌਮੀ ਕੰਪਨੀਆਂ।
ਮੋਨਸੈਂਟੋ ਕੀੜੇਮਾਰ ਜ਼ਹਿਰਾਂ, ਬੀਜ ਵੇਚਣ ਅਤੇ ਜੈਨਿਟਿਕ ਇੰਜ਼ਨੀਅਰਿੰਗ ਕਰਨ ਵਾਲੀ ਦੁਨੀਆਂ ਦੀ ਸਭ ਤੋਂ ਵੱਡੀ ਵੱਡੀ ਕੰਪਨੀ ਹੈ। ਇਸਦੇ ਅਨੇਕਾਂ ਉਤਪਾਦ ਦੁਨੀਆਂ ਭਰ ਵਿੱਚ ਸੰਗੀਨ ਬਿਮਾਰੀਆਂ ਫੈਲਾਉਣ ਲਈ ਜਿੰਮੇਵਾਰ ਹਨ। ਇਤਿਹਾਸ ਵਿੱਚ ਸਭਤੋਂ ਪਹਿਲਾਂ ਅਮਰੀਕਾ ਵੱਲੋਂ ਵੀਅਤਨਾਮ ਵਿਰੁੱਧ ਲੜੀ ਗਈ ਲੰੰਮੀ ਲੜਾਈ ਵਿੱਚ ਵਰਤੇ ਗਏ ਰਸਾਇਣਕ ਹਥਿਆਰ ਵੀ ਏਸੇ ਮੋਨਸੈਂਟੋ ਦੇ ਕਾਰਖਾਨਿਆਂ ਦੇ ਭਿਆਨਕ ਤੇ ਵਿਨਾਸ਼ਕਾਰੀ ਉਤਪਾਦ ਸਨ। ਏਨਾਂ ਹੀ ਨਹੀਂ ਮੋਨਸੈਂਟੋ ਆਪਣੇ ਉਤਪਾਦਾਂ ਦੀ ਸੁਰੱਖਿਆ ਸਬੰਧੀ ਹਮੇਸ਼ਾ ਝੂਠੇ ਦਾਅਵੇ ਕਰਨ ਲਈ ਵੀ ਬਦਨਾਮ ਰਹੀ ਹੈ। ਦਰਅਸਲ ਇਹ ਦੈਂਤਾਕਾਰ ਕੰਪਨੀ ਦੁਨੀਆਂ ਭਰ ਵਿੱਚ ਅਮਰੀਕੀ ਸਮਰਾਜਵਾਦ ਦੇ ਹਰਿਆਵਲ ਦਸਤੇ ਵਜੋਂ ਕੰਮ ਕਰਦੀ ਹੈ। ਏਸੇ ਕਾਰਨ ਮੋਨਸੈਂਟੋ ਨੂੰ ਉਸ ਸਰਮਾਏਦਾਰਾਨਾਂ ਗਠਜੋੜ ਦੀ ਅਹਿਮ ਕੜੀ ਕਿਹਾ ਜਾਂਦਾ ਹੈ ਜਿਹਨੂ ਕਿ ਅਮਰੀਕਾ ਦੀ ਚੌਥੀ ਸੈਨਾਂ ਹੋਣ ਦਾ ਮਾਣ? ਹਾਸਿਲ ਹੈ।
ਉਪ੍ਰੋਕਤ ਤੱਥਾਂ ਦੀ ਰੌਸ਼ਨੀ ਵਿੱਚ ਅੱਜ ਅਸੀਂ ਇੱਕ ਅਜਿਹੇ ਵਿਸ਼ੇ ਨੂੰ ਛੋਹਣ ਜਾ ਰਹੇ ਹਾਂ ਜਿਹਦਾ ਕਿ ਸਾਡੇ ਭੋਜਨ ਅਤੇ ਭੋਜਨ ਸੁਰੱਖਿਆ ਨਾਲ ਸਿੱਧਾ ਸਬੰਧ ਹੈ। ਅੱਜ ਸਾਡੇ ਆਲੇ-ਦੁਆਲੇ ਇੱਕ ਅਜਿਹਾ ਘਟਨਾਕ੍ਰਮ ਅੰਗੜਾਈ ਲੈ ਰਿਹਾ ਹੈ, ਜਿਹਦੇ ਚਲਦਿਆਂ ਛੇਤੀ ਹੀ ਸਾਡੇ ਭੋਜਨ ਊੱਤੇ ਮੋਨਸੈਂਟੋ ਅਤੇ ਇਹਦੇ ਹੀ ਵਰਗੀਆਂ ਕੁੱਝ ਹੋਰ ਪੈਸੇ ਦੀ ਅੰਨ੍ਹੀ ਹਵਸ ਤੋਂ ਪੀੜਤ ਦਿਓਕੱਦ ਬਹੁਕੌਮੀ ਕੰੰਪਨੀਆਂ ਦਾ ਕਬਜਾ ਹੋ ਜਾਵੇਗਾ। ਆਉਣ ਵਾਲੇ ਕੁਝ ਸਾਲ ਇਕ ਨਵੀਂ ਤਰ੍ਹਾਂ ਦੇ ਉਪਨਿਵੇਸ਼ਵਾਦ ਅਤੇ ਇੱਕ ਵੱਖਰੀ ਹੀ ਕਿਸਮ ਦੀ ਗ਼ੁਲਾਮੀ ਨੂੰ ਪੱਕੇ ਪੈਰੀਂ ਕਰਨ ਵਾਲੇ ਹੋਣਗੇ। ਇਹ ਗ਼ੁਲਾਮੀ “ਭੋਜਨ ਦੀ ਗ਼ੁਲਾਮੀ” ਹੋਵੇਗੀ, ਜਿਹੜੀ ਕਿ ਸਾਡੀ ਭੋਜਨ ਸੁਰੱਖਿਆ, ਸਵੈਮਾਨ ਅਤੇ ਪ੍ਰਭੂਤਾ ਨੂੰ ਤਹਿਸ ਨਹਿਸ ਕਰਕੇ ਰੱਖ ਦੇਵੇਗੀ। ਇਸ ਨਵੀਂ ਤਰ੍ਹਾਂ ਦੀ ਗ਼ੁਲਾਮੀ ਦੇ ਹਮਲੇ ਦੀ ਮੁੱਖ ਸਰਗਣਾ ਹੈ, ਅਮਰੀਕੀ ਬਹੁਕੌਮੀ ਕੰਪਨੀ ਮੋਨਸੈਂਟੋ। ਜਿਹਦਾ ਇੱਕੋ-ਇੱਕ ਤੇ ਬੜਾ ਹੀ ਸਪਸ਼ਟ ਏਜੰਡਾ ਹੈ- ਦੁਨੀਆਂ ਭਰ ਦੇ ਬੀਜਾਂ ਸਮੇਤ ਹਰ ਤਰ੍ਹਾਂ ਦੇ ਜੈਵ-ਸਾਧਨਾਂ ਉੱਤੇ ਆਪਣਾ ਕਬਜਾ ਕਰਨਾ। ਉਸ ਦੀ ਇੱਛਾ ਹੈ ਕਿ ਸਾਰੀ ਦੁਨੀਆਂ ਵਿਚ ਪੈਦਾ ਹੋਣ ਵਾਲੀਆਂ ਸਭ ਫਸਲਾਂ ਦੇ ਬੀਜਾਂ ਉੱਤੇ ਓਸੇ ਦਾ ਹੀ ਏਕਾਧਿਕਾਰ ਹੋਵੇ। ਕਿਸਾਨ ਬੀਜ ਉਸ ਕੋੋਲੋਂ ਖਰੀਦ ਕੇ ਹੀ ਬੀਜਣ ਅਤੇ ਇੰਝ ਪੂਰੀ ਦੁਨੀਆਂ ਦਾ ਭੋਜਨ ਪ੍ਰਬੰਧ ਉਸ ਦੀ ਮੁੱਠੀ ਵਿਚ ਆ ਜਾਵੇ। ਇਹ ਕਿਸੇ ਸ਼ੇਖਚਿੱਲੀ ਦਾ ਸੁਪਨਾ ਨਹੀਂ ਸਗੋਂ ਦੁਨੀਆਂ ਦੀ ਸਭ ਤੋਂ ਕਰੂਰ ਤੇ ਬੇਅੰਤ ਸਾਧਨ ਸੰਪੰਨ ਉਸ ਕੰਪਨੀ ਦੀ ਘਿਨਾਉਣੀ ਯੋਜਨਾ ਹੈ ਜਿਸ ਦੀ ਆਮਦਨ ਦੁਨੀਆਂ ਦੇ 49 ਵਿਕਾਸਸ਼ੀਲ ਦੇਸ਼ਾਂ ਦੇ ਕੁੱਲ ਘਰੇਲੂ ਉਤਪਾਦ ਦੇ ਬਰਾਬਰ ਬਣਦੀ ਹੈ। ਜਿਹਦੇ ਲਈ ਆਪਣੇ ਇਸ ਕੋਝੇ ਮਨਸੂਬੇ ਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਦੁਨੀਆਂ ਭਰ ਦੇ ਕਿਸਾਨਾਂ ਦੀ ਬਲੀ ਲੈਣਾਂ ਤੇ ਸਮੂਹ ਲੋਕਾਈ ਨੂੰ ਆਪਣੀਆਂ ਪ੍ਰਯੋਗਸ਼ਾਲਾਵਾਂ ਦੇ 'ਜਾਨਵਰ' ਬਣਾ ਦੇਣਾ ਕੋਈ ਵੱਡੀ ਗੱਲ ਨਹੀਂ।
ਸਾਡੇ ਦੇਸ ਵਿੱਚ ਇਸਦੀ ਸ਼ੁਰੂਆਤ ਲਗਪਗ ਹੋ ਹੀ ਚੁੱਕੀ ਹੈ। ਮੋਨਸੈਂਟੋ ਵੱਲੋਂ ਮਹੀਕੋ ਰਾਹੀਂ ਕਰੋੜਾਂ ਭਾਰਤੀਆਂ ਦੀ ਸਿਹਤ ਨਾਲ ਖਿਲਵਾੜ ਕਰਦਿਆਂ, ਇਕ ਬਹੁਤ ਹੀ ਛਾਤਰ ਅਤੇ ਕਪਟੀ ਅੰਦਾਜ਼ ਨਾਲ ਕੁੱਝ ਹੀ ਮਹੀਨਿਆਂ ਵਿੱਚ ਭਾਰਤੀ ਬਾਜ਼ਾਰ ਵਿਚ ਬੀ.ਟੀ. ਬੈਂਗਣ ਨੂੰ ਉਤਾਰੇ ਜਾਣ ਦੀ ਤਿਆਰੀ ਪੂਰੇ ਜੋਰਾਂ 'ਤੇ ਹੈ। ਉਹ, ਬੀਟੀ ਬੈਂਗਣ! ਜਿਹਦੇ ਮਨੁੱਖੀ ਸਿਹਤ ਉੱਤੇ ਪੈਣ ਵਾਲੇ ਦੁਰਪ੍ਰਭਾਵਾਂ ਸਬੰਧੀ ਸਾਰੇ ਤੱਥ ਕੰਪਨੀ ਨੇ ਜਾਣਬੁੱਝ ਕੇ ਜਨਤਕ ਨਹੀਂ ਕੀਤੇ। ਜਿਹਨਾਂ ਤੋਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੁੰਦੀ ਹੈ ਕਿ ਬੀਟੀ ਬੈਂਗਣ ਮਨੁੱਖੀ ਸਿਹਤ ਹੀ ਨਹੀਂ ਸਗੋਂ ਜਾਨਵਰਾਂ ਲਈ ਵੀ ਅਤਿਅੰਤ ਖ਼ਤਰਨਾਕ ਹੈ।
ਗੱਲ ਸਿਰਫ ਬੀਟੀ ਬੈਂਗਣ ਦੀ ਆਮਦ ਕਰਕੇ ਭੋਜਨ ਸੁਰੱਖਿਆ ਲਈ ਉੱਤਪੰੰਨ ਹੋਣ ਵਾਲੇ ਖ਼ਤਰੇ ਦੀ ਹੀ ਨਹੀਂ ਹੈ ਸਗੋਂ ਇਹ ਸਮੁੱਚੀ ਦੁਨੀਆਂ ਦੀ ਭੋਜਨ ਲੜੀ ਉੱਤੇ ਬਹੁਕੌਮੀ ਕੰਪਨੀਆਂ ਦੇ ਕਬਜੇ ਦੀ ਇਕ ਸੋਚੀ ਸਮਝੀ ਅਤੇ ਤੈਅ ਸ਼ੁਦਾ ਸ਼ਾਜਿਸ਼ ਨੂੰ ਅੰਜ਼ਾਮ ਦੇਣ ਲਈ ਪੁੱਟਿਆ ਗਿਆ ਪਲੇਠਾ ਕਦਮ ਹੈ। ਹਰ ਕੋਈ ਜਾਣਦਾ ਹੈ ਕਿ ਭੋਜਨ ਦਾ ਅਧਾਰ ਖੇਤੀ ਅਤੇ ਖੇਤੀ ਦਾ ਆਧਾਰ ਬੀਜ ਹਨ। ਇੱਕ ਵਾਰ ਬੀਜਾਂ 'ਤੇ ਕਬਜਾ ਹੋ ਜਾਣ ਤੋਂ ਬਾਅਦ ਕਿਸੇ ਵੀ ਦੇਸ਼ ਦੀ ਰਾਜਨੀਤਕ ਜਾਂ ਆਰਥਿਕ ਆਜ਼ਾਦੀ ਅਤੇ ਭੋਜਨ ਸੁਰੱਖਿਆ ਤੇ ਸਵੈਮਾਨ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਵਿਸ਼ਵ ਵਪਾਰ ਸੰਗਠਨ ਬਣਨ ਤੋਂ ਬਾਅਦ ਜਦੋਂ ਤੋਂ ਪੇਟੈਂਟ ਕਾਨੂੰਨ ਲਾਗੂ ਹੋਏ ਹਨ ਬਹੁਕੌਮੀ ਕੰਪਨੀਆਂ ਦੇ ਬੀਜਾਂ ਅਤੇ ਜੈਵ-ਸਾਧਨਾਂ ਉੱਤੇ ਕਾਬਜ ਹੋਣ ਦੇ ਯਤਨ ਹੋਰ ਤੀਬਰ ਹੋਏ ਹਨ। ਬੀ.ਟੀ. ਬੈਂਗਣ ਇਸੇ ਦੀ ਅਗਲੀ ਕੜ੍ਹੀ ਮਾਤਰ ਹੈ। ਬੀ.ਟੀ ਬੈਂਗਣ ਅਸਲ ਵਿਚ ਸਾਡੇ ਦੇਸ਼ ਦੀ ਭੋਜਨ ਲੜੀ 'ਤੇ ਇਕ ਹਿੰਸਕ ਹਮਲਾ ਹੈ। ਇਹ ਸਾਡੇ ਭੋਜਨ ਦੀ ਸ਼ੁੱਧਤਾ ਤੇ ਪਵਿੱਤਰਤਾ ਨੂੰ ਤਾਂ ਤਬਾਹ ਕਰੇਗਾ ਹੀ ਨਾਲ ਦੀ ਨਾਲ ਦੇਸ਼ ਦੀ ਭੋਜਨ ਸੁਰੱਖਿਆ ਤੇ ਪ੍ਰਭੂਤਾ ਲਈ ਵੀ ਬਹੁਤ ਖ਼ਤਰਨਾਕ ਸਿੱਧ ਹੋਵੇਗਾ।
ਬੀਜ ਅਤੇ ਕੀੜੇਮਾਰ ਜ਼ਹਿਰਾਂ ਬਣਾਉਣ ਵਾਲੀ ਅਮਰੀਕੀ ਕੰਪਨੀ ਮੋਨਸੈਂਟੋ ਕੁਝ ਮਹੀਨਿਆਂ ਤੱਕ ਬੀਟੀ. ਬੈਂਗਣ ਭਾਰਤੀ ਬਜ਼ਾਰ ਵਿਚ ਲਿਆਉਣ ਵਾਲੀ ਹੈ। ਮੋਨਸੈਂਟੋ ਦੀ ਭਾਰਤੀ ਹਿੱਸੇਦਾਰ ਕੰਪਨੀ ਮਾਹੀਕੋ ਬੀ.ਟੀ. ਬੈਂਗਣ 'ਤੇ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਬੀਟੀ ਬੈਂਗਣ ਕੀੜਿਆਂ ਤੋਂ ਬਚਣ ਲਈ ਆਪਣੇ ਅੰਦਰ ਆਪ ਹੀ ਜ਼ਹਿਰ ਉੱਤਪੰਨ ਕਰੇਗਾ। ਇਸ ਕਾਰਜ ਲਈ ਬੈਂਗਣ ਵਿਚ ਮਿੱਟੀ 'ਚ ਪਾਏ ਜਾਣ ਵਾਲੇ ਇਕ ਬੈਕਟੀਰੀਆ ਬੇਸੀਲੈਸ ਥੂਰੈਂਜੇਸਿਸ ਯਾਨੀ ਬੀ.ਟੀ. ਵਿਚਲਾ ਜ਼ਹਿਰ ਪੈਦਾ ਕਰਨ ਵਾਲਾ ਕ੍ਰਾਈ-1 ਏ ਸੀ ਨਾਮ ਦਾ ਇੱਕ ਜੀਨ ਪਾਇਆ ਗਿਆ ਹੈ। ਜਹੜਾ ਕੀੜਿਆਂ ਨੂੰ ਮਾਰਨ ਲਈ ਬੈਂਗਣ ਵਿੱਚ ਲਗਾਤਾਰ ਜ਼ਹਿਰ ਉਤਪੰਨ ਕਰਦਾ ਰਹੇਗਾ। ਜਿਹਦੇ ਕਿ ਮਨੁੱਖੀ ਸਿਹਤ ਉੱਪਰ ਬੇਹੱਦ ਮਾੜੇ ਅਸਰ ਹੋ ਸਕਦੇ ਹਨ।
ਬੀਟੀ ਬੈਂਗਣ ਸਬੰਧੀ ਹੁਣ ਤੱਕ ਹੋਏ ਤਜਰਬਿਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਇਸ ਨੂੰ ਖਾਣ ਤੋਂ ਬਾਅਦ ਗਾਂ, ਬੱਕਰੀ, ਖਰਗੋਸ਼, ਮੁਰਗੀ ਦੇ ਚੂਚਿਆਂ, ਮੱਛੀਆਂ ਤੇ ਚੂਹਿਆਂ ਵਰਗੇ ਤਮਾਮ ਜਾਨਵਰਾਂ ਨੂੰ ਗੰਭੀਰ ਬੀਮਾਰੀਆਂ ਨੇ ਘੇਰ ਲਿਆ। ਇਨ੍ਹਾਂ ਵਿਚੋਂ ਜ਼ਿਆਦਤਰ ਦੇ ਅੰਦਰੂਨੀ ਅੰਗਾਂ ਵਿਚ ਵਿਗਾੜ ਆਏ ਤੇ ਉਹਨਾਂ ਦੀ ਰੋਗ ਪ੍ਰਤੀਰੋਧਕ ਤਾਕਤ ਵਿਚ ਵੀ ਕਮੀ ਆ ਗਈ। ਕੁੱਝ ਇੱਕ ਵੰਨਗੀਆਂ ਦੇਖੋ:
ਬੱਕਰੀਆਂ ਵਿੱਚ ਪ੍ਰੋਥਰਾਂਬਿਨ ਟਾਈਮ ਜਾਣੀ ਕਿ ਸੱਟ ਵੱਜਣ ਉਪਰੰਤ ਵਗਣ ਵਾਲੇ ਖੂਨ ਦੇ ਜੰਮਣ/ਰੁਕਣ ਦੇ ਸਮੇਂ ਅਤੇ ਐਲਕਲਾਈਨ ਫਾਸਫੇਟੇਜ਼ ਵਿੱਚ ਨਾਂਹਪੱਖੀ ਤਬਦੀਲੀਆਂ ਪਾਈਆਂ ਗਈਆਂ ਅਤੇ ਕੁਲਬਿਲੀਰੁਬਿਨ (ਜਿਗਰ ਉੱਤੇ ਬੀਟੀ ਬੈਂਗਣ ਦੇ ਪੈਣ ਵਾਲੇ ਮਾੜੇ ਅਸਰਾਂ ਦੀਆਂ ਨਿਸ਼ਾਨੀਆਂ) ਦੇ ਪ੍ਰਭਾਵ ਵੀ ਨੋਟ ਕੀਤੇ ਗਏ।
ਖਰਗੋਸ਼ਾਂ ਦੀ ਖ਼ੁਰਾਕ ਘਟ ਗਈ, ਉਹਨਾਂ ਦੇ ਪ੍ਰੋਥਰਾਂਬਿਨ ਟਾਈਮ ਚ ਵੀ ਨਾਂਹਪੱਖੀ ਤਬਦੀਲੀਆਂ ਨੋਟ ਕੀਤੀਆਂ ਗਈਆਂ ਅਤੇ ਉਹਨਾਂ ਵਿੱਚ ਵੀ ਕੁਲਬਿਲੀਰੁਬਿਨ (ਜਿਗਰ ਉੱਤੇ ਬੀਟੀ ਬੈਂਗਣ ਦੇ ਪੈਣ ਵਾਲੇ ਮਾੜੇ ਅਸਰਾਂ ਦੀਆਂ ਨਿਸ਼ਾਨੀਆਂ) ਦੇ ਪ੍ਰਭਾਵ ਨੋਟ ਕੀਤੇ ਗਏ।
ਜਾਨਵਰਾਂ ਵਿੱਚ ਸੋਡੀਅਮ, ਗੁਲੂਕੋਜ਼, ਪਲੇਟਲੈੱਟ ਕਾਂਊਂਟ ਅਤੇੇ ਲਹੂ ਦੀਆਂ ਲਾਲ ਕੋਸ਼ਿਕਾਵਾਂ ਤੇ ਵੀ ਬੀਟੀ ਬੈਂਗਣ ਦੀ ਖ਼ੁਰਾਕ ਦੇ ਮਾੜੇ ਪ੍ਰਭਾਪ ਦੇਖਣ ਨੂੰ ਮਿਲੇ।
ਗਊਆਂ ਦੇ ਦੁੱਧ ਦੀ ਬਣਤਰ ਅਤੇ ਪੈਦਾਵਾਰ ਵਿੱਚ ਅੰਤਰ ਆ ਗਿਆ ਅਤੇ ਉਹਨਾਂ ਦੀ ੂਖ਼ੁਰਾਕ ਵਧ ਗਈ। ਇਹ ਬਿਲਕੁਲ ਉਸ ਤਰ੍ਹਾਂ ਸੀ ਜਿਵੇਂ ਕਿ ਉਹਨਾਂ ਨੂੰ ਅੱਡ ਤੋਂ ਹਾਰਮੋਨ ਦਿੱਤੇ ਗਏ ਹੋਣ।
ਬੀਟੀ ਬੈਂਗਣ ਦੀ ਖ਼ੁਰਾਕ 'ਤੇ ਪਲਣ ਵਾਲੇ ਚੂਹੇ ਪੇਚਿਸ਼ ਦੇ ਸ਼ਿਕਾਰ ਹੋ ਗਏ। ਉਹ ਪਹਿਲਾਂ ਨਾਲੋਂ ਵੱਧ ਪਾਣੀ ਪੀਣ ਲੱਗ ਪਏ ਅਤੇ ਉਹਨਾਂ ਦੇ ਜਿਗਰ ਦਾ ਭਾਰ ਘਟ ਗਿਆ।
ਬੁਰਾਇਲਰ ਚੂਚਿਆਂ ਦੀ ਖ਼ੁਰਾਕ ਅਤੇ ਉਹਨਾਂ ਦੇ ਲਹੂ ਵਿਚਲੀ ਗੁਲੋਕੋਜ਼ ਉੱਪਰ ਵੀ ਨਕਾਰਾਤਮਕ ਪ੍ਰਭਾਵ ਦੇਖੇ ਗਏ।
ਮੱਛੀਆਂ ਪ੍ਰਤੀ ਯੂਨਿਟ ਭਾਰ ਦੇ ਵਾਧੇ ਲਈ ਪਹਿਲਾਂ ਨਾਲੋਂ ਵਧੇਰੇ ਖੁਰਾਕ ਖਾਣ ਲੱਗ ਪਈਆਂ।
ਇਸ ਸਭ ਦੇ ਬਾਵਜ਼ੂਦ ਮੋਨਸੈਂਟੋ ਭਾਰਤੀ ਬਾਜ਼ਾਰ ਵਿਚ ਬੀਟੀ ਬੈਂਗਣ ਉਤਾਰਨ ਲਈ ਪੱਬਾਂ ਭਾਰ ਹੋਈ ਫਿਰਦੀ ਹੈ। ਕਿਉਂਕਿ ਏਥੋਂ ਦੀ ਵੱਡੀ ਆਬਾਦੀ ਅਤੇ ਵਿਸ਼ਾਲ ਬਜ਼ਾਰ ਦੇ ਮੱਦੇਨਜ਼ਰ ਮੋਨਸੈਂਟੋ ਭਾਰਤ ਨੂੰ ਇਕ ਮਹੱਤਵਪੂਰਨ ਮੰਡੀ ਵਜੋਂ ਦੇਖਦੀ ਹੈ। ਇਸ ਮੰਡੀ ਨੂੰ 'ਸਰ' ਕਰਨ ਲਈ ਮੋਨਸੈਂਟੋ ਨੇ ਆਪਣੀ ਭਾਰਤੀ ਹਿੱਸੇਦਾਰ ਕੰਪਨੀ ਮਾਹੀਕੋ ਦੀ ਆੜ ਲਈ ਹੈ। ਸਿੱਟੇ ਵਜੋਂ ਮਾਹੀਕੋ ਵੀ ਉਹ, ਸਾਰੀਆਂ ਲੂੰਬੜ ਚਾਲਾਂ ਚੱਲ ਰਹੀ ਹੈ ਜਿਹੜੀਆਂ ਕਿ ਉਸ ਨੂੰ ਮੋਨਸੈਂਟੋ ਤੋਂ ਸੋਗਾਤ ਵਿਚ ਮਿਲੀਆਂ ਹਨ।
ਜਿਵੇਂ ਕਿ ਅਸੀਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ, ਮਾਹੀਕੋ ਨੇ ਆਪਣੇ ਬੀਟੀ ਬੈਂਗਣਾਂ ਦੇ ਮਨੁੱਖੀ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਜਾਣ-ਬੁੱਝ ਕੇ ਜਨਤਕ ਨਹੀਂ ਕੀਤਾ। ਜਾਨਵਰਾਂ 'ਤੇ ਹੋਏ ਤਜ਼ਰਬਿਆਂ ਦੇ ਨਤੀਜੇ ਜਦੋਂ ਉਲਟੇ ਆਏ ਤਾਂ ਕੰਪਨੀ ਨੇ ਉਹਨਾ ਦੇ ਅੰਕੜਿਆਂ ਨਾਲ ਛੇੜਛਾੜ ਕੀਤੀ। ਏਨਾ ਹੀ ਨਹੀਂ ਸੰਨ 2006 ਵਿਚ ਭਾਰਤ ਸਰਕਾਰ ਦੀ ਜੈਨੇਟਿਕ ਇੰਜ਼ਨੀਅਰਿੰਗ ਅਪਰੂਵਲ ਕਮੇਟੀ (ਜੀ.ਈ.ਏ.ਸੀ) ਅਤੇ ਡਿਪਾਰਟਮੈਂਟ ਆਫ ਬਾਇਓਟੈਕਨਾਲੋਜ਼ੀ (ਡੀ ਬੀ ਟੀ) ਨੇ ਵੀ ਉਹਨਾਂ ਰਿਪੋਰਟਾਂ ਨੂੰ ਨਜ਼ਰ ਅੰਦਾਜ਼ ਕੀਤਾ ਜਿੰਨ੍ਹਾਂ ਤੋਂ ਬੀ.ਟੀ ਬੈਂਗਣ ਦੇ ਮਾੜੇ ਅਸਰਾਂ ਦਾ ਪਤਾ ਲਗਦਾ ਸੀ। ਡਿਪਾਰਟਮੈਂਟ ਆਫ ਬਾਇਓਟੈਕਨਾਲੋਜ਼ੀ ਅਤੇ ਜੀ.ਈ.ਏ.ਸੀ ਨੇ ਬੀਟੀ ਬੈਂਗਣ ਵਿਕਸਤ ਕਰਨ ਵਾਲੀ ਕੰਪਨੀ ਦੇ ਪ੍ਰਤੀ ਵਿਸ਼ੇਸ਼ ਨਰਮ ਰੁਖ਼ ਦਿਖਾਉਂਦੇ ਹੋਏ ਇਨ੍ਹਾਂ ਰਿਪੋਰਟਾਂ ਨੂੰ ਦਬਾਈ ਰੱਖਿਆ। ਜਦੋਂ ਵਾਤਾਵਰਣ ਸੰਗਠਨਾਂ ਨੇ ਇਹ ਜਾਣਕਾਰੀ ਮੰਗੀ ਤਾਂ ਕਿਹਾ ਗਿਆ ਕਿ ਇਹ ਕੰਪਨੀ ਦੀ ਵਪਾਰਕ ਨਿੱਜਤਾ ਦੇ ਅਨੁਕੂਲ ਨਹੀਂ ਹੈ ਅਤੇ ਇਸਨੂੰ ਸਰਵਜਨਕ ਨਹੀਂ ਕੀਤਾ ਜਾ ਸਕਦਾ। ਮਜ਼ੇਦਾਰ ਗੱਲ ਇਹ ਹੈ ਕਿ ਕੰਪਨੀ ਦੇ ਆਰਥਿਕ ਹਿੱਤਾਂ ਦੀ ਫ਼ਿਕਰ ਕੰਪਨੀ ਨਾਲੋਂ ਜ਼ਿਆਦਾ ਬਾਇਓ ਟੈਕਨਾਲੋਜ਼ੀ ਵਿਭਾਗ (ਡੀ.ਬੀ.ਟੀ. ਅਤੇ ਜੀ.ਈ.ਏ.ਸੀ. ਨੂੰ ਸੀ। ਜਿੰਨ੍ਹਾਂ ਨੇ ਕਰੋੜਾਂ ਭਾਰਤੀਆਂ ਦੀ ਜਿੰਦਗੀ ਦੀ ਕੀਮਤ 'ਤੇ ਭਾਰਤ ਵਿੱਚ ਕੰਪਨੀ ਨੂੰ ਬੀਟੀ ਬੈਂਗਣ ਦੇ ਤਜ਼ਰਬੇ ਕਰਨ ਦੀ ਆਗਿਆ ਦਿੱਤੀ।
ਏਨਾਂ ਹੀ ਨਹੀਂ ਮਾਹੀਕੋ ਕੰਪਨੀ ਵੱਲੋਂ ਕੀਤੇ ਗਏ ਬਾਇਓਸੇਫਟੀ ਟੈਸਟ ਦੀ ਰਿਪੋਰਟ ਨੂੰ ਲੁਕੋਣ ਦੀਆਂ ਵੀ ਵੱਡੇ ਪੱਧਰ 'ਤੇ ਕੋਸ਼ਿਸ਼ਾਂ ਹੋਈਆਂ। ਮਾਮਲਾ ਭਾਰਤ ਦੇ ਕੇਂਦਰੀ ਸੂਚਨਾ ਕਮਿਸ਼ਨਰ ਡੀ. ਵਾਜ਼ਾਹਤੁੱਲਾ ਤੱਕ ਜਾ ਪੁੱਜਿਆ। ਕੇਂਦਰੀ ਸੂਚਨਾ ਕਮਿਸ਼ਨਰ ਨੇ ਹੁਕਮ ਦਿੱਤਾ ਕਿ ਮਹੀਕੋ ਦੇ ਬੀਟੀ ਬੈਂਗਣ ਸਬੰਧੀ ਬਾਇਓਸੇਫਟੀ ਟੈਸਟ ਦਾ ਵੇਰਵਾ ਜਨਤਕ ਕੀਤਾ ਜਾਵੇ। ਪਰ ਕੰਪਨਂੀ ਦੇ ਵਪਾਰਕ ਹਿੱਤਾਂ ਅਤੇ ਉਸਦੇ ਆਰਥਿਕ ਨੁਕਸਾਨ ਪ੍ਰਤੀ ਫ਼ਿਕਰਮੰਦ ਬਾਇਓਟੈਕਨਾਲੋਜ਼ੀ ਵਿਭਾਗ ਨੇ ਇਸ ਹੁਕਮ ਦਾ ਮਜ਼ਾਕ ਉਡਾਉਂਦਿਆਂ, ਅੱਧੀ-ਅਧੂਰੀ ਜਾਣਕਾਰੀ ਹੀ ਬਿਨੈਕਾਰ ਗ੍ਰੀਨਪੀਸ ਨੂੰ ਦਿੱਤੀ। ਇਹ ਗੱਲ ਅਪ੍ਰੈਲ 2007 ਦੀ ਹੈ। ਇਸ ਤੋਂ ਬਾਅਦ ਗ੍ਰੀਨ ਪੀਸ ਮੁੜ ਕੇਂਦਰੀ ਸੂਚਨਾ ਕਮਿਸ਼ਨਰ ਕੋਲ ਗਈ ਅਤੇ ਇਸ ਵਾਰ ਕੇਂਦਰੀ ਸੂਚਨਾ ਕਮਿਸ਼ਨਰ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਕਿ ਕੋਈ ਵੀ ਵਪਾਰਕ ਭੇਤ ਲੋਕਾਂ ਦੀ ਸਿਹਤ ਨਾਲੋਂ ਜ਼ਿਆਦਾ ਮਹੱਤਵਪੂਰਨ ਨਹੀਂ ਹੋ ਸਕਦਾ ਇਸ ਲਈ ਇਹ ਸਾਰੀ ਜਾਣਕਾਰੀ ਜਨਤਕ ਕੀਤੀ ਜਾਵੇ। ਇਸ ਹੁਕਮ ਦੇ ਵਿਰੁੱਧ ਮਾਹੀਕੋ ਕੰਪਨੀ ਦਿੱੱਲੀ ਹਾਈਕੋਰਟ ਚਲੀ ਗਈ ਤਾਂ ਕਿ ਕੋਈ ਵੀ ਹਰਬਾ ਵਰਤ ਕੇ ਬਿੱਲੀ ਨੂੰ ਥੈਲੇ ਦੇ ਅੰਦਰ ਹੀ ਰੱਖਣ ਦਾ ਮਨਸੂਬਾ ਸਫਲ ਹੋ ਜਾਵੇ।
ਸਬੰਧਤ ਕੇਸ ਅਜੇ ਦਿੱਲੀ ਹਾਈਕੋਰਟ ਵਿਚ ਚੱਲ ਹੀ ਰਿਹਾ ਸੀ ਕਿ ਇਕ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਮਾਣਯੋਗ ਸੁਪਰੀਮ ਕਰੋਟ ਨੇ ਅਗਸਤ 2008 ਵਿੱਚ ਇਹ ਫੈਸਲਾ ਸੁਣਾ ਦਿੱਤਾ ਕਿ ਸੂਚਨਾ ਦੇ ਅਧਿਕਾਰ ਦਾ 'ਹਰਣ' ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਕਰੀਬ ਡੇਢ ਸਾਲ ਦੀ ਲੜਾਈ ਤੋਂ ਬਾਅਦ ਬੀਟੀ ਬੈਂਗਣ ਸਬੰਧੀ ਮਾਹੀਕੋ ਦੇ ਬਾਇਓ ਸੇਫਟੀ ਟੈਸਟ ਦਾ ਡਾਟਾ ਜਨਕਤ ਹੋ ਸਕਿਆ।
ਪਰ ਚੁਟਕਲਾ ਤਾਂ ਇਹ ਕਿ ਇਸ ਲੰਮੀ ਕਾਨੂੰਨੀ ਲੜਾਈ ਦੇ ਦੌਰਾਨ ਵੀ ਕੰਪਨੀ ਨੇ ਬੀਟੀ ਬੈਂਗਣ ਦੇ ਮਨੁੱਖੀ ਸਿਹਤ ਉੱਤੇ ਦੁਰਪ੍ਰਭਾਵ ਪੈਣ ਦੇ ਸੰਭਾਵੀ ਖ਼ਦਸ਼ਿਆਂ ਦੇ ਮੱਦੇ ਨਜ਼ਰ ਵੀ ਉਸ ਨੂੰ ਮੰਡੀ ਵਿਚ ਲਿਆਉਣ ਦੀ ਕਵਾਇਦ ਬੰਦ ਨਹੀਂ ਕੀਤੀ। ਸਿੱਟੇ ਵਜੋਂ ਅੱਜ ਮਹੀਕੋ ਕੰਪਨੀ ਬੀਟੀ ਬੈਂਗਣ ਮੰਡੀ ਵਿਚ ਉਤਾਰਨ ਦੇ ਕਾਫੀ ਨੇੜੇ ਆਣ ਪੁੱਜੀ ਹੈ।
ਬੀਟੀ ਬੈਂਗਣ ਸਬੰਧੀ ਮਾਹੀਕੋ ਦੇ ਆਪਣੇ ਬਾਇਓਸੇਫਟੀ ਟੈਸਟ ਦਾ ਡਾਟਾ ਕਿਸੇ ਦੇ ਵੀ ਰੌਂਗਟੇ ਖੜੇ ਕਰ ਸਕਦਾ ਹੈ। ਸਬੰਧਤ ਡਾਟਾ (ਡਾਟੇ) ਦਾ ਵਿਸ਼ਲੇਸ਼ਣ ਜਦੋਂ ਪ੍ਰਸਿੱਧ ਫ੍ਰਾਂਸੀਸੀ ਵਿਗਿਆਨਕ ਅਤੇ ਕਮੇਟੀ ਫਾਰ ਇੰਡੀਪੈਂਡੈਂਟ ਰੀਸਰਚ ਐਂਡ ਇਨਫਾਰਮੇਸ਼ਨ ਆਨ ਜੈਨੇਟਿਕ ਇੰਜਨਿਰਿੰਗ ਦੇ ਪ੍ਰਮੁੱਖ ਪੋ੍ਰ: ਗੈਲਿਸ ਏਰਿਕ ਸਰਲਿਨੀ ਨੇ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਬੀਟੀ ਬੈਂਗਣ ਮਨੁੱਖਾਂ ਦੇ ਖਾਣਯੋਗ ਨਹੀਂ. ਬੀ.ਟੀ. ਬੈਂਗਣ ਖਾਣ ਕਰਕੇ ਪ੍ਰਯੋਗਸ਼ਾਲਾ ਦੇ ਜਾਨਵਰਾਂ ਵਿਚ ਲਹੂ ਕੋਸ਼ਿਕਾਵਾਂ 'ਤੇ ਮਾੜਾ ਅਸਰ ਹੋਇਆ, ਮੇਹਦੇ ਅਤੇ ਪਾਚਨ ਤੰਤਰ ਵਿਚ ਵੀ ਗੜ੍ਹਬੜ ਹੋਈ ਅਤੇ ਉਹਨਾਂ ਦੀ ਰੋਗਾਂ ਨਾਲ ਲੜ੍ਹਨ ਦੀ ਤਾਕਤ ਨੂੰ ਵੀ ਨੁਕਸਾਨ ਪੁੱਜਣ ਦੇ ਲੱਛਣ ਵਿਖਾਈ ਦਿੱਤੇ।
ਇਸ ਪੂਰੇ ਮਾਮਲੇ ਦਾ ਧਾਰਮਿਕ ਪੱਖ ਵੀ ਹੈ ਜਿਹੜਾ ਕਿ ਬੀਟੀ ਬੈਂਗਣ ਦੀ ਆਮਦ ਸਦਕਾ ਮੌਤ ਦੀ ਹੱਦ ਤੱਕ ਪ੍ਰਭਾਵਿਤ ਹੋਵੇਗਾ। ਕਿਉਂਕਿ ਬੀਟੀ ਬੈਂਗਣ ਇਕ ਅਜਿਹੀ ਸਬਜ਼ੀ ਹੋਵੇਗਾ ਜਿਸ ਵਿਚ ਕਿਸੇ ਹੋਰ ਜੀਵ ਦਾ ਜੀਨ ਵੀ ਹੋਵੇਗਾ। ਇਹ ਸਾਡੇ ਸਾਮਜ ਦੀ ਸ਼ੁੱਧ ਸ਼ਾਕਾਹਾਹੀ ਅਤੇ ਵੈਸ਼ਨੂੰ ਭੋਜਨ ਦੀਆਂ ਸਾਰੀਆਂ ਮਾਨਤਾਵਾਂ ਤੇ ਆਸਥਾਵਾਂ ਨੂੰ ਖੇਰੂੰ ਖੇਰੂੰ ਕਰ ਦੇਵੇਗਾ। ਇਕ ਭੋਜਨ ਪਦਾਰਥ ਦੇ ਕਾਰਨ ਸਮੁੱਚੀ ਭੋਜਨ ਲੜੀ ਵਿਚ ਸ਼ਾਕਾਹਾਰੀ-ਮਾਸਾਹਾਰੀ ਦਾ ਭੇਦ ਖਤਮ ਹੋ ਜਾਵੇਗਾ। ਇਹ ਧਾਰਮਿਕ ਪੱਖੋਂ ਨਾ ਮੰਨਿਆਂ ਜਾ ਸਕਣ ਵਾਲਾ ਅਤੇ ਸਿਰੇ ਦਾ ਅਨੈਤਿਕ ਵਰਤਾਰਾ ਹੈ।
ਵਿਗਿਆਨ ਦਾ ਇਹ ਰੂਪ ਰਾਖ਼ਸ਼ਸ਼ੀ ਬਿਰਤੀ ਵਾਲਾ ਅਤੇ ਹਿੰਸਕ ਹੈ। ਇਹ ਭਾਰਤ ਵਰਗੇ ਦੇਸ਼ ਜਿਹੜਾ ਕਿ ਕੁਦਰਤੀ ਵਸੀਲਿਆਂ ਦੇ ਮਾਮਲੇ ਵਿਚ ਬਹੁਤ ਅਮੀਰ ਹੈ, ਉੱਤੇ ਇਕ ਨਵੇਂ ਢੰਗ ਦੇ ਉਪਨਿਵੇਸ਼ਵਾਦ ਨੂੰ ਲੱਦਣ ਦੀ ਤਿਆਰੀ ਹੈ। ਭਾਰਤ ਜੈਵ ਭਿੰਨਤਾ ਦਾ ਮਹੱਤਵਪੂਰਨ ਕੇਂਦਰ ਹੈ ਅਤੇ ਬੈਂਗਣ ਦਾ ਜਨਮ ਸਥਾਨ ਵੀ। ਭਾਰਤ ਤੋਂ ਹੀ ਬੈਂਗਣ ਪੂਰੀ ਦੁਨੀਆਂ ਵਿਚ ਫੈਲਿਆ ਹੈ। ਸਾਡੇ ਦੇਸ਼ ਵਿਚ ਬੈਂਗਣ ਦੀਆਂ ਕੋਈ 300 ਕਿਸਮਾਂ ਮੋਟੇ 'ਤੌਰ 'ਤੇ ਮਿਲਦੀਆਂ ਹਨ। ਪਰ ਬੀਟੀ ਬੈਂਗਣ ਦੇ ਆਉਣ ਨਾਲ ਸਾਡੀ ਜੈਵ-ਭਿੰਨਤਾ ਨੂੰ ਇਕ ਗੰਭੀਰ ਖਤਰਾ ਪੈਦਾ ਹੋ ਜਾਵੇਗਾ। ਦੁਨੀਆਂ ਭਰ ਦੀਆਂ ਮਿਸਾਲਾਂ ਦਸਦੀਆਂ ਹਨ ਕਿ ਜੀ.ਐੱਮ ਜਾਂ ਬੀਟੀ ਫਸਲਾਂ ਨੇ ਆਪਣੇ ਆਲੇ ਦੁਆਲੇ ਦੀਆਂ ਰਵਾਇਤੀ ਫਸਲਾਂ ਨੂੰ ਵੱਡੇ ਪੱਧਰ 'ਤੇ ਜੈਵਿਕ ਤੌਰ 'ਤੇ ਪ੍ਰਦੂਸ਼ਤ ਕੀਤਾ ਹੈ। ਜੀ. ਐਮ. ਭੋਜਨ ਪਦਾਰਥਾਂ ਉੱਤੇ ਦੁਨੀਆਂ ਭਰ ਵਿਚ ਕੀਤੇ ਪ੍ਰਯੋਗ ਦਸਦੇ ਹਨ ਕਿ ਇਹ ਸਿਹਤ ਲਈ ਗੰਭੀਰ ਖ਼ਤਰਿਆਂ ਦਾ ਜਨਕ ਹੈ। ਜੀ ਐੈੱਮ ਭੋਜਨ ਪਦਾਰਥਾਂ ਦੇ ਜਾਨਵਰਾਂ ਅਤੇ ਮਨੁੱਖਾਂ ਉੱਪਰ ਹੁਣ ਤੱਕ ਕੀਤੇ ਗਏ ਤਜ਼ਰਬਿਆਂ ਦੇ ਉਹਨਾਂ ਉੱਤੇ ਹੋਏ ਖ਼ਤਰਨਾਕ ਅਸਰ ਦਸਦੇ ਹਨ ਕਿ ਜੀ.ਐੱਮ. ਭੋਜਨ ਗ਼ੈਰ-ਕੁਦਰਤੀ, ਜ਼ਹਿਰੀਲੇ ਅਤੇ ਸਿਹਤ ਨੂੰ ਤਬਾਹ ਕਰਨ ਵਾਲੇ ਹਨ। ਏਨਾਂ ਹੀ ਨਹੀਂ ਜੀ. ਐੱਮ. ਭੋਜਨ ਦੇ ਮਾੜੇ ਅਸਰ ਅਗਲੀਆਂ ਪੀੜ੍ਹੀਆਂ ਤੱਕ ਵੀ ਜਾਂਦੇ ਹਨ। ਜੀ.ਐੱਮ ਆਲੂ ਅਤੇ ਸੋਇਆਬੀਨ ਖਾਣ ਵਾਲੇ ਚੂਹਿਆਂ ਦੀ ਅਗਲੀ ਪੀੜ੍ਹੀ ਤੱਕ ਨੂੰ ਗੰਭੀਰ ਬਿਮਾਰੀਆਂ ਨੇ ਜਕੜ ਲਿਆ ਸੀ। ਇਸ ਲਈ ਜ਼ਿਕਰਯੋਗ ਹੈ ਕਿ ਦੁਨੀਆਂ ਭਰ ਵਿੱਚ ਜਿੱਥੇ-ਜਿੱਥੇ ਵਿੱਗਿਆਨੀਆਂ ਨੇ ਜੀ ਐੱਮ/ ਬੀਟੀ ਤਕਨੀਕ ਦੇ ਮਾੜੇ ਪ੍ਰਭਾਵਾਂ ਦੀ ਘੋਖ ਕੀਤੀ, ਓਥੇ-ਓਥੇ ਹੀ ਕੰਪਨੀਆਂ ਨੂੰ ਭਾਜੜਾਂ ਪਈਆਂ ਅਤੇ ਸੱਚ ਨੂੰ ਛੁਪਾਉਣ ਦੇ ਭਰਪੂਰ ਯਤਨ ਹੋਏ।
ਜਦੋਂ ਰੂਸ ਦੀ, ਰਸ਼ੀਅਨ ਅਕੈਡਮੀ ਆਫ ਮੈਡੀਕਲ ਸਾਇੰਸ ਦੀ ਵਿਗਿਆਨਕ ਡਾ. ਇਰੀਨਾ ਇਰਮਾਕੋਵਾ, ਨੇ ਮੋਨਸੈਂਟੋ ਦੇ ਇਕ ਉਤਪਾਦ ਜੀ. ਐੱਮ. ਸੋਇਆਬੀਨ ਜਿਸਨੂੰ ਰਾਉਂਡ ਅੱਪ ਰੈਡੀ ਸੋਇਆਬੀਨ ਕਿਹਾ ਜਾਂਦਾ ਹੈ, ਨੂੰ ਜਦੋਂ ਪ੍ਰਯੋਗਸ਼ਾਲਾ ਵਿਚ ਚੂਹਿਆਂ ਨੂੰ ਖਵਾਉਣ ਉਪਰੰਤ ਉਹਨਾਂ 'ਤੇ ਉਸ ਦੇ ਮਾੜੇ ਅਸਰ ਲੱਭੇ,ਜਿੰਨ੍ਹਾਂ ਵਿਚ ਚੂਹਿਆਂ ਦੀ ਸਮੇਂ ਤੋਂ ਪਹਿਲਾਂ ਮੌਤ, ਭਾਰ ਘਟ ਜਾਣਾ ਅਤੇ ਉਹਨਾਂ ਨੂੰ ਕੈਂਸਰ ਦੀ ਗਿਲਟੀਆਂ ਹੋ ਜਾਣਾ ਸ਼ਾਮਲ ਸੀ। ਅਧਿਐਨ ਦੇ ਨਤੀਜੇ ਜਨਤਕ ਕੀਤੇ ਜਾਣ ਤੋਂ ਬਾਅਦ ਮੋਨਸੈਂਟੋ ਨੇ ਡਾ. ਇਰੀਨਾ ਇਰਮਾਕੋਵਾ ਨੂੰ ਝੂਠਾ ਸਾਬਿਤ ਕਰਨ ਲਈ ਆਪਣਾ ਪੂਰਾ ਟਿੱਲ ਲਾ ਦਿੱਤਾ। ਪਰ ਰੂਸ ਵਿਚ ਮੋਨਸੈਂਟੋ ਦਾ ਕੋਈ ਪ੍ਰਭਾਵ ਨਾ ਹੋਣ ਕਰਕੇ ਕੰਪਨੀ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਾ ਹੋ ਸਕੀ। ਪਰ ਦੂਜੇ ਪਾਸੇ ਇੰਗਲੈਂਡ ਦੇ ਵਿਸ਼ਵ ਵਿਖਿਆਤ ਅਤੇ ਸਨਮਾਨਤ ਵਿੱਗਿਆਨਕ ਡਾ. ਅਰਪਦ ਪੁਜਤਈ, ਜਿਹੜੇ ਕਿ ਇੱਕ ਸਮੇਂ ਖੁਦ ਜੀ ਐਮ ਤਕਨੀਕ ਦੇ ਪੱਕੇ ਹਾਮੀ ਸਨ ਨੂੰ ਜਦੋਂ ਚੂਹਿਆਂ ਉੱਤੇ ਜੀ ਐਮ ਆਲੂਆਂ ਦੇ ਮਾੜੇ ਅਸਰ ਨਜ਼ਰ ਆਏ ਤਾਂ ਉਹਨਾਂ ਨੇ ਇਹ ਸੱਚ ਦੁਨੀਆਂ ਸਾਹਮਣੇ ਲਿਆਉਣਾ ਆਪਣਾ ਫਰਜ਼ ਸਮਝਿਆ। ਬੀ. ਬੀ. ਸੀ. 'ਤੇ ਡਾ. ਪੁਜ਼ਤਈ ਦੀ ਇੰਟਰਵਿਊ ਨਸ਼ਰ ਹੋਣ ਦੇ 24 ਘੰਟਿਆਂ ਦੇ ਅੰਦਰ ਹੀ ਉਹਨਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਏੇਸੇ ਤਰ੍ਹਾਂ ਕਨੇਡਾ ਦੇ ਮਸ਼ਹੂਰ ਵਿੱਗਿਆਨੀ ਡਾ. ਸ਼ਿਵ ਚੋਪੜਾ ਨੇ ਜਦੋਂ ਗਾਂਵਾਂ ਨੂੰ ਲਗਾਉਣ ਵਾਲੇ ਹਾਰਮੋਨਲ ਟੀਕੇ ਆਰ. ਬੀ. ਜੀ. ਐੱਚ. ਉੱਤੇ ਸਵਾਲ ਖੜੇ ਕੀਤੇ ਤਾਂ ਉਹਨਾਂ ਨੂੰ ਵੀ ਇਸਦੀ ਕੀਮਤ ਨੌਕਰੀ ਗਵਾ ਕੇ ਚੁਕਾਉਣੀ ਪਈ। ਇਹਨਾਂ ਦੋਹੇਂ ਵਿੱਗਿਆਨੀਆਂ ਵੱਲੋਂ ਜੀ ਐਮ ਪਦਾਰਥਾ 'ਤੇ ਸਵਾਲ ਖੜੇ ਕਰਨ ਦੇ ਸਿੱਟੇ ਵਜੋਂ ਉਹਨਾਂ ਨਾਲ ਜੋ ਕੁੱਝ ਵਾਪਰਿਆ ਉਸ ਵਿੱਚ ਬਹੁਤ ਸਾਰੀਆਾਂ ਸਮਾਨਤਾਵਾਂ ਹਨ।
ਦੋਹਾਂ ਨੂੰ ਨੌਕਰੀ ਤੋਂ ਕਢਵਾਉਣ ਲਈ ਅਮਰੀਕਾ ਦਾ ਰਾਸ਼ਟਰਪਤੀ ਭਵਨ ਤੱਕ ਵੀ ਸਰਗਰਮ ਹੋਇਆ। ਕਿਉਂਕਿ ਮੋਨਸੈਂਟੋ ਦੇ ਆਰਥਿਕ ਹਿੱਤ ਅਮਰੀਕਾ ਦੇ ਸਾਮਰਿਕ ਹਿੱਤ ਹਨ।
ਇਹ ਕਿ ਦੋਹੇਂ ਹੀ ਆਪਣੇ-ਆਪਣੇ ਦੇਸ ਦੇ ਚੋਟੀ ਦੇ ਵਿੱਗਿਆਨੀ ਸਨ।
ਦੋਹਾਂ ਨੂੰ ਸੱਚ ਨਾਲ ਖੜਨ ਕਰਕੇ ਆਪਣੀ-ਆਪਣੀ ਨੌਕਰੀ ਤੋਂ ਹੱਥ ਧੋਣੇ ਪਏ।
ਦੋਹਾਂ ਉੱਤੇ ਹੀ ਸਬੰਧਤ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਗੈਗ ਆਰਡਰ ਲਾਗੂ ਕੀਤਾ ਗਿਆ ਜਾਣੀ ਕਿ ਕਿਸੇ ਨਾਲ ਵੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨ ਦੀ ਕਾਨੂੰਨੀ ਮਨਾਹੀ।
ਦੋਹਾਂ ਨੂੰ ਹੀ ਬਦਨਾਮ ਕਰਨ ਦੇ ਸਿਰਤੋੜ ਯਤਨ ਕੀਤੇ ਗਏ ਕਿਉਂਕਿ ਦੋਹਾਂ ਨੇ ਇੱਕੋ ਹੀ ਕੰਪਨੀ ਮੋਨਸੈਂਟੋ ਦੇ ਜੀਐਮ ਉਤਪਾਦਾਂ ਦੀ ਜਾਂਚ ਕਰਨ ਉਪਰੰਤ ਉਹਨਾਂ ਦੇ ਮਨੁੱਖੀ ਸਿਹਤ ਉੱਪਰ ਪੈਣ ਵਾਲੇ ਮਾੜੇ ਅਸਰਾਂ ਬਾਰੇ ਕੰਪਨੀ ਦੇ ਖ਼ਿਲਾਫ਼ ਬੇਬਾਕ ਰਵੱਈਆ ਅਖ਼ਤਿਆਰ ਕੀਤਾ।
ਮੋਨਸੈਂਟੋ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ(ਐਫ ਡੀ ਏ) ਵਿੱਚ ਸਮੇਂ-ਸਮੇਂ ਆਪਣੇ ਲੋਕਾਂ ਨੂੰ ਨਾਮਜ਼ਦ ਕਰਵਾਉਂਦੀ ਰਹਿੰਦੀ ਹੈ। ਮੋਨਸੈਂਟੋ ਦੁਨੀਆਂ ਭਰ ਵਿੱਚ ਆਪਣੇੇ ਉੁਤਪਾਦਾਂ ਨੂੰ ਵੇਚਣ ਲਈ ਕਿਸੇ ਵੀ ਦੇਸ ਦੀ ਸਰਕਾਰ ਅਤੇ ਓਥੋਂ ਦੇ ਪ੍ਰਸ਼ਾਸ਼ਨਿਕ ਤੰਤਰ ਵਿੱਚ ਸੰਨ ਲਾਉਣ ਦੀ ਵੁੱਕਤ ਰੱਖਦੀ ਹੈ। ਭਾਰਤ ਵਿੱਚ ਤਾਂ ਇਹ ਹੋਰ ਵੀ ਅਸਾਨ ਹੈ। ਕਿਉਂਕਿ ਭਾਰਤ ਦੀਆਂ ਖੇਤੀਬਾੜੀ ਯੁਨੀਵਰਸਿਟੀਆਂ ਨੂੰ ਵੱਖ-ਵੱਖ ਖੋਜ਼ ਕਾਰਜਾਂ ਲਈ ਗਰਾਂਟਾ ਵੀ ਜਿਆਦਾਤਰ ਮੋਨਸੈਂਟੋ ਦੁਆਰਾ ਹੀ ਦਿੱਤੀਆਂ ਜਾਂਦੀਆਂ ਹਨ ਤੇ ਉਹ ਵੀ ਖਾਸ ਤੌਰ 'ਤੇ ਬੀਜਾਂ ਸਬੰਧੀ।
ਅੱਜ ਮੋਨਸੈਂਟੋ ਵਰਗੀਆਂ ਕੰਪਨੀਆਂ ਨੇ ਆਪਣੇ ਉਤਪਾਦ ਨੂੰ ਸੁਰੱਖਿਅਤ ਦਰਸਾਉਣ ਲਈ ਆਪਣੇ ਪੱਖ ਵਿਚ ਵਿਗਿਆਨਕਾਂ ਦੀ ਇਕ ਜਮਾਤ ਖੜ੍ਹੀ ਕਰੀ ਬੈਠੀਆਂ ਹਨ। ਜਿਹਦਾ ਕਿ ਇਹਨਾਂ ਕੰਪਨੀਆਂ ਦੇ ਆਰਥਿਕ ਸਾਮਰਾਜਵਾਦ ਦੇ ਮਨਸੂਬਿਆਂ ਨੂੰ ਖੁਲ੍ਹਮ-ਖੁੱਲ੍ਹਾ ਸਮਰਥਨ ਤਾਂ ਪ੍ਰਾਪਤ ਹੈ ਹੀ ਨਾਲ ਹੀ ਇਹ ਮੋਨਸੈਂਟੋ ਮਾਰਕਾ ਵਿਗਿਆਨਕ, ਡਾ. ਅਰਪਦ ਪੁਜ਼ਤਈ, ਡਾ: ਸ਼ਿਵ ਚੋਪੜਾ ਤੇ ਡਾ. ਇਰੀਨਾ ਵਰਗੇ ਵਿਗਿਆਨੀਆ ਤੋਂ ਲੈ ਕੇ ਕੁਦਰਤੀ ਖੇਤੀ ਪੱਖੀ ਕੰਮ ਕਰਨ ਵਾਲੇ ਕਾਰਕੁੰਨਾਂ ਤੱਕ ਨੂੰ ਝੂਠੇ ਤੇ ਅਵਿੱਗਿਆਨਕ ਸਾਬਿਤ ਕਰਨ ਲਈ ਬਕਾਇਦਾ ਸਰਗਰਮ ਰਹਿੰਦੇ ਨੇ। ਇਹ ਵਿਗਿਆਨੀ ਦੁਨੀਆਂ ਭਰ ਦੇ ਖੇਤੀ ਖੋਜ ਕੇਂਦਰਾਂ, ਖੇਤੀ ਅਦਾਰਿਆਂ, ਖੇਤੀ ਸੰਸਥਾਵਾਂ ਤੇ ਵਾਤਾਵਰਣੀ ਸੰਸਥਾਨਾਂ ਵਿੱਚ ਘੁਸਪੈਠ ਕਰ ਚੁਕੇ ਹਨ। ਦੁਨੀਆਂ ਦੀਆਂ ਦਸ ਵੱਡੀਆਂ ਬੀਜ ਕੰਪਨੀਆਂ ਜਿੰਨ੍ਹਾਂ ਦੀ ਸਾਲਾਨਾ ਆਦਮਨ 13,014 ਮਿਲੀਅਨ ਡਾਲਰ(ਪੰਜ ਖਰਬ ਇੱਕੀ ਅਰਬ ਰੁਪਏ ਦੇ ਲਗਪਗ) ਹੋਵੇ ਉਨ੍ਹਾਂ ਲਈ ਅਜਿਹੇ ਪਾਲਤੂ ਵਿਗਿਆਨੀਆਂ ਨੂੰ ਥਾਂ -ਥਾਂ 'ਤੇ ਨਿਯੁਕਤ ਕਰਵਾਉਣਾ ਕੋਈ ਵੱਡੀ ਗੱਲ ਨਹੀਂ। ਇਹ ਸਭ ਹਿੰਦੁਸਤਾਨ ਵਿਚ ਵੀ ਵਾਪਰ ਰਿਹਾ ਹੈ। ਬੀਟੀ ਬੈਂਗਨ ਨੂੰ ਲੋਕਾਂ ਉਤੇ ਜਬਰੀ ਥੋਪਣ ਦਾ ਕੰਮ ਏਸੇ ਲਾਬੀ ਦੁਆਰਾ ਕੀਤਾ ਜਾ ਰਿਹਾ ਹੈ। ਇਹ ਲਾਬੀ ਇਸੇ ਕਰਕੇ ਜੀ.ਐਮ. ਫਸਲਾਂ ਦਾ ਗੁਣਗਾਣ ਕਰ ਰਹੀ ਹੈ ਅਤੇ ਭੋਜਨ ਤੇ ਖੇਤੀ ਸਬੰਧੀ ਹਰ ਸਮੱਸਿਆ ਦਾ ਹਲ ਜੀ. ਐਮ ਬੀਜਾਂ ਵਿਚ ਹੀ ਦਸਦੀ ਹੈ।
ਬਹੁਕੌਮੀ ਕੰਪਨੀਆਂ ਦੇ ਇਹਨਾਂ ਕੋਝੇ ਮਨਸੂਬਿਆਂ ਦਾ ਮੂੰਹ ਤੋੜ ਜਵਾਬ ਦੇਣ ਲÂਂੀ ਜਿੱਥੇ ਲੋਕ ਚੇਤਨਾਂ, ਲੋਕਾਂ ਅਤੇ ਕੁਦਰਤ ਪੱਖੀ ਵਿਕਾਸ ਦੇ ਮਾਡਲ ਤੇ ਆਰਥਿਕ ਚਿੰਤਨ 'ਤੇ ਵਿਚਾਰ ਕਰਨ ਦੀ ਲੋੜ ਹੈ ਓਥੇ ਹੀ ਜ਼ਮੀਨੀ ਪੱਧਰ 'ਤੇ ਉਸ ਨੂੰ ਹਕੀਕੀ ਰੂਪ ਵਿੱਚ ਲਾਗੂ ਕੀਤਾ ਜਾਣਾ ਵੀ ਓਨਾਂ ਹੀ ਜ਼ਰੂਰੀ ਹੈ।
ਮੋਬਾਈਲ : 98726 82161

No comments:

Post a Comment