Thursday, September 10, 2009

ਸੰਪਾਦਕੀ

ਜਿੰਦਗੀ ਦੇ ਬੀਜ: ਘੁੱਪ ਹਨੇਰੇ 'ਚ ਆਸ ਦੀ ਕਿਰਨ
ਕੁਦਰਤ ਦੇ ਨਾਲ ਇੱਕਮਿੱਕ ਹੋ ਕੇ ਕੁਦਰਤੀ ਸੋਮਿਆਂ ਦੀ ਪੁਨਰ-ਸੁਰਜੀਤੀ ਦਾ ਕੰਮ, ਕਠਿਨ ਤਪ ਹੀ ਤਾਂ ਹੈ। ਜੇ ਕੁਦਰਤ ਨੂੰ ਅਸੀਂ ਮਾਂ ਆਖਦੇ ਹਾਂ ਤਾਂ ਉਸਦੀਆਂ ਨੇਮਤਾਂ ਦਾ ਸਤਿਕਾਰ ਤੇ ਉਹਨਾਂ ਦੀ ਸੰਭਾਲ ਕਰਨਾ ਸਾਡਾ ਪਹਿਲਾ ਫਰਜ਼ ਹੈ ਤੇ ਉਹਨਾਂ ਦੀ ਪੁਨਰ ਸੁਰਜੀਤੀ ਦਾ ਮੁੱਖ ਆਧਾਰ ਵੀ। ਕੁਦਰਤ ਨੂੰ ਨੌ ਨਿਧੀਆਂ ਤੇ ਅਪਾਰ ਰਤਨਾਂ ਨਾਲ ਅਮੀਰ ਬਣਾਉਣਾ ਓਨਾਂ ਹੀ ਜ਼ਰੂਰੀ ਹੈ ਜਿੰਨਾਂ ਕਿਸੇ ਘਰ ਦੀ ਖੁਸ਼ਹਾਲੀ 'ਚ ਇਜ਼ਾਫਾ ਕਰਨ ਲਈ ਘਰ ਵਿੱਚ ਮਾਂ ਦਾ ਖੁਸ਼ਹਾਲ ਹੋਣਾਂ।
ਇਹ ਕੁਦਰਤ ਦਾ ਕੰਮ ਹੈ। ਇਸ ਵਾਸਤੇ ਸਹਿਜ ਅਤੇ ਸਬਰ ਬਹੁਤ ਜ਼ਰੂਰੀ ਹੈ। ਸਾਡਾ ਲਾਇਆ ਬੂਟਾ ਇੱਕ ਹੀ ਦਿਨ ਵਿੱਚ ਰੁੱਖ ਨਹੀਂ ਬਣ ਜਾਂਦਾ ਤੇ ਰੁੱਖ ਇੱਕ ਹੀ ਦਿਨ ਪੱਕੇ ਹੋਏ ਫਲ ਨਹੀਂ ਦੇ ਦਿੰਦਾ। ਸਮੇਂ ਦਾ ਪਾਲਣ ਕੁਦਰਤ ਦਾ ਅਟੁੱਟ ਨਿਯਮ ਹੈ। ਕੁਦਰਤੀ ਸੋਮਿਆਂ ਦੀ ਪੁਨਰ-ਸੁਰਜੀਤੀ ਦਾ ਨੇਕ ਕਾਰਜ ਵੀ ਅਜਿਹੇ ਹੀ ਸਬਰ ਸੰਤੋਖ ਦੀ ਮੰਗ ਕਰਦਾ ਹੈ। ਏਸੇ ਕਾਰਨ ਹੀ ਇਹ ਇੱਕ ਕਠਿਨ ਤਪ ਦੇ ਤੁੱਲ ਹੈ। ਪਰ ਕੀ ਇਹ ਤਪ ਹਰ ਕੋਈ ਕਰ ਸਕਦਾ ਹੈੈ, ਤੇ ਉਹ ਵੀ ਸਹਿਜ ਰਹਿੰਦਿਆਂ? ਇਸ ਸਵਾਲ ਦਾ ਜਵਾਬ ਲੱਭਣਾ ਪਵੇਗਾ।
ਕੁਦਰਤ ਸੁਭਾਵਿਕ ਪੱਖ ਤੋਂ ਹੀ ਇਸਤ੍ਰੀ ਮਨ ਦੀ ਸਹਿਜ ਪ੍ਰਤੀਕ ਹੈ। ਉਹ ਮਾਂ ਵਾਂਗੂ ਸਮੂਹ ਜੀਵਾਂ ਦਾ ਪਾਲਣ-ਪੋਸ਼ਣ ਕਰਦੀ ਹੈ। ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ। ਕੁਦਰਤ ਦੀ ਪੀੜਾ ਤੇ ਉਸ ਪੀੜਾ ਦੇ ਦਰਦ ਨੂੰ ਇੱਕ ਇਸਤ੍ਰੀ ਮਨ ਹੀ ਸਮਝ ਸਕਦਾ ਹੈ ਅਤੇ ਉਸਨੂੰ ਇਸ ਪੀੜਾ ਤੋਂ ਨਿਜ਼ਾਤ ਦਿਵਾਉਣ ਲਈ ਸਾਰਥਕ ਯਤਨ ਕਰਨ ਨੂੰ ਵੀ ਆਪਣਾ ਮੁਢਲਾ ਕਰਤਵ ਬਣਾ ਸਕਦਾ ਹੈ।
ਦੁਨੀਆ ਭਰ ਵਿੱਚ ਜਿੱਥੇ ਵੀ ਕੁਦਰਤੀ ਸੋਮਿਆਂ ਦੀ ਪੁਨਰ-ਸੁਰਜੀਤੀ ਦੇ ਜਿੰਨੇ ਵੀ ਯਤਨ ਹੋਏ ਹਨ, ਉਹਨਾ ਦੀ ਸਫਲਤਾ ਦੇ ਮੁੱਢ ਵਿੱਚ ਇਸਤ੍ਰੀਆਂ ਦੀ ਅਹਿਮ ਭੂਮਿਕਾ ਰਹੀ ਹੈ। ਫਿਰ ਚਾਹੇ ਗੱਲ ਹੋਵੇ, ਚਿਪਕੋ ਅੰਦੋਲਨ ਤੋਂ ਲੈ ਕੇ ਪਹਾੜ 'ਤੇ ਪਾਣੀ ਪਹੁੰਚਾਉਣ ਦੀ ਘਾਲਣਾ-ਘਾਲਣ ਦੀ ਤੇ ਜਾਂ ਫਿਰ ਰਾਜਸਥਾਨ 'ਚ ਚਰਾਂਦਾ ਨੂੰ ਮੁੜ ਸੁਰਜੀਤ ਕਰਨ ਤੋਂ ਲੈ ਕੇ ਹਜ਼ਾਰਾਂ ਤਾਲਾਅ ਬਣਾ ਕੇ ਪਾਣੀ ਖੁਣੋਂ ਮਰ ਚੁੱਕੀਆਂ ਨਦੀਆਂ ਨੂੰ ਮੁੜ ਜਿਉਂਦਾ ਕਰਨ ਦੇ ਤਪ ਦੀ।
ਪੰਜਾਬ ਵਿੱਚ ਵੀ ਪਿਛਲੇ ਕੁੱਝ ਸਮੇਂ ਦੌਰਾਨ, ਬਦਹਾਲ ਹੋਈ ਕੁਦਰਤ ਨੂੰ ਮੁੜ ਤੋਂ ਗੌਰਵਮਈ ਤੇ ਜੀਵਨਦਾਇਨੀ ਬਣਾਉਣ ਦੇ ਯਤਨ ਅਕਾਰ ਲੈ ਰਹੇ ਨੇ।
ਜੇ ਰਤਾ ਕੁ ਗੌਰ ਨਾਲ ਵਾਚੀਏ ਤਾਂ ਅੱਜ ਜ਼ਹਿਰਾਂ ਨੇ ਖੇਤਾਂ ਤੋਂ ਲੈਕ ਸਾਡੀਆਂ ਰਸੋਈਆਂ ਤੱਕ ਸਭ ਕੁੱਝ ਪਲੀਤ ਕਰ ਦਿੱਤਾ ਹੈ। ਪਾਣੀ ਬਰਬਾਦ ਹੋ ਗਏ ਨੇ ਖੇਤਾਂ ਵਿੱਚੋਂ ਜੀਵਨ ਦੀ ਉਮੰਗ ਨਹੀਂ ਕੈਂਸਰ ਫੁੱਟਦਾ ਹੈ। ਸਾਡੀ ਸਾਰੀ ਖੇਤੀੇ- ਸਾਡੇ ਸੱਭਿਆਚਾਰ, ਕਦਰਾਂ-ਕੀਮਤਾਂ, ਭਾਈਚਾਰਕ ਸਹਿਹੋਂਦ ਅਤੇ ਮਨੁਖਤਾ ਤੋਂ ਕਿਤੇ ਦੂਰ ਸਿਰਫ ਬਜ਼ਾਰ, ਤਕਨੀਕ ਅਤੇ ਕੰਪਨੀਆਂ ਦੇ ਕਬਜੇ ਵਿੱਚ ਚਲੀ ਗਈ ਹੈ ਤੇ ਲੋਕਾਂ ਦਾ ਮਾਨਸ ਵੀ।
ਸੋ ਪੰਜਾਬ ਵਿੱਚ ਕੁਦਰਤੀ ਸੋਮਿਆਂ ਦੇ ਪੁਨਰ ਸੁਰਜੀਤੀ ਦਾ ਕੰਮ ਆਪਣੇ-ਆਪ ਵਿੱਚ ਇੱਕ ਵੱਡੀ ਚੁਣੌਤੀ ਹੈ। ਇਹਦੇ ਲਈ ਓਨੇਂ ਹੀ ਸਹਿਜ ਅਤੇ ਸਬਰ ਦੀ ਲੋੜ ਹੈ। ਇਸ ਲਈ ਇਹਦੇ ਵਿੱਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਕਿ ਹੁਣ ਜਿੰਦਗੀ ਅਤੇ ਕੁਦਰਤ ਦੀਆਂ ਟੁੱਟੀਆਂ ਕੜੀਆਂ ਜੋੜਨ ਦਾ ਕੰਮ ਇਸਤ੍ਰੀਆਂ ਨੇ ਆਪਣੇ ਹੱਥ ਵਿੱਚ ਲੈ ਲਿਆ ਹੈ। ਬਰਨਾਲੇ ਜ਼ਿਲ੍ਹੇ ਦੇ ਪਿੰਡ ਭੋਤਨੇ 'ਚ ਜਨਮੀ ਇਸਤ੍ਰੀਆਂ ਦੀ ਇਹ ਲਹਿਰ ਪੰਜਾਬ ਦੇ ਕੁੱਝ ਹੋਰਨਾਂ ੰਿਪੰਡਾ ਵਿੱਚ ਵੀ ਖੜੀ ਹੋਣੀ ਸ਼ੁਰੂ ਹੋ ਚੁੱਕੀ ਹੈ। ਜਿਸ ਇਮਾਨਦਾਰੀ, ਉਤਸ਼ਾਹ, ਲਗਨ ਆਸ ਤੇ ਦ੍ਰਿੜਤਾ ਨਾਲ ਇਹ ਕੰਮ ਸ਼ੁਰੂ ਹੋਇਆ ਹੈ, ਸਾਨੂੰ ਵਿਸ਼ਵਾਸ਼ ਹੈ ਕਿ ਛੇਤੀ ਹੀ ਇਹ, ਸਾਰੇ ਪੰਜਾਬ ਵਾਤਾਵਰਣ ਨੂੰ ਸਮਰਪਿਤ ਇਸਤ੍ਰੀਆਂ ਦੀ ਇੱਕ ਸਿਰਜਣਾਤਮਕ ਲਹਿਰ ਬਣਨ ਵਿੱਚ ਕਾਮਯਾਬ ਹੋਵੇਗੀ। ਜਿਹਨਾਂ ਬੀਬੀਆਂ ਨੇ ਕੁਦਰਤ ਦੀ ਸੇਵਾ ਦੇ ਅਤੇ ਪੁਨਰ-ਸੁਰਜੀਤੀ ਦੇ ਇਸ ਕੰਮ ਨੂੰ ਆਪਣੇ ਹੱਥ ਵਿੱਚ ਲਿਆ ਹੈ ਉਹਨਾਂ ਨੇ ਸੰਕਲਪ ਕੀਤਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਜ਼ਹਿਰਮੁਕਤ ਅਨਾਜ ਤੇ ਸਬਜੀਆਂ ਦੇ ਰੂਪ ਵਿੱਚ ਸਿਹਤਮੰਦ ਭੋਜਨ ਖਾਣ ਲਈ ਦੇਣਗੀਆਂ। ਉਹਨਾ ਨੇ ਘਰਾਂ ਵਿੱਚ ਜ਼ਹਿਰ ਮੁਕਤ ਸਬਜ਼ੀਆਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਬੀਜ ਸੰਭਾਲਣ ਦਾ ਕੰਮ ਵੀ ਆਪਣੇ ਜਿੰਮੇ ਲੈ ਲਿਆ ਹੈ। ਰਵਾਇਤੀ ਖਾਣੇ ਉਹਨਾਂ ਦੇ ਚੌਂਕੇ ਦਾ ਸ਼ਿੰਗਾਰ ਬਣਨੇ ਸ਼ੁਰੂ ਹੋ ਚੁੱਕੇ ਹਨ। ਤਰ੍ਹਾਂ-ਤਰ੍ਹਾਂ ਦੇ ਭੂਤ ਪਿੰਨਿਆਂ ਤੋਂ ਲੈ ਕੇ ਕਈ ਤਰ੍ਹਾਂ ਦੇ ਰਵਾਇਤੀ ਸ਼ਰਬਤ Àਹਨਾਂ ਦੇ ਘਰਾਂ ਦੀ ਸ਼ੋਭਾ ਵਧਾ ਰਹੇ ਹਨ। ਜਵਾਰ, ਬਾਜ਼ਰੇ ਵਰਗੇ ਪੋਸ਼ਟਿਕ ਮੋਟੇ ਅਨਾਜਾਂ ਦੇ ਵਿਅੰਜਨ ਉਹਨਾਂ ਦੇ ਪਰਿਵਾਰਾਂ ਦੀ ਖ਼ੁਰਾਕ ਦਾ ਹਿੱਸਾ ਬਣਨੇ ਸ਼ੁਰੂ ਹੋ ਗਏ ਹਨ। ਉਹਨਾਂ ਨੇ ਖੇਤ ਤੋਂ ਲੈ ਕੇ ਘਰ ਦੀ ਰਸੋਈ ਤੱਕ ਹਰ ਸ਼ੈਅ ਨੂੰ ਜ਼ਹਿਰ ਮੁਕਤ ਕਰਨ ਦਾ ਸੰਕਲਪ ਲਿਆ ਹੈ। ਉਹਨਾਂ ਲਈ ਜ਼ਹਿਰ ਦਾ ਅਰਥ ਸਿਰਫ ਰਸਾਇਣਕ ਕੀਟਨਾਸ਼ਕਾਂ ਤੋਂ ਹੀ ਨਹੀਂ ਸਗੋਂ ਕੋਕਾ-ਕੋਲਾ ਤੇ ਪੈਪਸੀ ਤੋਂ ਵੀ ਹੈ।
ਬਰਨਾਲੇ ਜ਼ਿਲ੍ਹੇ ਦੇ ਇਸ ਪਿੰਡ, ਭੋਤਨੇ ਤੋਂ ਸ਼ੁਰੂ ਹੋਏ ਉਪਰਾਲੇ ਵਿੱਚ ਪੰਜਾਬ ਦੀ ਕਾਇਨਾਤ ਅਤੇ ਜਿੰਦਗੀ ਨੂੰ ਮੁੜ ਪੈਰਾਂ ਸਿਰ ਕਰਨ ਦੇ ਬੀਜ ਛੁਪੇ ਹੋਏ ਹਨ।

No comments:

Post a Comment