Thursday, September 10, 2009

ਨਰਮੇ ਦੇ ਬੂਟੇ ਮੱਧਰੇ ਰਹਿਣ ਕਾਰਨ ਕਿਸਾਨ ਚਿੰਤੁਤ

ਗਿੱਦੜਬਾਹਾ, 17 ਸਤੰਬਰ (ਗੁਰਤੇਜ ਭਲਾਈਆਣਾ)-ਇਸ ਖ਼ੇਤਰ ਦੇ ਕਿਸਾਨਾਂ ਵੱਲੋਂ ਰਸਾਇਣਿਕ ਖ਼ਾਦਾਂ ਅਤੇ ਧੜਾ-ਧੜ ਸਪ੍ਰੇਆਂ ਕਰਨ ਦੇ ਬਾਵਜੂਦ ਵੀ ਨਰਮੇ ਦਾ ਮਧਰਾ ਕੱਦ ਹੁਣ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਮਹਿਜ ਡੇਢ ਦੋ ਫ਼ੁੱਟ ਤੱਕ ਕੱਦ ਵਾਲੇ ਖਿੜੇ ਨਰਮੇ ਨੂੰ ਚੁੱਗਣ ਵਾਸਤੇ ਚੋਣੇ ਵੀ ਹੁਣ ਜਵਾਬ ਦੇ ਰਹੇ ਹਨ। ਬਹੁ ਗਿਣਤੀ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵੱਲੋਂ ਪ੍ਰਵਾਨਿਤ ਬੀ. ਟੀ. ਨਰਮਾ ਹੀ ਬੀਜਿਆ ਸੀ ਪ੍ਰੰਤੂ ਫ਼ਿਰ ਵੀ ਮਧਰੇ ਕੱਦ ਦੀ ਸਮੱਸਿਆ ਖੜ੍ਹੀ ਹੋ ਗਈ। ਅੰਦਾਜ਼ੇ ਅਨੁਸਾਰ ਇਸ ਖੇਤਰ ਦੇ 30-35 ਫ਼ੀਸਦੀ ਦੇ ਕਰੀਬ ਕਿਸਾਨਾਂ ਨੇ ਨਰਮੇ ਦਾ ਕੱਦ ਔਸਤ ਤੋਂ ਘੱਟ ਹੈ। ਪਿੰਡ ਲਾਲਬਾਈ ਦੇ ਕਿਸਾਨ ਜਰਨੈਲ ਸਿੰਘ ਅਤੇ ਪਿਉਰੀ ਦੇ ਮੰਦਰ ਸਿੰਘ ਨੇ ਦੱਸਿਆ ਕਿ ਨਰਮੇ ਦੀ ਫ਼ਸਲ ਨੂੰ ਪੂਰੇ ਖੁਰਾਕੀ ਤੱਤ ਦੇਣ ਅਤੇ ਜ਼ਮੀਨ ਉਪਜਾਊ ਹੋਣ 'ਤੇ ਵੀ ਉਹ ਕੱਦ ਵਧਾਉਣ ਦੀ ਪੂਰੀ ਵਾਹ ਲਾ ਕੇ ਅਸਫ਼ਲ ਰਹੇ। ਦੂਜੇ ਪਾਸੇ ਕੁਝ ਪਿੰਡਾਂ ਵਿਚ ਨਰਮੇ ਦੀ ਫ਼ਸਲ 'ਤੇ ਤੰਬਾਕੂ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ ਹੈ। ਮੌਸਮ ਵਿਚ ਸਿੱਲ੍ਹਾਪਣ ਆਉਣ ਅਤੇ ਨਦੀਨਾਂ ਦੀ ਬਹੁਤਾਤ ਕਾਰਨ ਇਹ ਹਮਲਾ ਹੋਇਆ ਦੱਸਿਆ ਜਾਂਦਾ ਹੈ। ਹਲਕੇ ਦੇ ਪਿੰਡਾਂ ਕੋਟਭਾਈ, ਸਾਹਿਬਚੰਦ, ਮਧੀਰ, ਭਲਾਈਆਣਾ, ਕੋਟਲੀ ਅਬਲੂ, ਛੱਤੇਆਣਾ, ਰੁਖ਼ਾਲ਼ਾ ਅਤੇ ਗੁਰੂਸਰ ਆਦਿ ਪਿੰਡਾਂ ਦੇ ਕੁਝ ਖ਼ੇਤਾਂ ਵਿਚ ਤੰਬਾਕੂ ਸੁੰਡੀ ਦਾ ਹਮਲਾ ਹੋਇਆ ਦੱਸਿਆ ਗਿਆ ਹੈ ਜਿਸਦੀ ਪੁਸ਼ਟੀ ਖੇਤੀ ਅਧਿਕਾਰੀਆਂ ਨੇ ਵੀ ਕੀਤੀ ਹੈ ਪ੍ਰੰਤੂ ਇਹ ਹਮਲਾ ਖ਼ਤਰੇ ਤੋਂ ਬਾਹਰ ਦੱਸਿਆ ਗਿਆ ਹੈ। ਇਸ ਮਸਲੇ ਸਬੰਧੀ ਸੰਪਰਕ ਕੀਤੇ ਜਾਣ 'ਤੇ ਬਲਾਕ ਖੇਤੀਬਾੜੀ ਅਫ਼ਸਰ ਸ: ਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਦੇ ਹਰੇਕ ਵੀਰਵਾਰ ਜ਼ਿਲ੍ਹਾ ਪੱਧਰੀ ਟੀਮ ਗਿੱਦੜਬਾਹਾ ਦੇ ਖ਼ੇਤਾਂ ਦਾ ਦੌਰਾ ਕਰਦੀ ਹੈ, ਜਿਸਦੀ ਰਿਪੋਰਟ ਅਨੁਸਾਰ ਸਥਿਤੀ ਕਾਬੂ ਹੇਠ ਹੈ ਅਤੇ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀ ਹੈ। ਮਧਰੇ ਕੱਦ ਦੀ ਸਮੱਸਿਆ ਸਬੰਧੀ ਪੁੱਛੇ ਜਾਣ 'ਤੇ ਖੇਤੀ ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਪਾਣੀ ਦੇ ਸਾਧਨਾਂ ਦੀ ਘਾਟ ਅਤੇ ਔੜ ਦੀ ਵਜ੍ਹਾ ਕਰਕੇ ਹੋਇਆ ਹੈ। (ਰੋਜ਼ਾਨਾ ਅਜੀਤ)

ਕਿਸਾਨਾਂ ਬੀ.ਟੀ. ਨਰਮੇ ਦੀ ਫਸਲ ਵਾਹੀ

ਖੂਈਆਂ ਸਰਵਰ, 17 ਸਤੰਬਰ (ਸੁਖਜੀਤ ਸਿੰਘ ਬਰਾੜ)-ਬੀ.ਟੀ. ਨਰਮੇ ਨੇ ਤਾਂ ਇਸ ਵਾਰ ਬਾਈ ਮਾਜ ਕੇ ਰੱਖ ਦਿੱਤੇ ਇਹ ਕਹਿਣਾ ਹੈ ਨਰਮੇ ਦੀ ਪੱਟੀ ਦੇ ਅੱਕੇ ਹੋਏ ਕਿਸਾਨਾਂ ਦਾ। ਪਿੰਡ ਦੌਲਤਪੁਰਾ ਦੇ ਕਿਸਾਨ ਪੂਰਨ ਚੰਦ ਨੇ ਚਾਰ ਕਿੱਲੇ ਰਾਸੀ ਨਰਮਾ ਵਾਹ ਦਿੱਤਾ ਹੈ। ਕਿਸਾਨ ਰਾਜਿੰਦਰਪਾਲ ਸਿੰਘ ਨੇ 12 ਏਕੜ ਨਰਮੇ ਦੇ ਟਿੰਡੇ ਤੋੜ ਕੇ ਕੰਮ ਨੱਕੀ ਕਰ ਦਿੱਤਾ ਹੈ। ਬੜੀ ਮੁਸ਼ਕਿਲ ਨਾਲ 2 ਕੁਇੰਟਲ ਕਿਲੇ ਦਾ ਝਾੜ ਨਿਕਲਿਆ ਹੈ। ਬੀਜ ਦਾ ਖਰਚਾ ਵੀ ਨਹੀਂ ਮੁੜਿਆ। ਪਿੰਡ ਦੌਲਤਪੁਰਾ ਦੇ ਹੀ ਕਿਸਾਨ ਰਾਜਿੰਦਰ ਕੁਮਾਰ ਨੇ ਚਾਰ ਏਕੜ ਬੀ.ਟੀ. ਨਰਮੇ 'ਚ ਅੱਜ ਪਸ਼ੂ ਚਰਾ ਦਿਤੇ ਹਨ। ਕਈ ਕੰਪਨੀਆਂ ਦੇ ਬੀਜ ਮਾੜੇ ਨਿਕਲੇ ਹਨ। (ਰੋਜ਼ਾਨਾ ਅਜੀਤ)

No comments:

Post a Comment