Thursday, September 10, 2009

'ਤ੍ਰਿੰਞਣ'

ਫਾਸਟ ਫੂਡ ਦੀ ਗੁਲਾਮੀ ਨੇ ਸਮਾਜ ਨੂੰ ਰੋਗੀ ਬਣਾ ਦਿੱਤਾ ਹੈ: ਡਾ. ਇੰਦਰਜੀਤ ਕੌਰ
ਪਿੰਡ ਚੈਨਾਂ ਵਿੱਚ 'ਤ੍ਰਿੰਞਣ' ਬਣਿਆ ਖਿੱਚ ਦਾ ਕੇਂਦਰ
ਭਾਂਤ-ਸੁਭਾਂਤੇ ਰਵਾਇਤੀ ਖਾਣਿਆਂ ਦਾ ਸਵਾਦ ਚਖ ਕੇ ਮੇਲੀ ਹੋਏ ਗਦਗਦ

-ਗੁਰਪ੍ਰੀਤ ਦਬੜ੍ਹੀਖਾਨਾ
ਬੀਤੇ ਕੱਲ ਖੇਤੀ ਵਿਰਾਸਤ ਮਿਸ਼ਨ, ਜੈਤੋ ਵੱਲੋਂ ਪਿੰਡ ਚੈਨਾਂ ਵਿਖੇ ਤ੍ਰਿੰਞਣ ਮੇਲਾ ਆਯੋਜਿਤ ਕੀਤਾ ਗਿਆ। ਮੇਲੇ ਦੀ ਸਾਰੀ ਰੂਪ-ਰੇਖਾ, ਵਿਓਂਤਬੰਦੀ ਅਤੇ ਤਿਆਰੀ ਪਿੰਡ ਦੀਆਂ ਬੱਚੀਆਂ- ਹਰਮਨਜੋਤ ਕੌਰ ਅਤੇ ਰਾਜਵਿੰਦਰ ਕੌਰ ਦੁਆਰਾ, ਬੀਬੀ ਪ੍ਰਤੀਮ ਕੌਰ (ਮੌਜੂਦਾ ਸਰਪੰਚ), ਬੀਬੀ ਨਸੀਬ ਕੌਰ, ਬੀਬੀ ਸੁਖਵਿੰਦਰ ਕੌਰ ਅਤੇ ਬੀਬੀ ਕੁਲਵਿੰਦਰ ਕੌਰ ਦੀ ਅਗਵਾਈ ਵਿੱਚ ਕੀਤੀ ਗਈ। ਡਾ. ਬੀਬੀ ਇੰਦਰਜੀਤ ਕੌਰ, ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਅੰਮ੍ਰਿਤਸਰ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।
ਇਸ ਆਯੋਜਨ ਦਾ ਮੁੱਖ ਮਕਸਦ ਲੋਕਾਂ ਨੂੰ ਮੁੜ ਤੋਂ ਭਾਈਚਾਰਕ ਸਾਂਝ, ਰਵਾਇਤੀ ਖਾਣਿਆਂ ਅਤੇ ਰਵਾਇਤੀ ਗਿਆਨ ਦੀ ਅਮੁਲ ਵਿਰਾਸਤ ਨਾਲ ਜੋੜਨਾ ਰਿਹਾ। ਜਿੱਥੇ ਇੱਕ ਪਾਸੇ, ਪਿੰਡ ਦੀਆਂ ਔਰਤਾਂ ਵੱਲੋਂ ਬਣਾਏ ਗਏ ਰਵਾਇਤੀ ਖਾਣੇ- ਮੋਠ-ਬਾਜ਼ਰੇ ਦੀ ਖਿਚੜੀ, ਕਣਕ, ਮੱਕੀ ਅਤੇ ਜਵਾਰ ਦੇ ਭੂਤਪਿੰਨੇ, ਚੌਲਾਈ ਤਾਂਦਲੇ ਅਤੇ ਭੱਖੜੇ ਦਾ ਸਾਗ, ਮੱਕੀ, ਜਵਾਰ ਅਤੇ ਬਾਜ਼ਰੇ ਦੀ ਰੋਟੀ, ਲਸਣ-ਮਿਰਚ ਅਤੇ ਚਿਬੜਾਂ ਦੀ ਚਟਣੀ, ਮੱਕੀ ਦਾ ਦਲੀਆ, ਪੂੜੇ ਅਤੇ ਮਾਹਲ ਪੂੜੇ, ਗੁਲਗੁਲੇ ਅਤੇ ਮੱਠੀਆਂ, ਗੁੜ ਦੀਆਂ ਸੇਵੀਆਂ, ਖੀਰ, ਗੁੜ ਦਾ ਸ਼ਰਬਤ ਅਤੇ ਠੰਡਿਆਈ ਮੇਲੇ ਦਾ ਮੁੱਖ ਆਕ੍ਰਸ਼ਨ ਬਣਕੇ ਉੱਭਰੇ ਓਥੇ ਹੀ ਦੂਜੇ ਪਾਸੇ ਚਰਖੇ ਕੱਤਣ ਅਤੇ ਕਸੀਦਾਕਾਰੀ ਦੇ ਮੁਕਾਬਲੇ ਵੀ ਖਿੱਚ ਦਾ ਕੇਂਦਰ ਬਣੇ ਰਹੇ। ਇਸ ਮੌਕੇ ਪਿੰਡ ਦੀਆਂ ਬੀਬੀਆਂ ਦੁਆਰਾ ਬੁਣੇ ਗਏ ਖੇਸ, ਦਰੀਆਂ, ਹੱਥੀਂ ਕੱਢੀਆਂ ਚਾਦਰਾਂ, ਬਾਗ ਫੁਲਕਾਰੀਆਂ ਆਦਿ ਰਵਾਇਤੀ ਹੁਨਰ ਦੇ ਮੁਜੱਸਮਿਆਂ ਦੀ ਨੁਮਾਇਸ਼ ਵੀ ਲਾਈ ਗਈ।
ਮੇਲੇ ਦਾ ਸ਼ੁੱਭ ਆਰੰਭ ਡਾ. ਬੀਬੀ ਇੰਦਰਜੀਤ ਕੌਰ ਦੇ ਉਦਘਾਟਨੀ ਭਾਸ਼ਨ ਨਾਲ ਹੋਇਆ।
ਆਪਣੇ ਸੰਬੋਧਨ ਦੌਰਾਨ ਉਹਨਾਂ, ਲੋਕਾਂ ਅਤੇ ਖਾਸਕਰ ਨਵੀਂ ਪੀੜੀ ਨੂੰ ੰਿਤ੍ਰੰਞਣ ਦੇ ਮਹੱਤਵ ਦੱਸਦਿਆਂ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਨ ਦੀ ਅਪੀਲ ਕੀਤੀ। ਸਾਡੇ ਮੂਲੋਂ ਹੀ ਬਦਲੇ ਹੋਏ ਭੋਜਨ ਅਤੇ ਭੋਜਨ ਸਬੰਧੀ ਆਦਤਾਂ ਦਾ ਜਿਕਰ ਕਰਦਿਆਂ ਉਹਨਾਂ ਕਿਹਾ ਕਿ ਅੱਜ ਜਵਾਰ, ਬਾਜਰੇ ਤੇ ਮੱਢਲ ਵਰਗੇ ਮੋਟੇ ਅਨਾਜ ਸਾਡੀ ਖੁਰਾਕ ਦਾ ਹਿੱਸਾ ਨਹੀਂ ਰਹਿ ਗਏ ਇਹਨਾਂ ਦੀ ਥਾਂ ਸਿਰਫ ਤੇ ਸਿਰਫ ਕਣਕ- ਚੌਲ ਨੇ ਲੈ ਲਈ ਹੈ। ਇਸ ਤੋਂ ਵੀ ਅੱਗੇ ਅਸੀਂ ਤੇ ਸਾਡੇ ਬੱਚੇ ਬਜ਼ਾਰ ਵਿੱਚ ਉਪਲਭਧ ਫਾਸਟ ਫੂਡਜ਼ ( ਬਰਗਰ, ਪੀਜੇ ਆਦਿ) ਦੇ ਗੁਲਾਮ ਹੋ ਚੱਲੇ ਹਾਂ। ਸਿੱਟੇ ਵਜੋਂ ਸਾਰਾ ਸਮਾਜ ਭਾਂਤ-ਭਾਂਤ ਦੇ ਰੋਗਾਂ ਦਾ ਘਰ ਬਣ ਗਿਆ ਹੈ। ਖੁਰਾਕ ਵਿੱਚ ਆਇਰਨ, ਕੈਲਸੀਅਮ, ਪ੍ਰੋਟੀਨ ਆਦਿ ਪੋਸ਼ਕ ਤੱਤਾਂ ਦੀ ਘਾਟ ਆ ਗਈ ਹੈ ਤੇ ਅੱਜ ਬਹੁਗਿਣਤੀ ਔਰਤਾਂ ਅਤੇ ਬੱਚੇ ਖੂਨ ਦੀ ਘਾਟ ਦੇ ਸ਼ਿਕਾਰ ਹਨ। ਇਹਨਾਂ ਸਭ ਅਲਾਮਤਾਂ ਤੋਂ ਬਚਣ ਲਈ ਰਵਾਇਤੀ ਖਾਣਿਆਂ ਨੂੰ ਮੁੜ ਤੋਂ ਆਪਣੀ ਭੋਜਨ ਲੜੀ ਵਿੱਚ ਸ਼ਾਮਿਲ ਕਰਨਾ ਹੀ ਪਵੇਗਾ।
ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੀ ਇਸਤਰੀ ਇਕਾਈ ਤੋਂ ਬੀਬੀ ਅਮਰਜੀਤ ਕੌਰ ਭੋਤਨਾਂ ਨੇ ਲੋਕਾਂ ਨੂੰ ਰਵਾਇਤੀ ਖਾਣਿਆਂ ਦੇ ਗੁਣਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਅੱਜ ਦੇ ਸਮੇਂ ਵਿੱਚ ਉਹਨਾਂ ਦੀ ਲੋੜ ਅਤੇ ਉਹਨਾਂ ਨੂੰ ਬਣਾਉਣ ਦੇ ਢੰਗਾਂ ਬਾਰੇ ਵੱਡਮੁਲੀ ਜਾਣਕਾਰੀ ਦਿੱਤੀ।
ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਓਮੇਂਦਰ ਦੱਤ ਨੇ ਕਿਹਾ ਕਿ ਵਿਰਾਸਤੀ ਗਿਆਨ ਅਤੇ ਉਸਦੇ ਮਹੱਤਵ ਤੋਂ ਇਨਕਾਰੀ ਹੋ ਕੇ ਅਸੀਂ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ। ਅਸੀਂ ਹਰ ਪੱਖ ਤੋਂ ਬਹੁਕੌਮੀ ਕੰਪਨੀਆਂ ਅਤੇ ਉਹਨਾਂ ਦੇ ਰਾਜਨੀਤਕ ਦਲਾਲਾਂ ਦੇ ਗੁਲਾਮ ਹੋ ਗਏ ਹਾਂ। ਅੱਜ ਸਾਡੇ ਖੇਤਾਂ ਤੋਂ ਲੈ ਕੇ ਘਰਾਂ ਤੱਕ ਏਥੋਂ ਤੱਕ ਕਿ ਸਾਡੀ ਥਾਲੀ ਵਿੱਚ ਕੀ ਹੋਵੇਗਾ ਇਹ ਫੈਸਲਾ ਵੀ ਕੰਪਨੀਆਂ ਕਰਦੀਆਂ ਹਨ। ਨਤੀਜ਼ਤਨ ਅਸੀਂ ਜਿੱਥੇ ਇੱਕ ਪਾਸੇ ਆਪਣੀ ਧਰਤੀ, ਕੁਦਰਤੀ ਸੋਮਿਆਂ, ਮਾਂ ਕੁਦਰਤ ਅਤੇ ਸਿਹਤਾਂ ਦਾ ਨਾਸ਼ ਮਾਰਿਆ ਹੈ ਓਥੇ ਹੀ ਆਪਣੀ ਜਰੂਰਤ ਦੀ ਹਰੇਕ ਵਸਤ ਲਈ ਦੇਸੀ-ਵਿਦੇਸ਼ੀ ਬਹੁਕੌਮੀ ਕੰਪਨੀਆਂ ਵੱਲ ਦੇਖਦੇ ਹਾਂ। ਅੱਜ ਗੁਲਾਮੀ ਦੇ ਇਸ ਭਿਆਨਕ ਜੂਲੇ ਨੂੰ ਗਲੋਂ ਲਾਹ, ਸਵੈ ਨਿਰਭਰ ਅਤੇ ਸਵੈਮਾਨੀ ਹੋ ਕੇ ਵਿਚਰਨ ਦੀ ਲੋੜ ਹੈ।
ਇਸ ਮੌਕੇ ਪ੍ਰਿਤਪਾਲ ਸਿੰਘ ਬਰਾੜ ਸਕੱਤਰ ਵਾਤਾਵਰਣ ਪੰਚਾਇਤ, ਚੈਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸਤੋਂ ਪਹਿਲਾਂ ਗੋਰਾ ਸਿੰਘ, ਅੰਗਰੇਜ਼ ਸਿੰਘ, ਗੁਰਸੇਵਕ ਸਿੰਘ ਢਿੱਲੋਂ ਅਤੇ ਜਗਮੀਤ ਸਿੰਘ ਸਾਂਝੇ ਤੌਰ 'ਤੇ ਸਭ ਨੂੰ ਜੀ ਆਇਆਂ ਕਿਹਾ।
ਮੇਲੇ ਦਾ ਸਮਾਪਨ ਪਿੰਡ ਦੀਆਂ ਬੱਚੀਆਂ ਵੱਲੋਂ ਹਰਮਨਜੋਤ ਕੌਰ ਦੀ ਅਗਵਾਈ ਵਿੱਚ ਰਵਾਇਤੀ ਪਹਿਰਾਵੇ ਅਤੇ ਬੋਲੀਆਂ ਨਾਲ ਸ਼ਿੰਗਾਰੇ ਗਿੱਧੇ ਦੀ ਆਲੋਕਾਰ ਪੇਸ਼ਕਾਰੀ ਨਾਲ ਹੋਇਆ ਇਸ ਉਪਰੰਤ ਮੇਲੀਆਂ ਨੇ ਰਵਾਇਤੀ ਖਾਣਿਆਂ ਦਾ ਖੂਬ ਆਨੰਦ ਮਾਣਿਆਂ।

*****

ਪਿੰਡ ਜੀਦਾ ਦਾ ਤ੍ਰਿੰਞਣ ਮੇਲਾ
-ਹਰਮੇਲ ਪਰੀਤ
ਕਰੀਬ ਦੋ ਸੌ ਔਰਤਾਂ, ਤੇ ਬੱਚਿਆਂ ਵਿਚੋਂ ਬਹੁਗਿਣਤੀ ਨੇ ਸ਼ਾਇਦ ਇਹ ਖਾਣੇ ਪਹਿਲਾਂ ਕਦੇ ਨਹੀਂ ਖਾਧੇ ਹੋਣੇ। ਤੀਹਾਂ ਤੋਂ ਥੱਲੇ ਦੀ ਉਮਰ ਵਾਲਿਆਂ ਨੇ ਤਾਂ ਇਨ੍ਹਾਂ ਵਿਚੋਂ ਬਹੁਤਿਆਂ ਦੇ ਕਦੇ ਨਾਂਅ ਵੀ ਨਹੀਂ ਸੁਣੇ ਸਨ। ਲਿਹਾਜ਼ਾ ਇਨ੍ਹਾਂ ਦੇ ਨਾਂਅ, ਦਿੱਖ ਤੇ ਸਵਾਦ ਸਭ ਕੁੱਝ ਉਨ੍ਹਾਂ ਵਾਸਤੇ ਦਿਲਚਸਪੀ ਦਾ ਕੇਂਦਰ ਸੀ। ਮੌਕਾ ਸੀ ਖੇਤੀ ਵਿਰਾਸਤ ਮਿਸ਼ਨ ਵੱਲੋਂ ਪਿੰਡ ਜੀਦਾ (ਜ਼ਿਲ੍ਹਾ ਬਠਿੰਡਾ) ਵਿਖੇ ਕਰਵਾਏ ਗਏ ਰਵਾਇਤੀ ਖਾਣਿਆਂ ਦੇ ਮੇਲੇ ਦਾ।
ਕੋਕਾ ਕੋਲਾ, ਪੈਪਸੀ ਤੇ ਹੋਰ ਆਧੁਨਿਕ ਠੰਡਿਆਂ ਵਿਚ ਗੁਆਚੀ ਨਵੀਂ ਪੀੜ੍ਹੀ ਲਈ ਠੰਡਿਆਈ ਤੇ ਜੌਆਂ ਦੇ ਸੱਤੂ ਦਾ ਸਵਾਦ ਅਲੋਕਾਰ ਸੀ। ਕਣਕ ਤੋਂ ਇਲਾਵਾ, ਬਾਜਰੇ ਤੇ ਜਵਾਰ ਦੀ ਰੋਟੀ; ਭੱਖੜੇ, ਪਾਲਕ ਤੇ ਤਾਂਦਲੇ ਦਾ ਸਾਗ; ਬਾਜਰੇ ਦੀ ਰਬੜੀ; ਮੱਕੀ ਦਾ ਦਲੀਆ; ਮੋਠ-ਬਾਜਰੇ ਦੀ ਖਿਚੜੀ, ਗੁਲਗੁਲੇ, ਜਵਾਰ- ਮੱਕੀ ਦੇ ਭੂਤ ਪਿੰਨੇ ਕੁੱਲ ਮਿਲਾ ਕੇ ਰਵਾਇਤੀ ਖਾਣਿਆਂ ਦੀਆਂ ਕੋਈ ਡੇਢ ਦਰਜਨ ਦੇ ਕਰੀਬ ਵੰਨਗੀਆਂ 'ਬੇਬੇ ਦੀ ਰਸੋਈ' ਦੀ ਸਮਰਿੱਧੀ ਨੂੰ ਦਰਸਾਉਣ ਲਈ ਮੂੰਹੋ ਬੋਲ ਰਹੀਆਂ ਸਨ। ਪੁਰਾਣੀ ਪੀੜ੍ਹੀ ਦੀਆਂ ਬਜ਼ੁਰਗ ਔਰਤਾਂ ਦੇ ਚਿਹਰਿਆਂ 'ਤੇ ਇੱਕ ਵੇਖਣਯੋਗ ਰੌਣਕ ਤੇ ਉਤਸ਼ਾਹ ਸੀ; ਹੁੰਦਾ ਵੀ ਕਿਉਂ ਨਾ ਉਨ੍ਹਾਂ ਦੇ ਜਿਸ ਕੌਸ਼ਲ ਨੂੰ ਨਵੀਂ ਪੀੜ੍ਹੀ ਗੁਜ਼ਰੇ ਵਕਤ ਦੀਆਂ ਚੀਜ਼ਾਂ ਆਖ ਕੇ ਨਕਾਰ ਚੁੱਕੀ ਹੈ, ਜਿਹੜੇ ਖਾਣੇ ਨਵੀਂ ਪੀੜ੍ਹੀ ਨਾ ਬਣਾਉਂਦੀ ਹੈ, ਨਾ ਖਾਣਾ ਪਸੰਦ ਕਰਦੀ ਹੈ, ਉਸ ਦੇ ਗੁਣਗਾਣ ਤੇ ਇਸ ਤਰ੍ਹਾਂ ਵਡਿਆਇਆ ਜਾਣਾ ਹਨੇਰੇ ਵਿਚ ਚਾਣਨ ਦੀ ਲੀਕ ਵਰਗਾ ਹੀ ਤਾਂ ਸੀ।
ਇਸ ਤੋਂ ਪਹਿਲਾਂ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਓਮੇਂਦਰ ਦੱਤ ਨੇ ਕਿਹਾ ਕਿ ਅੱਜ ਅਸੀਂ ਜਿਸ ਤਰ੍ਹਾਂ ਦੇ ਭੋਜਨ ਦੇ ਚੱਕਰ ਵਿਚ ਉਲਝ ਗਏ ਹਾਂ ਉਹ ਸਾਡੇ ਪੌਣ ਪਾਣੀ, ਜੀਵਨ ਜਾਚ, ਰਹਿਣ ਸਹਿਣ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਕਿਹਾ ਕਿ ਅਜੋਕੀ ਭੋਜਨ ਪ੍ਰਣਾਲੀ ਵਿਚੋਂ ਪੁਰਾਣੇ ਰਵਾਇਤੀ ਖਾਣਿਆਂ ਨੂੰ ਬਾਹਰ ਕਰਨ ਦਾ ਨਤੀਜਾ ਇਹ ਹੈ ਕਿ ਸਾਡੇ ਲੋਕ ਅਨੇਕ ਤਰ੍ਹਾਂ ਦੇ ਰੋਗਾਂ ਤੋਂ ਪੀੜਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਰਸਾਇਣਕ ਖੇਤੀ ਦੇ ਚਲਦਿਆਂ ਅਨੇਕ ਤਰਾਂ੍ਹ ਦੇ ਜ਼ਹਿਰ ਸਾਡੀ ਭੋਜਨ ਲੜੀ ਵਿੱਚ ਦਾਖਲ ਹੋ ਚੁੱਕੇ ਹਨ।
ਸ੍ਰੀ ਦੱਤ ਨੇ ਬੀਬੀਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਹੱਥੀਂ ਜਹਿਰ ਨਾ ਖਵਾਉਣ ਤੇ ਆਪਣੇ ਘਰਾਂ ਵਿਚ ਕੁਦਰਤੀ ਢੰਗ ਨਾਲ ਸਬਜ਼ੀਆਂ ਉਗਾਉਣ ਤੇ ਖੇਤਾਂ ਵਿਚ ਕੁਦਰਤੀ ਢੰਗ ਨਾਲ ਕਣਕ ਦੀ ਬਿਜਾਈ ਲਈ ਆਪਣੇ ਪਰਵਾਰਾ ਵਿਚ ਗੱਲ ਤੋਰਨ।
ਲੁਧਿਆਣੇ ਤੋਂ ਵਿਸ਼ੇਸ਼ ਤੌਰ 'ਤੇ ਪੁੱਜੀ ਬੀਬੀ ਸ਼ੁਭਦੀਪ ਨੇ ਕਿਹਾ ਕਿ ਪੁਰਾਣੇ ਜ਼ਮਾਨੇ ਵਿਚ ਖੁਰਾਕਾਂ ਵਿਚ ਦਮ ਸੀ। ਲੋਕ ਤੰਦੁਰਸਤ ਰਹਿੰਦੇ ਸਨ। ਅੱਜ ਵੀ ਪੁਰਾਣੇ ਲੋਕ ਨਵੀਂ ਪੀੜ੍ਹੀ ਨਾਲੋਂ ਜ਼ਿਆਦਾ ਤਕੜੇ ਹਨ ਤੇ ਜ਼ਿਆਦਾ ਕੰਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਮਾਂ ਆਪਣੇ ਬੱਚਿਆਂ ਨੂੰ ਹੱਥੀਂ ਜ਼ਹਿਰ ਪਰੋਸ ਕੇ ਨਹੀਂ ਦੇ ਸਕਦੀ, ਇਸ ਲਈ ਬੀਬੀਆਂ ਅੱਗੇ ਤੋਂ ਆਪਣੇ ਘਰਾਂ ਵਿਚ ਰਵਾਇਤੀ ਖਾਣਿਆਂ ਦਾ ਦੌਰ ਸ਼ੁਰੂ ਕਰਨ। ਆਪਣੇ ਬਜ਼ੁਰਗਾਂ ਤੋਂ ਇਹ ਵਿਰਾਸਤ ਸੰਭਾਲਣ। ਬੱਚਿਆਂ ਨੂੰ ਹਰ ਚੀਜ਼ ਘਰ ਵਿਚ ਬਣਾ ਕੇ ਦੇਣ ਤਾਂਕਿ ਉਹ ਬਾਜ਼ਾਰੂ ਚੀਜ਼ਾਂ ਨਾ ਖਾਣ ਜਿਹੜੀਆਂ ਕਿ ਬੱਚਿਆਂ ਦੀ ਸਿਹਤ ਲਈ ਬੇਹੱਦ ਖਤਰਨਾਕ ਹਨ।
ਖੇਤੀ ਵਿਰਾਸਤ ਮਿਸ਼ਨ ਦੇ ਪ੍ਰੋਗਰਾਮ ਚਿੰਰਜੀਵੀ ਗ੍ਰਾਮ ਅਭਿਆਨ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਆਉਂਦੇ ਹਾੜੀ ਦੇ ਸੀਜਨ ਦੌਰਾਨ ਘਰੇਲੂ ਬਗੀਚੀਆਂ ਵਿਚ ਉਗਰਾਈਆਂ ਜਾ ਸਕਣ ਵਾਲੀਆਂ ਸਬਜ਼ੀਆਂ ਤੇ ਉਨ੍ਹਾਂ ਨੂੰ ਬੀਜਣ ਤੇ ਕੁਦਰਤੀ ਢੰਗ ਨਾਲ ਸਾਂਭ ਸੰਭਾਲ ਬਾਰੇ ਵਿਸਥਾਰ ਵਿਚ ਦੱਸਿਆ। ਬੀਬੀ ਅਮਰਜੀਤ ਕੌਰ ਭੋਤਨਾ ਨੇ ਪਿੰਡ ਭੋਤਨਾ ਵਿਚ ਔਰਤਾਂ ਵੱਲੋਂ ਕੀਤੀ ਪਹਿਲ ਬਾਰੇ ਦੱਸਿਆ ਤੇ ਬੀਬੀਆਂ ਨੂੰ ਇਸ ਕੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੀਬੀਆਂ ਜੇਕਰ ਮਨ ਵਿਚ ਧਾਰ ਲੈਣ ਤਾਂ ਆਪਣੀ ਰਸੋਈ ਵਿਚੋਂ ਜ਼ਹਿਰ ਭਰੇ ਖਾਣਿਆਂ ਨੂੰ ਬਾਹਰ ਕੱਢਣਾ ਕੋਈ ਔਖਾ ਕੰਮ ਨਹੀਂ ਹੈ।
ਇਸ ਮੌਕੇ ਪਿੰਡ ਵਿਚ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਬੀਬੀਆਂ ਦੀ ਇੱਕ ਕਮੇਟੀ ਵੀ ਬਣਾਈ ਗਈ। ਪਿੰਡ ਵਿਚ ਅਗਲੀ ਟੇ੍ਰਨਿੰਗ ਮੀਟਿੰਗ 13 ਸਤੰਬਰ 2009 ਨੂੰ ਹੋਵੇਗੀ।

No comments:

Post a Comment