Thursday, September 10, 2009

ਵੱਖ ਵੱਖ ਸੰਗਠਨਾਂ ਵੱਲੋਂ ਸੁਰੱਖਿਅਤ ਤੇ ਜੀ. ਐੱਮ ਮੁਕਤ ਖੁਰਾਕ ਲਈ ਸਾਂਝਾ ਮੁਹਾਜ਼ ਗਠਿਤ

ਹਰਮੇਲ ਪਰੀਤ
ਜੈਤੋ/ਖੰਨਾ : ਬਹੁਕੌਮੀ ਕੰਪਨੀਆਂ ਵੱਲੋਂ ਆਪਣੇ ਮੁਨਾਫੇ ਦੀ ਲਾਲਸਾ ਤੇ ਭਾਰਤੀ ਖੁਰਾਕ ਤੰਤਰ 'ਤੇ ਆਪਣਾ ਕਬਜ਼ਾ ਜਮਾਉਣ ਲਈ ਖੁਰਾਕੀ ਫਸਲਾਂ ਵਿਚ ਜੀਐੱਮ. ਤਕਨੀਕ ਸ਼ਾਮਲ ਕਰਨ ਵਿਰੁੱਧ ਦੇਸ਼ ਦੇ ਵੱਖ ਵੱਖ ਸੂਬਿਆਂ ਅੰਦਰ ਚੱਲ ਰਹੇ ਸੰਘਰਸ਼ ਦਾ ਬਿਗਲ ਹੁਣ ਪੰਜਾਬ ਵਿਚ ਵੀ ਵੱਜ ਗਿਆ ਹੈ।
31 ਮਈ ਵਾਲੇ ਦਿਨ ਖੰਨਾ ਵਿਖੇ ਖੇਤੀ ਵਿਰਾਸਤ ਮਿਸ਼ਨ ਦੀ ਪਹਿਲ 'ਤੇ ਵੱਖ ਵੱਖ ਸੰਗਠਨਾਂ ਦੀ ਇਕ ਸਾਂਝੀ ਮੀਟਿੰਗ ਹੋਈ ਜਿਸ ਖੇਤੀ ਵਿਰਾਸਤ ਮਿਸ਼ਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਕਿਰਤੀ ਕਿਸਾਨ ਯੂਨੀਅਨ, ਭਗਵਾਨ ਮਹਾਂਵੀਰ ਜੈਨ ਚੇਤਨਾ ਮੰਚ ਲੁਧਿਆਣਾ, ਜੀਵ ਕਲਿਆਣ ਤੇ ਸੰਰਕਸ਼ਣ ਸੰਸਥਾ ਭਾਰਤ, ਭਾਰਤ ਜਨ ਵਿਗਿਆਨ ਜੱਥਾ, ਸੁਸਾਇਟੀ ਫਾਰ ਇਨਵਾਇਰਨਮੈਂਟ ਐਂਡ ਈਕੋਲੋਜ਼ੀਕਲ ਰਿਸੋਰਸਸ ਫਰੀਦਕੋਟ, ਗਿਆਨੀ ਜ਼ੈਲ ਸਿੰਘ ਸੈਂਟਰ ਫਾਰ ਰੂਰਲ ਡਿਵੈਲਪਮੈਂਟ, ਲੋਕ ਚੇਤਨਾ ਸਭਾ ਪੰਜਾਬ, ਸ਼ੁਭਕਰਮਨ ਸੁਸਾਇਟੀ ਹੁਸ਼ਿਆਰਪੁਰ, ਵਲੰਟੀਅਰੀ ਹੈਲਥ ਐਸੋਸੀਏਸ਼ਨ ਚੰਡੀਗੜ੍ਹ, ਆਤਮ ਜੀਵਨ ਕਲਿਆਣ ਮੰਡਲ ਰੋਪੜ, ਕੁਦਰਤ ਮਾਨਵ ਕੇਂਦਰ ਲੋਕ ਲਹਿਰ, ਲੋਕ ਕਲਿਆਣ ਸਮਿਤੀ ਨੁਮਾਇੰਦਿਆਂ ਤੋਂ ਇਲਾਵਾ ਵੱਖ ਵੱਖ ਸ਼ਹਿਰਾਂ ਤੋਂ ਜਾਗਰੂਕ ਸ਼ਹਿਰੀਆਂ ਨੇ ਸ਼ਿਰਕਤ ਕੀਤੀ। ਸਭਨਾਂ ਨੇ ਸਾਝੇ ਸੁਰ ਵਿਚ ਬਹੁਕੌਮੀ ਕੰਪਨੀਆਂ ਦੀ ਇਸ ਘਿਨੌਣੀ, ਕੁਦਰਤ ਵਿਰੋਧੀ ਤੇ ਮਨੁੱਖ ਮਾਰੂ ਹਰਕਤ ਵਿਰੁੱਧ ਇਕਜੁਟ ਹੋ ਕੇ ਲੜਨ ਦਾ ਅਹਿਦ ਕੀਤਾ।
ਮੀਟਿੰਗ ਦੀ ਸ਼ੁਰੂਆਤ ਕਰਦਿਆਂ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਉਮੇਂਦਰ ਦੱਤ ਨੇ ਕਿਹਾ ਇਹ ਜੀਨ ਹੇਰ ਫੇਰ ਨਾਲ ਤਿਆਰ ਭੋਜਨ ਪ੍ਰਦਾਰਥ ਸਾਡੀ ਖੇਤੀ, ਖੁਰਾਕੀ ਆਜ਼ਾਦੀ, ਪ੍ਰਭੁਤਾ ਦੇ ਨਾਲ ਨਾਲ ਸਾਡੀਆਂ ਧਾਰਮਿਕ ਆਸਥਾਵਾਂ 'ਤੇ ਇਕ ਗਿਣਿਆ ਮਿਥਿਆ ਹਮਲਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਵੱਖ ਵੱਖ 18 ਰਾਜਾਂ ਦੀਆਂ ਵੱਖ ਵੱਖ ਮਨੁੱਖ ਤੇ ਕੁਦਰਤ ਹਿਤੈਸ਼ੀ ਜਥੇਬੰਦੀਆਂ ਦੇ ਸਾਂਝੇ ਸੰਗਠਨ 'ਕੁਇਲੀਸ਼ਨ ਫਾਰ ਜੀ.ਐੱਮ ਫ੍ਰੀ ਇੰਡੀਆ' ਦੇ ਸੱਦੇ 'ਤੇ ਪੰਜਾਬ ਅੰਦਰ ਵੀ ਰਾਜ ਪੱਧਰੀ ਗੱਠਜੋੜ ਤਸ਼ਕੀਲ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਗਠਜੋੜ ਵਿਚ ਕਿਸਾਨ, ਮਜ਼ਦੂਰ, ਇਸਤਰੀ ਜਥੇਬੰਦੀਆਂ, ਸੱਭਿਆਚਾਰਕ, ਧਾਰਮਿਕ, ਖੇਤੀ ਤੇ ਵਾਤਾਵਰਣ ਦੇ ਖੇਤਰ ਵਿਚ ਕਾਰਜਸ਼ੀਲ ਸੰਸਥਾਵਾਂ ਸ਼ਾਮਲ ਹੋ ਰਹੀਆਂ ਹਨ ਤੇ ਹੁਣ ਤੱਕ ਕੋਈ 65 ਜਥੇਬੰਦੀਆਂ ਨਾਲ ਸੰਪਰਕ ਕੀਤਾ ਜਾ ਚੁੱਕਿਆ ਹੈ ਜਿੰਨ੍ਹਾਂ ਨੇ ਇਸ ਕਾਰਜ ਲਈ ਆਪਣੇ ਭਰਪੂਰ ਸਮਰੱਥਨ ਦਾ ਵਾਅਦਾ ਕੀਤਾ ਹੈ।
ਜੀ. ਐੱਮ. ਫਸਲਾਂ ਦੇ ਸਿਹਤ 'ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਦੀ ਗੱਲ ਕਰਦਿਆਂ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਪ੍ਰਧਾਨ ਡਾ: ਅਮਰ ਸਿੰਘ ਆਜ਼ਾਦ ਆਖਿਆ ਕਿ ਜੀ. ਐਮ. ਤਕਨੀਕ ਨਾਲ ਤਿਆਰ ਫਸਲਾਂ ਮਨੁੱਖੀ ਸਿਹਤ ਲਈ ਬੇਹੱਦ ਘਾਤਕ ਹਨ। ਇਨ੍ਹਾਂ ਦੇ ਅਸਰ ਇਸ ਪੀੜ੍ਹੀ ਨੂੰ ਤਾਂ ਭੁਗਤਣੇ ਪੈਣੇ ਹੀ ਹਨ ਸਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਭੁਗਤਣ ਲਈ ਮਜ਼ਬੂਰ ਹੋਣਗੀਆਂ। ਉਨ੍ਹਾਂ ਕਿਹਾ ਕਿ ਜਦੋਂ ਦੁਨੀਆਂ ਭਰ ਵਿਚ ਕੀਟਨਾਸ਼ਕ ਜ਼ਹਿਰਾਂ ਦੇ ਹਾਨੀਕਾਰਕ ਨਤੀਜੇ ਸਾਹਮਣੇ ਦੇਖੇ ਜਾਣ ਲੱਗੇ ਤਾਂ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ। ਜ਼ਹਿਰ ਦੇ ਇਨ੍ਹਾਂ ਵਪਾਰੀਆਂ ਨੇ ਆਪਣੇ ਕਾਰੋਬਾਰ ਨੂੰ ਚਲਦਾ ਰੱਖਣ ਲਈ ਜੀ. ਐੱਮ ਤਕਨੀਕ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਕੰਪਨੀਆਂ ਭਾਵੇਂ ਸੱਚ ਨੂੰ ਲੁਕੋਣ ਦੇ ਲਖ ਯਤਨ ਕਰਨ ਪਰ ਕੁਦਰਤ ਨਾਲ ਛੇੜਛਾੜ ਦਾ ਖਮਿਆਜ਼ਾ ਭੁਗਤਣਾ ਹੀ ਪੈਣਾ ਹੈ ਤੇ ਇਸ ਤਕਨੀਕ ਨਾਲ ਤਿਆਰ ਖੁਰਾਕੀ ਫਸਲਾਂ ਦੇ ਨੁਕਸਾਨ ਅਟਲ ਹਨ।
ਉਨ੍ਹਾਂ ਖੁਲਾਸਾ ਕੀਤਾ ਕਿ ਸਾਡੀ ਖੁਰਾਕ ਵਿਚ ਜ਼ਹਿਰਾਂ ਦੀ ਮਾਤਰਾ ਦਿਨੋ ਦਿਨ ਵੱਧਦੀ ਜਾ ਰਹੀ ਹੈ। ਪਸ਼ੂ, ਪੰਛੀਆਂ, ਵਨਸਪਤੀ ਦੀਆਂ ਕਈ ਪ੍ਰਜਾਤੀਆਂ ਦਾ ਅਲੋਪ ਹੋ ਜਾਣਾ ਮਨੁੱਖ ਲਈ ਕਿਸੇ ਵੱਡੀ ਹੋਣੀ ਦਾ ਸੰਕੇਤ ਹੈ, ਜੇਕਰ ਇਸ ਸੰਕੇਤ ਨੂੰ ਵੇਲੇ ਸਿਰ ਸਮਝਿਆ ਨਾ ਗਿਆ ਤਾਂ ਫੇਰ ਬਰਬਾਦੀ ਯਕੀਨੀ ਹੈ।
ਡਾ: ਆਜ਼ਾਦ ਨੇ ਅੱਗੇ ਕਿਹਾ ਕਿ ਅਸਲ ਵਿਚ ਖੇਤੀ ਵਿਚ ਜੀ. ਐੱਮ. ਤਕਨੀਕ ਮਹਿੰਗੀ, ਖਤਰਨਾਕ ਤੇ ਅਸਲੋਂ ਬੇਲੋੜੀ ਹੈ। ਜਿਸ ਦਾ ਇਕੋ ਮਕਸਦ ਹੈ ਨਾ ਸਿਰਫ ਸਾਡੀ ਅਰਥਿਕਤਾ ਸਗੋਂ ਸਮੁੱਚੀ ਜ਼ਿੰਦਗੀ 'ਤੇ ਕਾਬਜ਼ ਹੋਣਾ। ਇਹ ਸਾਰਾ ਕਾਰਾ ਐਟਮਬੰਬ ਤੋਂ ਵੀ ਜ਼ਿਆਦਾ ਖਤਰਨਾਕ ਹੈ। ਇਸ ਲਈ ਇਸ ਦੇ ਖਿਲਾਫ ਖੜ੍ਹੇ ਹੋਣਾ ਲਾਜ਼ਮੀ ਹੈ।
ਕੁਲੀਸ਼ਨ ਫਾਰ ਜੀ. ਐਮ. ਫ੍ਰੀ ਇੰਡੀਆ ਦੀ ਮੈਂਬਰ ਸਕੱਤਰ ਬੀਬੀ ਕਵਿਤਾ ਕੁਰੂਗੰਟੀ ਨੇ ਵੱਖ ਵੱਖ ਸੰਗਠਨਾਂ ਦੇ ਨੁਮਾਂਇੰਦਿਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਜੀ. ਐੱਮ ਤਕਨੀਕ ਗੈਰਕੁਦਰਤੀ, ਗੈਰ ਜ਼ਰੂਰੀ ਤੇ ਅਨਿਸਚਤ ਨਤੀਜਿਆਂ ਵਾਲੀ ਤਕਨਂੀਕ ਹੈ। ਉਨ੍ਹਾਂ ਕਿਹਾ ਕਿ ਬਿਲੁਕਲ ਅਸਬੰਧਤ ਪ੍ਰਾਣੀਆਂ ਦੇ ਜੀਨ ਆਪਸ ਵਿਚ ਮਿਲਾਕੇ ਨਵੀਆਂ ਕਿਸਮਾਂ ਤਿਆਰ ਕਰਨਾ ਕੁਦਰਤ ਦੇ ਨਿਜ਼ਾਮ ਨਾਲ ਛੇੜਛਾੜ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਇਕ ਪ੍ਰਾਣੀ ਦਾ ਜੀਨ ਦੂਜੇ ਪ੍ਰਾਣੀ ਜਾਂ ਫਸਲ ਵਿਚ ਫਿੱਟ ਕਰਨ ਦੇ ਆਹਰ ਵਿਚ ਲੱਗੇ ਵਿਗਿਆਨੀਆਂ ਨੇ ਕੱਲ੍ਹੇ ਕੱਲੇ ਜੀਨ ਦਾ ਕੰਮ ਪਤਾ ਲਾ ਲਿਆ ਹੈ? ਉਨ੍ਹਾਂ ਕਿਹਾ ਕਿ ਵਿਗਿਆਨਕ ਬਿਨਾਂ ਨਤੀਜਿਆਂ ਦੀ ਜਾਣਕਾਰੀ ਦੇ ਹੀ ਜੀਨਾਂ ਨਾਲ ਛੇੜਛਾੜ ਕਰਕੇ ਮਨੁਖਤਾ ਲਈ ਵੱਡੇ ਤੇ ਨਾ ਟਾਲੇ ਜਾਣ ਵਾਲੇ ਖਤਰੇ ਸਹੇੜ ਰਹੇ ਹਨ।
ਬੀਬੀ ਕਵਿਤਾ ਨੇ ਕਿਹਾ ਕਿ ਜੀ.ਐੱਮ ਫਸਲਾਂ ਦੇ ਵਪਾਰ ਵਿਚ ਲੱਗੀਆਂ ਕੰਪਨੀਆਂ ਝੂਠ ਬੋਲਦੀਆਂ ਹਨ ਕਿ ਇਹਨਾਂ ਫਸਲਾਂ ਵਿਚ ਕਿਸਾਨ ਦੀ ਸਮਰਿਧੀ ਲੁਕੀ ਹੈ। ਜਦੋਂ ਕਿ ਅਸਲ ਵਿਚ ਬੀ.ਟੀ. ਨਰਮੇ ਵਾਲੇ ਖੇਤਾਂ ਵਿਚ ਕਣਕ ਦੇ ਝਾੜ ਘਟਣ ਲਗਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਫਸਲਾਂ ਦੇ ਨਤੀਜੇ ਵਜੋਂ ਕੈਂਸਰ ਮਰੀਜਾਂ, ਬਾਂਝ ਜੋੜਿਆਂ, ਅਪੰਗ ਬੱਚਿਆਂ, ਦੀ ਗਿਣਤੀ ਵਿਚ ਚਿੰਤਾਜਨਕ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਜੀ. ਐੱਮ. ਫਸਲਾਂ ਅਜਿਹਾ ਤੇਦੂਆ ਜਾਲ ਹੈ ਜਿਸ ਵਿਚੋਂ ਫੇਰ ਆਦਮੀ ਨਿੱਕਲ ਨਹੀਂ ਸਕਦਾ। ਇਨ੍ਹਾਂ ਫਸਲਾਂ ਲਈ ਉਨ੍ਹਾਂ ਹੀ ਕੰਪਨੀਆਂ ਦੇ ਕੀਟਨਾਸ਼ਕ ਤੇ ਨਦੀਨ ਨਾਸ਼ਕ ਵਰਤਣੇ ਕਿਸਾਨਾਂ ਦੀ ਮਜ਼ਬੂਰੀ ਬਣ ਜਾਂਦੇ ਹਨ। ਇਥੋਂ ਤੱਕ ਕਿ ਪੈਦਾ ਹੋਣ ਵਾਲੀਆਂ ਬੀਮਾਰੀਆਂ ਲਈ ਇਨ੍ਹਾਂ ਹੀ ਕੰਪਨੀਆਂ ਵੱਲੋਂ ਤਿਆਰਸ਼ੁਦਾ ਦਵਾÂਂੀਆਂ ਖਾਣੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਬਦਲ ਦੀ ਅਣਹੋਂਦ ਦੱਸਣ ਵਾਲੇ ਆਪਣੀਆਂ ਅੱਖਾਂ ਖੋਲ੍ਹਣ ਤੇ ਆਂਧਰਾ ਪ੍ਰੇਦਸ਼ ਅੰਦਰ 25 ਲੱਖ Âੈਕੜ ਵਿਚ ਹੋ ਰਹੀ ਰੇਹ-ਸਪ੍ਰੇਹ ਮੁਕਤ ਖੇਤੀ ਨੂੰ ਵੇਖਣ। ਉਨ੍ਹਾਂ ਕਿਹਾ ਜੀ. ਐੱਮ ਫਸਲਾਂ ਸਿਰਫ ਕਿਸਾਨਾਂ ਦਾ ਮੁੱਦਾ ਨਹੀਂ ਇਹ ਹਰ ਆਦਮੀ ਦਾ ਮੁੱਦਾ ਹੈ। ਕਿਉਂਕਿ ਖਾਣਾ ਤਾਂ ਸਾਰੇ ਹੀ ਖਾਂਦੇ ਹਨ।
ਉ੍ਹਨਾਂ ਕਿਹਾ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਲੋਕਾਂ ਦੀ ਰੱਖਿਆ ਲਈ ਸੁਹਿਰਦ ਹੋਣਾ ਚਾਹੀਦਾ ਹੈ ਅਤੇ ਕੇਰਲਾ, ਉੜੀਸਾ ਤੇ ਉਤਰਾਖੰਡ ਆਦਿ ਰਾਜ ਸਰਕਾਰਾਂ ਵਾਂਗ ਆਪਣੇ ਰਾਜ ਵਿਚ ਜੀ. ਐੱਮ. ਫਸਲਾਂ ਦੀ ਮਨਾਹੀ ਕਰ ਦੇਣੀ ਚਾਹੀਦੀ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ ਨੇ ਆਖਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਬੀਟੀ ਬੀਜਾਂ ਦੀ ਸਾਜਿਸ਼ ਤੋਂ ਖਬਰਦਾਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਗਠਨ ਜੀ.ਐੱਮ ਫਸਲਾਂ ਦੇ ਪੂਰੀ ਤਰ੍ਹਾਂ ਖਿਲਾਫ ਹੈ ਤੇ ਜੇ ਲੋੜ ਪਈ ਤਾਂ ਪੰਜਾਬ ਅੰਦਰ ਜੀ. ਐੱਮ.ਫਸਲਾਂ ਦੇ ਟਰਾਇਲ, ਬੀਜਾਂ ਦੀ ਵਿਕਰੀ ਰੋਕਣ ਲਈ ਤਿਖਾ ਸੰਘਰਸ਼ ਵੀ ਵਿੱਢੇਗੀ।
ਇਸ ਮੁੰਿਹਮ ਲਈ ਲੋਕਾਂ ਨੂੰ ਜਾਗ੍ਰਤ ਕਰਨ ਹਿਤ ਜਿਲ੍ਹਾ ਤੇ ਤਹਿਸਲੀ ਪੱਧਰੀ ਮੀਟਿੰਗਾਂ, ਗੋਸ਼ਟੀਆਂ ਕਰਵਾਈਆਂ ਜਾਣਗੀਆਂ। ਇਨ੍ਹਾਂ ਸਾਰੇ ਪ੍ਰੋਗਰਾਮਾਂ ਨੂੰ ਅੰਜ਼ਾਮ ਦੇਣ ਲਈ ਇਕ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿਚ ਅੱਗੋਂ ਹੋਰ ਮੈਂਬਰ ਸ਼ਾਮਲ ਕੀਤੇ ਜਾਂਦੇ ਰਹਿਣਗੇ। ਹਾਲੀਆ ਮੈਂਬਰ ਇਹ ਹਨ : ਓਮੇਂਦਰ ਦੱਤ, ਨਿਰਭੈ ਸਿੰਘ ਢੁੱਡੀਕੇ, ਦਰਸ਼ਨ ਸਿੰਘ ਕੂਹਲੀ, ਪਰਮਿੰਦਰ ਸਿੰਘ, ਮਨਮੋਹਨ ਸ਼ਰਮਾ, ਡਾ: ਸੰਦੀਪ ਜੈਨ, ਕੁਲਤਾਰ ਸਿੰਘ, ਕ੍ਰਿਸ਼ਨ ਸਿੰਗਲਾ, ਵਿਰੇਂਦਰ ਗੁਪਤਾ, ਮਹਿੰਦਰ ਜੈਨ, ਮੱਘਰ ਸਿੰਘ ਕੁਲਰੀਆਂ, ਬਲਕਾਰ ਸਿੰਘ ਡਕੌਂਦਾ।
ਇਸ ਮੌਕੇ ਰਾਕੇਸ਼ ਜੈਨ, ਡਾ: ਸੰਦੀਪ ਜੈਨ, ਮਹਿੰਦਰ ਜੈਨ, ਰਘੁਬੀਰ ਸਿੰਘ, ਪਲਵਿੰਦਰ ਸਿੰਘ ਤੇ ਮਨਮੋਹਨ ਸ਼ਰਮਾ ਨੇ ਵੀ ਆਪੋ ਆਪਣੇ ਸੁਝਾਅ ਰੱਖੇ। ਮੀਟਿੰਗ ਵਿਚ ਇਸ ਮੀਟਿੰਗ ਵਿਚ ਬੀਬੀ ਗਗਨਦੀਪ ਕੌਰ, ਸੁਨੀਲ ਪ੍ਰਭਾਕਰ, ਇੰਦਰਪ੍ਰੀਤ ਸਿੰਘ, ਕ੍ਰਿਸ਼ਨ ਸਿੰਗਲਾ, ਕੁਲਤਾਰ ਸਿੰਘ ਸੰਧਵਾਂ, ਰਾਕੇਸ਼ ਜੈਨ, ਡਾ: ਸੰਦੀਪ ਜੈਨ, ਪਰਮਿੰਦਰ ਸਿੰਘ, ਰਸ਼ਪਾਲ ਸਿੰਘ, ਹਰਮਿੰਦਰ ਸਿੰਘ, ਵਰਿੰਦਰ ਕੁਮਾਰ, ਸ਼ਿਵ ਕੁਮਾਰ, ਮਹਿੰਦਰ ਜੈਨ, ਰਜਿੰਦਰ ਕੁਮਾਰ, ਵਿਪਨ ਕਾਲੇ, ਮਾ: ਜੋੰਿਗੰਦਰ ਆਜ਼ਾਦ, ਪ੍ਰਮੋਦ ਕੁਮਾਰ, ਅਭਿਨੰਦਨ ਜੈਨ, ਕਰਮਜੀਤ ਸਿੰਘ ਫਰੀਦਕੋਟ, ਗੁਰਪ੍ਰੀਤ ਸਿੰਘ, ਗੁਰਬਚਨ ਸਿੰਘ ਆਦਿ ਹਾਜ਼ਰ ਸਨ।

No comments:

Post a Comment